ਜੈਤਸਰੀ ਮਹਲਾ ੫ ਘਰੁ ੩ ਦੁਪਦੇ ੴ ਸਤਿਗੁਰ ਪ੍ਰਸਾਦਿ॥ ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥ ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥੧॥ ਰਹਾਉ ॥ ਸ਼ੁੱਕਰਵਾਰ, ੮ ਚੇਤ (ਸੰਮਤ ੫੫੭ ਨਾਨਕਸ਼ਾਹੀ) ੨੧ ਮਾਰਚ, ੨੦੨੫ (ਅੰਗ: ੭੦੦)

ਅੰਮ੍ਰਿਤਸਰ, ੧੦ ਜੂਨ-  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਰਤਾਨੀਆਂ ਵਿਚ ਹੋਈਆਂ ਸੰਸਦੀ ਚੋਣਾਂ ਦੌਰਾਨ ਪਹਿਲੀ ਵਾਰ ਦਸਤਾਰਧਾਰੀ ਗੁਰਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਚੁਣੇ ਜਾਣ ‘ਤੇ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਂਦਿਆਂ ਕਿਹਾ ਕਿ ਦੁਨੀਆਂ ‘ਚ ਵੱਸਦੇ ਸਿੱਖਾਂ ਦਾ ਇਕ ਵਾਰ ਫਿਰ ਸਿਰ ਫ਼ਖ਼ਰ ਨਾਲ ਉੱਚਾ ਹੋਇਆ ਹੈ, ਜੋ ਕਿ ਸਿੱਖਾਂ ਲਈ ਬੜੇ ਮਾਣ ਵਾਲੀ ਗੱਲ ਹੈ। ਜਾਰੀ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਪਹਿਲੀ ਵਾਰ ਸ. ਤਨਮਨਜੀਤ ਸਿੰਘ ਢੇਸੀ ਦੀ ਯੂ. ਕੇ. ਸੰਸਦੀ ਚੋਣਾਂ ‘ਚ ਜਿੱਤ ਨਾਲ ਸਿੱਖਾਂ ਦੀ ਪਹਿਚਾਣ ਪੂਰੇ ਵਿਸ਼ਵ ਭਰ ਵਿਚ ਹੋਰ ਵਧੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸ. ਢੇਸੀ ਦੇ ਬਰਤਾਨੀਆਂ ਦੀ ਸੰਸਦ ਵਿਚ ਪਹਿਲੀ ਵਾਰ ਸਿੱਖ ਸੰਸਦ ਮੈਂਬਰ ਬਣਨ ਨਾਲ ਦੁਨੀਆਂ ਵਿਚ ਵੱਸਦੇ ਸਿੱਖਾਂ ਅੰਦਰ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਉਹ ਸ. ਤਨਮਨਜੀਤ ਸਿੰਘ ਢੇਸੀ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਪਰਮਾਤਮਾ ਅੱਗੇ ਅਰਦਾਸ ਕਰਨ ਦੇ ਨਾਲ ਨਾਲ ਆਸ ਕਰਦੇ ਹਨ ਕਿ ਉਹ ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਦੇ ਮਸਲਿਆਂ ਦੇ ਹੱਲ ਲਈ ਉਹ ਪਹਿਲ ਕਦਮੀ ਵਿਖਾਉਂਦੇ ਹੋਏ ਭਰਪੂਰ ਕੋਸ਼ਿਸ਼ਾਂ ਕਰਨਗੇ।