** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

sਵੀਜ਼ਾ ਪ੍ਰਣਾਲੀ ਨੂੰ ਸਰਲ ਕਰਨ ਲਈ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਆਪਣੀ ਫ਼ਰਾਖਦਿਲੀ ਵਿਖਾਉਣ

ਅੰਮ੍ਰਿਤਸਰ ੨੨ ਨਵੰਬਰ (      ) ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨ ਕਰਕੇ ਸਹੀ ਸਲਾਮਤ ਵਾਪਸ ਪਰਤੀਆਂ ਸੰਗਤਾਂ ਲਈ ਦੋਹਾਂ ਸਰਕਾਰਾਂ ਦਾ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਭਾਰਤ-ਪਾਕਿਸਤਾਨ ਦੇ ਆਪਸੀ ਤਣਾਅ ਪੂਰਨ ਹਾਲਾਤਾਂ ਸਮੇਂ ਸਮੁੱਚੀ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਜੋਸ਼ੋ-ਖਰੋਸ਼ ਅਤੇ ਸ਼ਰਧਾ ਨਾਲ ਮਨਾਉਣ ਲਈ ਭਾਰਤ ਤੋਂ ਗਏ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਜਥੇ ਦਾ ਪਾਕਿਸਤਾਨ ਸਰਕਾਰ ਤੇ ਓਕਾਫ ਬੋਰਡ ਦੇ ਅਧਿਕਾਰੀਆਂ ਵੱਲੋਂ ਖੁੱਲ੍ਹੇ ਦਿਲ ਨਾਲ ਸਵਾਗਤ ਕਰਨਾ ਸ਼ਲਾਘਾਯੋਗ ਉਪਰਾਲਾ ਹੈ।ਇਹ ਕਦਮ ਆਉਣ ਵਾਲੇ ਸਮੇਂ ਵਿੱਚ ਦੋਹਾਂ ਮੁਲਕਾਂ ਦੇ ਲੋਕਾਂ ਦਰਮਿਆਨ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ।
ਉਨ੍ਹਾਂ ਕਿਹਾ ਕਿ ਦੋਹਾਂ ਮੁਲਕਾਂ ਵਿੱਚ ਵੱਸਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀਆਂ ਦਿਲੀ ਭਾਵਨਾਵਾਂ ਦੀ ਕਦਰ ਕਰਦਿਆਂ ਭਾਰਤ-ਪਾਕਿਸਤਾਨ ਨੂੰ ਵੀਜ਼ਾ ਪ੍ਰਣਾਲੀ ਨੂੰ ਹੋਰ ਸਰਲ ਕਰਨ ਲਈ ਜਿਥੇ ਆਪਣੀ ਫਰਾਖਦਿਲੀ ਦਾ ਸਬੂਤ ਦੇਣ ਲਈ ਅੱਗੇ ਆਉਣਾ ਚਾਹੀਦਾ ਹੈ, ਉਥੇ ਨਾਲ ਹੀ ਪਾਕਿਸਤਾਨ ਦੀ ਧਰਤੀ ਤੇ ਸਥਾਪਿਤ ਗੁਰਦੁਆਰਾ ਸਾਹਿਬਾਨ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰਵਾਉਣ ਲਈ ਸਾਂਝੇ ਲਾਂਘੇ ਦੇ ਕੌਮਾਂਤਰੀ ਪ੍ਰੋਜੈਕਟ ਉਪਰ ਵੀ ਖੁੱਲ੍ਹਦਿਲੀ ਦਿਖਾ ਕੇ ਕਾਰਜ ਕਰਨ ਵਾਸਤੇ ਆਪਣੀ ਸੁਹਿਰਦ ਸੋਚ ਅਪਨਾਉਣੀ ਚਾਹੀਦੀ ਹੈ। ਪ੍ਰੋ. ਬਡੂੰਗਰ ਨੇ ਜਿਥੇ ਭਾਰਤ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਉਥੇ ਪੰਜਾਬ ਸਰਕਾਰ ਦਾ ਵੀ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨਾਲ ਗੱਲਬਾਤ ਕਰਕੇ ਵੀਜ਼ੇ ਲਗਵਾਉਣ ਵਿਚ ਮਹੱਤਵਪੁਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਇਹ ਇੱਛਾ ਜ਼ਾਹਿਰ ਕੀਤੀ ਕਿ ਭਾਰਤੀ ਪੰਜਾਬ ਤੇ ਪਾਕਿਸਤਾਨ ਪੰਜਾਬ ਦੀ ਆਪਸੀ ਭਾਈਚਾਰਕ ਸਾਂਝ ਤੇ ਪ੍ਰੇਮ ਪਿਆਰ ਇਸੇ ਤਰ੍ਹਾਂ ਹੀ ਬਣਿਆ ਰਹੇ। ਪ੍ਰੋ: ਬਡੂੰਗਰ ਨੇ ਓਕਾਫ ਬੋਰਡ (ਪਾਕਿਸਤਾਨ) ਦੇ ਚੇਅਰਮੈਨ ਮੁਹੰਮਦ ਸਦੀਕ ਉਲ ਫਾਰੂਕ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦੇ ਮੈਂਬਰਾਂ ਦਾ ਵੀ ਜ਼ੋਰਦਾਰ ਸ਼ਬਦਾਂ ਵਿੱਚ ਧੰਨਵਾਦ ਕੀਤਾ, ਜਿਨ੍ਹਾਂ ਦੀ ਪਹਿਲ ਕਦਮੀ ਤੇ ਸੁਹਿਰਦ ਸੋਚ ਸਦਕਾ ਪਿਛਲੇ ਲੰਮੇ ਅਰਸੇ ਤੋਂ ਪਾਕਿਸਤਾਨ ਅੰਦਰ ਬੰਦ ਪਏ ਗੁਰਦੁਆਰਾ ਕਿਆਰਾ ਸਾਹਿਬ ਦੇ ਕਿਵਾੜ ਖੋਲ੍ਹਣ ਅਤੇ ਭਾਈ ਮਰਦਾਨਾ ਜੀ ਦੇ ਘਰ ਨਨਕਾਣਾ ਸਾਹਿਬ ਗੁਰਦੁਆਰਾ ਬਾਲ ਲੀਲਾ ਵਿਖੇ ਯਾਦਗਾਰ ਬਣਾਉੁਣ ਲਈ ਨੀਂਹ ਪੱਥਰ ਰੱਖਿਆ ਗਿਆ।
ਉਨ੍ਹਾਂ ਕਿਹਾ ਕਿ ਓਕਾਫ ਬੋਰਡ ਦਾ ਇਹ ਇਕ ਨਿੱਘਾ ਤੇ ਉੁਸਾਰੂ ਕਦਮ ਹੈ, ਜਿਸ ਲਈ ਪਾਕਿਸਤਾਨ ਦੀ ਸਰਕਾਰ ਤੇ ਓਕਾਫ ਬੋਰਡ ਵਧਾਈ ਦੇ ਪਾਤਰ ਹਨ।ਉਨ੍ਹਾਂ ਇਸ ਦੇ ਨਾਲ ਹੀ ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਗਏ ਸਿੱਖ ਯਾਤਰੂਆਂ ਦੇ ਜਥੇ ਵਿੱਚ ਸ਼ਾਮਲ ਗੁਰਸਿੱਖ ਪ੍ਰੇਮ ਸਿੰਘ ਦੀ ਅਚਾਨਕ ਦਿਲ ਦਾ ਦੌਰਾ ਪੈਣ ਸਦਕਾ ਹੋਈ ਬੇਵਕਤੀ ਮੌਤ ਪ੍ਰਤੀ ਆਪਣੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਦੇ ਸਮੁੱਚੇ ਪਰਿਵਾਰ ਨੂੰ ਅਕਾਲ ਪੁਰਖ ਦਾ ਭਾਣਾ ਮੰਨਣ ਤੇ ਸਿਮਰਨ ਕਰਨ ਦੀ ਤਾਕੀਦ ਕੀਤੀ ਹੈ।