ਅੰਮ੍ਰਿਤਸਰ, 10 ਫਰਵਰੀ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਅਤੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਇੱਕ ਪੰਥਕ ਸੇਵਾਦਾਰ ਤੇ ਸਿੱਖ ਚਿੰਤਕ ਹੁੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਅਤੇ ਸਿੱਖ ਕੌਮ ਦੀਆਂ ਅਮੀਰ ਪ੍ਰੰਪਰਾਵਾਂ ‘ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਵਾਲੀ ਸ਼ਖਸੀਅਤ ਹਨ। ਉਨ੍ਹਾਂ ਕਿਹਾ ਕਿ ਪ੍ਰੋ: ਬਡੂੰਗਰ ਵੱਲੋਂ ਸ਼੍ਰੋਮਣੀ ਗੁ:ਪ੍ਰ: ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਸਮੁੱਚੇ ਪੰਥ ਨੂੰ ਇੱਕ ਪਲੇਟਫਾਰਮ ‘ਤੇ ਇਕੱਠਾ ਕਰਨ ਲਈ ਕੀਤੇ ਉਪਰਾਲੇ ਤਹਿਤ ਸਾਰੀਆਂ ਧਿਰਾਂ ਨੂੰ ਮਾਰੀ ਆਵਾਜ਼ ਕੌਮੀ ਪ੍ਰਸੰਗ ਵਿਚ ਵੱਡੇ ਅਰਥ ਰੱਖਦੀ ਹੈ, ਜਿਸਦੀ ਹਰ ਵਰਗ ਵੱਲੋਂ ਸ਼ਲਾਘਾ ਵੀ ਕੀਤੀ ਗਈ ਹੈ। ਪਰ ਕੁਝ ਲੋਕਾਂ ਵੱਲੋਂ ਰਾਜਨੀਤਿਕ ਧੜੇਬੰਦੀਆਂ ਅਧੀਨ ਉਨ੍ਹਾਂ ਦੀ ਬਤੌਰ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ‘ਤੇ ਕਿੰਤੂ ਕਰਨਾ ਸੌੜੀ ਸੋਚ ਦਾ ਪ੍ਰਗਟਾਵਾ ਹੈ।
ਭਾਈ ਗਰੇਵਾਲ ਨੇ ਕਿਹਾ ਕਿ ਡੇਰਾ ਸਿਰਸਾ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੱਤਰ ਮਿਲਣ ਉਪਰੰਤ ਪ੍ਰੋ: ਬਡੂੰਗਰ ਨੇ ਤੁਰੰਤ ਪੜਤਾਲੀਆ ਕਮੇਟੀ ਬਣਾ ਕੇ ਰਿਪੋਰਟ ਦੇਣ ਲਈ ਨਿਰਦੇਸ਼ ਦਿੱਤੇ ਹਨ, ਤਾਂ ਜੋ ਡੇਰੇ ਵਿਚ ਗਏ ਰਾਜਨੀਤਿਕ ਸਿੱਖ ਆਗੂਆਂ ਦੀ ਨਿਸ਼ਾਨਦੇਹੀ ਕਰਕੇ ਪਾਰਦਰਸ਼ੀ ਰਿਪੋਰਟ ਪੇਸ਼ ਕੀਤੀ ਜਾ ਸਕੇ। ਪਰ ਕੁਝ ਲੋਕਾਂ ਵੱਲੋਂ ਇਸ ਮੁਹਿੰਮ ‘ਤੇ ਸ਼ੰਕਾ ਦਾ ਪ੍ਰਗਟਾਵਾ ਕਰ ਕੇ ਆਪਣੀ ਬੌਣੀ ਮਾਨਸਿਕਤਾ ਦਾ ਸਬੂਤ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰੋ: ਬਡੂੰਗਰ ਪੰਥਕ ਰਾਜਨੀਤੀ ਵਿਚ ਆ ਚੁੱਕੇ ਗੰਧਲੇਪਨ ਨੂੰ ਖਤਮ ਕਰ ਕੇ ਪੁਰਾਤਨ ਪ੍ਰੰਪਰਾਵਾਂ ਦੀ ਲੀਹ ਪਾਉਣ ਦੀ ਮਨਸ਼ਾ ਦਾ ਸਤਿਕਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਯਾਦ ਕਰਵਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਰੁਤਬੇ ਦੀ ਮਾਣ ਮਰਿਆਦਾ ਕਾਇਮ ਰੱਖਦਿਆਂ ਪਿਛਲੇ ਦਿਨੀਂ ਲੰਘੀਆਂ ਚੋਣਾਂ ਵਿਚ ਕਿਤੇ ਵੀ ਆਪਣੇ ਅਹੁਦੇ ਨੂੰ ਰਾਜਨੀਤਿਕ ਰਲ਼ਗਡ ਕਰਨ ਤੋਂ ਲਾਂਭੇ ਰੱਖਿਆ ਹੈ। ਭਾਈ ਗਰੇਵਾਲ ਨੇ ਕਿਹਾ ਕਿ ਰਾਜਨੀਤਿਕ ਰੁਤਬੇ ਆਪਣੀ ਥਾਂ ਹਨ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ, ਸਰਵਉੱਚਤਾ ਅਤੇ ਹੁਕਮਨਾਮਿਆਂ ਦੀ ਮਹਾਨਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ, ਜਿਸ ਦਾ ਪਾਲਣ ਪ੍ਰੋ: ਕਿਰਪਾਲ ਸਿੰਘ ਬਡੂੰਗਰ ਬਾਖ਼ੂਬੀ ਕਰ ਰਹੇ ਹਨ। ਉਨ੍ਹਾਂ ਸਮੁੱਚੀਆਂ ਪੰਥਕ ਧਿਰਾਂ ਤੇ ਸਿੱਖ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪ੍ਰੋ: ਬਡੂੰਗਰ ਵੱਲੋਂ ਆਰੰਭੀ ਮੁਹਿੰਮ ਦਾ ਸਾਥ ਦੇਣ।
ਇਸ ਮੌਕੇ ਉਨ੍ਹਾਂ ਨਾਲ ਸ. ਗੁਰਬਖਸ਼ ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ, ਸ. ਕੰਵਲਜੀਤ ਸਿੰਘ ਲਾਲੀ, ਸ. ਦਿਸ਼ਾਦੀਪ ਸਿੰਘ ਵਾਰਿਸ, ਸ. ਵਰਿੰਦਰਜੋਤ ਸਿੰਘ, ਸ. ਅਮਨਜੀਤ ਸਿੰਘ, ਸ. ਸੁਖਦੀਪ ਸਿੰਘ ਸਿਧਵਾਂ ਤੇ ਸ. ਮਨਜੀਤ ਸਿੰਘ ਆਦਿ ਹਾਜ਼ਰ ਸਨ।