ਅੰਮ੍ਰਿਤਸਰ ੩੦ ਦਸੰਬਰ ( ) – ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਘੇ ਪੰਥਕ ਕਵੀ ਪਿੰ੍ਰ: ਚੰਨਣ ਸਿੰਘ ‘ਚਮਨ’ ਹਰਿਗੋਬਿੰਦਪੁਰੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ।
ਜ਼ਿਕਰਯੋਗ ਹੈ ਕਿ ਸਾਹਿਤਿਕ ਪਿੜ ਵਿੱਚ ਵਿਚਰਦਿਆਂ ਹੋਇਆਂ ਪ੍ਰਿੰਸੀਪਲ ਚੰਨਣ ਸਿੰਘ ‘ਚਮਨ’ ਹਰਿਗੋਬਿੰਦਪੁਰੀ ਨੇ ਅਨੋਖੇ ਢੰਗ ਨਾਲ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਰਾਹੀਂ ਸਿੱਖ ਸਾਹਿਤ ਵਿੱਚ ਯੋਗਦਾਨ ਪਾ ਕੇ ਸਿੱਖ ਸੰਗਤ ਅੰਦਰ ਨਵਾਂ ਜੋਸ਼ ਭਰਿਆ ਹੈ।ਉਨ੍ਹਾਂ ਨੇ ਸਾਹਿਤਿਕ ਖੇਤਰ ਵਿੱਚ ਬੇਮਿਸਾਲ ਹਿੱਸਾ ਪਾਇਆ ਹੈ।ਉਨ੍ਹਾਂ ਵੱਲੋਂ ਪੰਥਕ ਕਾਵਿ ਨੂੰ ਉਭਾਰਨ ਲਈ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਦਿਹਾੜੇ ਨੂੰ ਸਮਰਪਿਤ ਸ੍ਰੀ ਪਾਉਂਟਾ ਸਾਹਿਬ ਦੀ ਪਾਵਨ ਧਰਤੀ ਤੇ ਕਰਵਾਏ ਗਏ ਕਵੀ ਦਰਬਾਰ ਦੌਰਾਨ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਸੀ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਆਪਣੀ ਪ੍ਰਭਾਵਸ਼ਾਲੀ ਸ਼ੈਲੀ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਣ ਵਾਲੇ ਪਿੰ੍ਰ: ਚੰਨਣ ਸਿੰਘ ‘ਚਮਨ’ ਹਰਿਗੋਬਿੰਦਪੁਰੀ ਵੱਲੋਂ ਵਿਛੋੜਾ ਦੇ ਜਾਣ ਨਾਲ ਪਰਿਵਾਰ ਤੇ ਪੰਥ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।ਅਕਾਲ ਪੁਰਖ ਦਾ ਭਾਣਾ ਅਟੱਲ ਹੈ ਉਸ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ।ਸਤਿਗੁਰੂ ਅੱਗੇ ਅਰਦਾਸ ਜੋਦੜੀ ਹੈ ਕਿ ਉਹ ਪਿੰ੍ਰ: ਚੰਨਣ ਸਿੰਘ ‘ਚਮਨ’ ਹਰਿਗੋਬਿੰਦਪੁਰੀ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਿੱਛੇ ਪਰਿਵਾਰ ਤੇ ਸਾਕ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।