ਕੀਨੀਆ ਦੇ ਸ਼ਹਿਰ ਨਰੂਬੀ ਵਿਖੇ ਦਸਮੇਸ਼ ਸਮਾਗਮ ਦੌਰਾਨ ਨਗਰ ਕੀਰਤਨ ਸਜਾਇਆ ਗਿਆ
ਧਾਰਮਿਕ ਸਮਾਗਮ ਦੌਰਾਨ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ੧੫ ਮੁਲਕਾਂ ਦੀਆਂ ਸਿੱਖ ਸੰਗਤਾਂ ਨੂੰ ਰਸਭਿੰਨੇ ਕੀਰਤਨ ਰਾਹੀਂ ਨਿਹਾਲ ਕੀਤਾ
ਅੰਮ੍ਰਿਤਸਰ ੪ ਜੁਲਾਈ – ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਨੀਆ ਦੇ ਸ਼ਹਿਰ ਨਰੂਬੀ ਵਿਖੇ ਸਿੱਖ ਸੁਮਰੀਪ ਕੌਂਸਲ ਕੀਨੀਆ ਵੱਲੋਂ ਦਸਮੇਸ਼ ਸਮਾਗਮ ਭਾਈ ਮਹਿੰਦਰ ਸਿੰਘ ਮੁਖੀ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਗਿਆ। ਇਸ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਗਤਕਾ ਟੀਮ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨਾਲ ਸਕੱਤਰ ਸ਼੍ਰੋਮਣੀ ਕਮੇਟੀ ਡਾ. ਰੂਪ ਸਿੰਘ ਨੇ ਇਸ ਧਾਰਮਿਕ ਸਮਾਗਮ ਵਿਚ ਇੱਕ ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਵੱਜੋਂ ਸ਼ਮੂਲੀਅਤ ਕੀਤੀ ਤੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਸੰਦੇਸ਼ ਪੜ੍ਹ ਕੇ ਸੰਗਤਾਂ ਨੂੰ ਸੁਣਾਇਆ ਤੇ ਇਸ ਦੌਰਾਨ ਸਾਰੇ ਧਾਰਮਿਕ ਸਮਾਗਮ ਦੇ ਮੰਚ ‘ਤੇ ਡਾ. ਰੂਪ ਸਿੰਘ ਸਕੱਤਰ ਵੱਲੋਂ ਮੁੱਖ ਬੁਲਾਰੇ ਦੀ ਭੂਮਿਕਾ ਵੀ ਨਿਭਾਈ। ਧਾਰਮਿਕ ਸਮਾਗਮ ਸਬੰਧੀ ਵਿਸ਼ਾਲ ਨਗਰ ਕੀਰਤਨ ਕੀਨੀਆ ਦੇ ਗੁਰਦੁਆਰਾ ਨਾਨਕਸਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿਚ ਸਜਾਇਆ ਗਿਆ, ਜਿਸ ਵਿਚ ਸ਼੍ਰੋਮਣੀ ਕਮੇਟੀ ਦੀ ਗਤਕਾ ਟੀਮ ਨੇ ਜੌਹਰ ਵਿਖਾਏ ਤੇ ਸਿੱਖ ਹੋਂਦ ਹਸਤੀਆਂ ਤੇ ਸਿੱਖ ਸ਼ਕਤੀ ਦਾ ਪ੍ਰਦਰਸ਼ਨ ਕੀਤਾ ਗਿਆ, ਜਿਸ ਦਾ ਸੰਗਤਾਂ ਦੇ ਭਰਪੂਰ ਲਾਹਾ ਲਿਆ।
ਇਸ ਧਾਰਮਿਕ ਸਮਾਗਮ ਸਬੰਧੀ ਜਾਣਕਾਰੀ ਦੇਂਦਿਆਂ ਡਾ. ਰੂਪ ਸਿੰਘ ਸੱਕਤਰ ਸ਼੍ਰੋਮਣੀ ਕਮੇਟੀ ਨੇ ਦੱਸਿਆ ਕਿ ਕੀਨੀਆ ਦੇ ਸ਼ਹਿਰ ਨਰੂਬੀ ਦੀ ਸਿੱਖ ਜੂਨੀਅਨ ਗਰਾਊਂਡ ਵਿਖੇ ਕਰਵਾਉਣ ਸਮੇਂ ਇਥੇ ਵੱਖ-ਵੱਖ ਦੇਸ਼ਾਂ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਡਾ. ਰੂਪ ਸਿੰਘ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨ ਦਰਸ਼ਨ ਤੇ ਵਿਸ਼ੇਸ਼ ਵਿਖਿਆਨ ਦੇਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦਾ ਸੰਦੇਸ਼ ਧਾਰਮਿਕ ਸਮਾਗਮ ਦੌਰਾਨ ਹਜ਼ਾਰਾਂ ਸੰਗਤਾਂ ਨੂੰ ਸੁਣਾਉਂਦਿਆਂ ਸਨਮੁਖ ਕੀਤਾ। ਇਸ ਮੌਕੇ ਸਮਾਗਮ ‘ਚ ਕੀਨੀਆ, ਤਨਜਾਨੀਆ, ਯੁਗਾਡਾ, ਬੋਰਥ ਸਵਾਨਾ, ਮਲਾਵੀ, ਨਜ਼ਰੀਆਂ, ਜਾਬੀਆਂ, ਥੋਪੀਆਂ, ਭਾਰਤ, ਇੰਗਲੈਂਡ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਸਮੇਤ ਸਾਊਥ ਅਫ਼ਰੀਕਾ ਤੋਂ ਸਿੱਖ ਸ਼ਰਧਾਲੂ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ। ਉਨ੍ਹਾਂ ਦੱਸਿਆ ਕਿ ਇਸ ਮੌਕੇ ਸਿੱਖ ਸੁਪਰੀਮ ਕੌਂਸਲ ਕੀਨੀਆ ਵੱਲੋਂ ਇਕ ਇੰਟਰਫੈਅਰ ਕਾਨਫ਼ਰੰਸ ਦਾ ਆਯੋਜਨ ਵੀ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਵੱਖ-ਵੱਖ ਧਰਮਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲੈਂਦਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਨੂੰ ਜਾਣਿਆ ਤੇ ਮਾਣਿਆ। ਉਨ੍ਹਾਂ ਕਿਹਾ ਕਿ ਇਸ ਮੌਕੇ ਦਸਮੇਸ਼ ਸਮਾਗਮ ਵਿਚ ਨਿਰੰਤਰ ਕੀਰਤਨ ਅਤੇ ਕਥਾ ਦਾ ਪ੍ਰਵਾਹ ਸਿੱਖ ਕੌਮ ਦੇ ਮਹਾਨ ਰਾਗੀ ਜਥੇ ਭਾਈ ਮਨਿੰਦਰ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਕੁਲਤਾਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ, ਭਾਈ ਦਵਿੰਦਰਪ੍ਰਤਾਪ ਸਿੰਘ ਅਮਰੀਕਾ, ਭਾਈ ਬਲਵੰਤ ਸਿੰਘ ਨਾਮਧਾਰੀ ਜਥਾ, ਡਾ. ਨਵੇਦਤਾ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਬੀਬੀ ਜਸਕਰਨ ਕੌਰ ਲੁਧਿਆਣਾ, ਪ੍ਰੋ. ਸੁਰਿੰਦਰ ਸਿੰਘ ਰਾਜ ਅਕਾਦਮੀ ਇੰਗਲੈਂਡ, ਨਿਸ਼ਕਾਮ ਸੇਵਕ ਜਥਾ ਬਰਮਿੰਘਮ, ਕੀਨੀਆ ਦਾ ਮਾਕੀਡੋ ਗੁਰਦੁਆਰਾ ਸਾਹਿਬ ਦੇ ਜਥੇ ਨੇ ਕੀਰਤਨ ਦੀ ਛਹਿਬਰ ਲਗਾਉਂਦਿਆਂ ਹਜ਼ਾਰਾਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਧਾਰਮਿਕ ਸਮਾਗਮ ਦੌਰਾਨ ਇਕ ਵਿਸ਼ੇਸ਼ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਕੀਨੀਆ ਦੇਸ਼ ਵਿਚ ਸਿੱਖਾਂ ਵੱਲੋਂ ਮਾਰੀਆਂ ਗਈਆਂ ਮੱਲਾਂ ਅਤੇ ਕੁਰਬਾਨੀਆਂ ਦਾ ਉਲੇਖ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਨਰੂਬੀ ਤੋਂ ੧੯੦ ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਗੁਰਦੁਆਰਾ ਮਾਕੀਡੋ ਤੋਂ ੨੪੫੨ ਪੰਨਿਆਂ ਵਾਲਾ ਵੱਡ-ਆਕਾਰੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਗਤਾਂ ਦੇ ਦਰਸ਼ਨਾਂ ਲਈ ਸਤਿਕਾਰ ਸਹਿਤ ਹੈਲੀਕਾਪਟਰ ਰਾਹੀਂ ਇਥੇ ਲਿਆਂਦਾ ਗਿਆ। ਡਾ. ਰੂਪ ਸਿੰਘ ਨੇ ਦੱਸਿਆ ਕਿ ਨਾਰੂਬੀ ਵਿਖੇ ਧਾਰਮਿਕ ਸਮਾਗਮ ‘ਚ ਪੁੱਜੀਆਂ ਸੰਗਤਾਂ ਨੇ ਮੰਗ ਕੀਤੀ ਕਿ ਅਜਿਹੇ ਸਮਾਗਮ ਯੂਰਪ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਆਦਿ ਦੇਸ਼ਾਂ ਵਿਚ ਕਰਵਾਏ ਜਾਣੇ ਚਾਹੀਦੇ ਹਨ ਤਾਂ ਕਿ ਸਿੱਖੀ ਦੀ ਖ਼ੁਸ਼ਬੋਈ ਤੇ ਨਿਰਮਲ ਵਿਚਾਰਧਾਰਾ ਤੋਂ ਵੱਧ ਤੋਂ ਵੱਧ ਸੰਗਤਾਂ ਲਾਹਾ ਲੈਣ ਸਕਣ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਧਾਰਮਿਕ ਸਮਾਗਮ ਦੇ ਲੰਗਰਾਂ ਤੋਂ ਇਲਾਵਾ ਸੰਤ ਬਾਬਾ ਲਾਭ ਸਿੰਘ ਮੁਖੀ ਕਾਰ-ਸੇਵਾ ਕਿਲ੍ਹਾ ਅਨੰਦਗੜ੍ਹ ਸ੍ਰੀ ਅਨੰਦਪੁਰ ਸਾਹਿਬ ਬਜ਼ੁਰਗ ਅਵਸਥਾ ਵਿਚ ਉਚੇਚੇ ਤੌਰ ‘ਤੇ ਕੀਨੀਆ ਦੀਆਂ ਗ਼ਰੀਬ ਬਸਤੀਆਂ ਜਿਥੇ ਲੋਕ ਭੁੱਖਮਰੀ ਨਾਲ ਮਰ ਰਹੇ ਹਨ, ਉਨ੍ਹਾਂ ਦੀ ਲੋੜ ਅਨੁਸਾਰ ਲੰਗਰ ਤਿਆਰ ਕਰਕੇ ਉਨ੍ਹਾਂ ਨੂੰ ਛਕਾਇਆ ਗਿਆ, ਸਿੱਖਾਂ ਦੇ ਇਸ ਰਹਿਮਦਿਲੀ ਕਾਰਜ ਨੂੰ ਕੀਨੀਆ ਦੇ ਲੋਕਾਂ ਵੱਲੋਂ ਬਹੁਤ ਸਲਾਹਿਆ ਗਿਆ। ਇਥੇ ਦੱਸਣਯੋਗ ਹੈ ਕਿ ਕੀਨੀਆ ਦੀ ਹਾਕੀ ਟੀਮ ਵਿਚ ਸਿੱਖਾਂ ਦਾ ਹਮੇਸ਼ਾਂ ਹੀ ਬੋਲਬਾਲਾ ਰਿਹਾ ਹੈ ਖ਼ਾਸ ਕਰਕੇ ਸ. ਅਵਤਾਰ ਸਿੰਘ ਜਿਨ੍ਹਾਂ ਨੇ ਕੀਨੀਆ ਦੀ ਟੀਮ ਵੱਲੋਂ ਲਗਪਗ ਚਾਰ ਵਾਰ ਹਾਕੀ ਖੇਡੀ ਅਤੇ ਤਿੰਨ ਵਾਰ ਕੀਨੀਆ ਦੀ ਟੀਮ ਵੱਲੋਂ ਅਗਵਾਈ ਕੀਤੀ। ਇਸ ਸਮਾਗਮ ਵਿਚ ਸਾਰੇ ਕੀਨੀਆ ਦੇ ਹਾਕੀ ਖਿਡਾਰੀਆਂ ਸ਼ਮੂਲੀਅਤ ਕਰਕੇ ਦੇਸ਼ਾਂ ਵਿਦੇਸ਼ਾਂ ਤੋਂ ਆਈਆਂ ਸਿੱਖ ਸੰਗਤਾਂ ਦੀ ਸੇਵਾ ਕੀਤੀ। ਸਿੱਖ ਸੰਗਤਾਂ ਨੇ ਸਮਾਗਮ ਦੀ ਸਫ਼ਲਤਾ ਲਈ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਮੁੱਖੀ ਨਿਸ਼ਕਾਮ ਜਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੁਪਰੀਮ ਕੌਂਸਲ ਕੀਨੀਆ ਦਾ ਧੰਨਵਾਦ ਕੀਤਾ। ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਵਾਲੇ ਰਾਗੀ ਜਥਿਆਂ, ਬੁਲਾਰਿਆਂ ਤੇ ਵਿਸ਼ੇਸ਼ ਮਹਿਮਾਨਾਂ ਦਾ ਸਿੱਖ ਸੁਪਰੀਮ ਕੌਂਸਲ ਕੀਨੀਆ ਦੇ ਚੇਅਰਮੈਨ ਸ. ਅਰਵਿੰਦਰ ਸਿੰਘ ਤੇ ਸਾਥੀਆਂ ਵੱਲੋਂ ਵਿਸ਼ੇਸ਼ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕੀਨੀਆ ਦੇ ਨਰੂਬੀ ਸ਼ਹਿਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗਤਕਾ ਟੀਮ ਵੱਲੋਂ ਜਿਥੇ ਗਤਕੇ ਦੇ ਜੌਹਰ ਵਿਖਾਏ ਉਥੇ ੧੦ ਦਿਨ ਕੀਨੀਆ ਦੇ ਨੌਜੁਆਨ ਸਿੱਖਾਂ ਨੂੰ ਖ਼ਾਲਸਾਈ ਖੇਡਾਂ, ਗਤਕੇ ਦੀ ਟਰੇਨਿੰਗ ਵੀ ਦਿੱਤੀ ਗਈ। ਸਮਾਗਮ ਦੀ ਸਮਾਪਤੀ ਸਮੇਂ ਆਤਿਸ਼ਬਾਜ਼ੀ ਵੀ ਚਲਾਈ ਗਈ, ਜਿਸ ਦੇ ਦ੍ਰਿਸ਼ ਮਨਮੋਹਨ ਵਾਲੇ ਸਨ।