ਅੰਮ੍ਰਿਤਸਰ 6 ਨਵੰਬਰ ( ) ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਜਾਣ ‘ਤੇ ਦੇਸ਼-ਵਿਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ, ਸਭਾ-ਸੁਸਾਇਟੀਆਂ, ਨਿਹੰਗ ਸਿੰਘ ਦਲਾਂ, ਫੈਡਰੇਸ਼ਨਾਂ, ਰਾਜਨੀਤਿਕ ਤੇ ਧਾਰਮਿਕ ਸ਼ਖਸੀਅਤਾਂ ਨੇ ਇਸ ਚੋਣ ‘ਤੇ ਵੱਖ-ਵੱਖ ਤਰੀਕੇ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਸਮੁੱਚੇ ਸਿੱਖ ਪੰਥ ਵਿਚ ਖੁਸ਼ੀ ਦੀ ਲਹਿਰ ਹੈ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੇਸ਼-ਵਿਦੇਸ਼ ਦੀਆਂ ਧਾਰਮਿਕ, ਰਾਜਨੀਤਿਕ, ਸੇਵਾ ਦਲਾਂ, ਫੈਡਰੇਸ਼ਨਾਂ, ਬੁਧੀਜੀਵੀਆਂ, ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਪੁੱਜੀਆਂ ਵਧਾਈਆਂ ਦਾ ਨਿਮਰਤਾ ਸਹਿਤ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਨਿਯੁਕਤੀ ‘ਤੇ ਸਮੁੱਚੇ ਸਿੱਖ ਸਮਾਜ ਵੱਲੋਂ ਬਹੁਤ ਹੀ ਮਾਣ-ਸਤਿਕਾਰ, ਪਿਆਰ ਤੇ ਸਨੇਹ ਸਹਿਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ। ਮੈਂ ਹਰੇਕ ਜਥੇਬੰਦੀ ਤੇ ਨਿੱਜੀ ਤੌਰ ‘ਤੇ ਵੀ ਜਿਸ ਵੀਰ ਨੇ ਮੇਰੇ ਪ੍ਰਧਾਨ ਚੁਣੇ ਜਾਣ ‘ਤੇ ਕੌਮੀ ਭਲੇ ਲਈ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਮੈਂ ਉਨ੍ਹਾਂ ਦਾ ਰੋਮ-ਰੋਮ ਤੋਂ ਧੰਨਵਾਦੀ ਹਾਂ ਤੇ ਆਸ ਕਰਦਾ ਹਾਂ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਮਾਣ-ਸਤਿਕਾਰ, ਪਿਆਰ ਤੇ ਸਹਿਯੋਗ ਨਾਲ ਅਗਵਾਈ ਦਿੰਦੇ ਰਹੋਗੇ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਪੰਥ ਦੇ ਨਿਮਾਣੇ ਸਿੱਖ ਵਜੋਂ ਗੁਰੂ ਮਿਹਰ ਸਦਕਾ ਪੁਰਜ਼ੋਰ ਯਤਨ ਕਰਾਂਗਾ ਕਿ ਵੱਖ-ਵੱਖ ਸਿੱਖ ਸੰਸਥਾਵਾਂ ਵਿਚ ਵਧੀ ਵਿੱਥ ਨੂੰ ਮਿਲਵਰਤਨੀ ਮਾਹੌਲ ਨਾਲ ਪੂਰਿਆ ਜਾ ਸਕੇ ਤੇ ਸਮੂਹ ਸਿੱਖ ਜਥੇਬੰਦੀਆਂ ਤੇ ਸਿੱਖ ਸੰਸਥਾਵਾਂ ਸਿਰ ਜੋੜ ਕੇ ਪੰਥ ਦੇ ਭਲੇ ਤੇ ਚੜ੍ਹਦੀ ਕਲਾ ਲਈ ਇਕੱਤਰ ਹੋ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਵੱਡੀਆਂ ਚੁਣੌਤੀਆਂ ਹਨ, ਜਿਨ੍ਹਾਂ ਦਾ ਸਰਲੀਕਰਨ ਹੋਣਾ ਸਮੇਂ ਦੀ ਲੋੜ ਹੈ। ਗੁਰੂ ਮਿਹਰ ਕਰਨ ਸਿੱਖ ਸੰਗਤ ਦੀ ਅਸੀਸ ਤੇ ਸਹਿਯੋਗ ਨਾਲ ਸਭ ਮਸਲੇ ਸਿਰ ਜੋੜ ਹੱਲ ਹੋ ਜਾਣ। ਉਨ੍ਹਾਂ ਕਿਹਾ ਕਿ ਫਖਰ ਏ ਕੌਮ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਜਨਰਲ ਹਾਊਸ ਸ਼੍ਰੋਮਣੀ ਕਮੇਟੀ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ‘ਤੇ ਭਰੋਸਾ ਪ੍ਰਗਟਾਅ ਕੇ ਇਹ ਸੇਵਾ ਸੌਂਪੀ ਹੈ। ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨਿਮਾਣੇ ਸੇਵਕ ਨੂੰ ਅਗਵਾਈ ਪ੍ਰਦਾਨ ਕਰਨ। ਗੁਰੂ ਮਿਹਰ ਕਰਨ ਮੈਂ ਇਸ ਸੇਵਾ ਨੂੰ ਸੰਗਤ ਦੇ ਸਹਿਯੋਗ ਨਾਲ ਧਰਮ, ਕਰਮ ਤੇ ਕੌਮੀ ਹਿਤਾਂ ਦੀ ਭਾਵਨਾ ਅਨੁਸਾਰ ਕਰ ਸਕਾਂ।