ਪੰਚ ਪ੍ਰਧਾਨ : ਪਰੰਪਰਾ ਤੇ ਇਤਿਹਾਸ

‘ਖ਼ਾਲਸਾ ਮੇਰੋ ਸਤਿਗੁਰ ਪੂਰਾ’1 ਕਹਿਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਨੇ ‘ਖ਼ਾਲਸੇ’ ਨੂੰ ਪ੍ਰਤੱਖ ਰੂਪ ਵਿਚ ਗੁਰੂ ਸਵੀਕਾਰ ਲਿਆ ਸੀ। ਖ਼ਾਲਸਾ ਆਪਣੇ ਆਪ ਵਿਚ ਬਹੁ-ਵਾਚਕ ਸ਼ਬਦ ਹੈ, ਜਿਸ ਤੋਂ ਭਾਵ ਗੁਰਸਿੱਖਾਂ ਦੇ ਸਮੂੰਹ ਤੋਂ ਹੈ, ਜਿਸ ਸਮੂੰਹ ਨੂੰ ਘੱਟੋ-ਘੱਟ ਪੰਜਾਂ ਦੀ ਗਿਣਤੀ ਵਿਚ ਮਾਨਤਾ ਹਾਸਲ ਹੈ। ਵਿਅਕਤੀਗਤ ਰੂਪ ਵਿਚ ਗੁਰਸਿੱਖ ਭਾਵੇਂ ਉੱਚ ਅਧਿਆਤਮਿਕ, ਸਮਾਜਿਕ, ਰਾਜਸੀ ਜੀਵਨ ਦਾ ਧਾਰਣੀ ਹੋਵੇ, ਉਸ ਨੂੰ ‘ਗੁਰੂ’ ਵਜੋਂ ਮਾਣ-ਸਤਿਕਾਰ ਦੇਣਾ ਸਿੱਖ ਸਿਧਾਂਤ ਪ੍ਰਤੀ ਅਗਿਆਨਤਾ ਦਾ ਲਖਾਇਕ ਹੈ।
ਗੁਰਸਿੱਖ, ਸੰਗਤ, ‘ਗੁਰੂ-ਪੰਥ’ ਦੀ ਮੂਲ ਇਕਾਈ ਹੈ, ਜਿਸ ਦੀ ਮਾਨਤਾ ਸਦੀਵੀ ਹੈ। ਜਿਵੇਂ ਕਿ ਉੱਪਰ ਵਿਚਾਰ ਕੀਤੀ ਹੈ ਕਿ ‘ਗੁਰੂ-ਪੰਥ’ ਪੰਜਾਂ ਪਿਆਰਿਆਂ ਦੇ ਰੂਪ ਵਿਚ ਸਮੁੱਚੇ ਸਿੱਖ ਸਮਾਜ ਦੀ ਪ੍ਰਤੀਨਿਧਤਾ ਕਰਦਾ ਹੈ। ਪਹਿਲਾਂ-ਪਹਿਲ ਮੰਜੀਦਾਰ, ਮਸੰਦ ਵਿਅਕਤੀਗਤ ਰੂਪ ਵਿਚ ਦੂਰ-ਦੁਰੇਡੇ ਇਲਾਕਿਆਂ ਵਿਚ ਗੁਰੂ ਦੇ ਪ੍ਰਤੀਨਿਧ ਵਜੋਂ ਕਾਰਜਸ਼ੀਲ ਸਨ, ਪਰ ਇਹ ਲੋਕ ਜਲਦੀ ਹੀ ‘ਗੁਰੂ ਹੁਕਮ’ ਨੂੰ ਛੱਡ ਹਉਮੈ ਦਾ ਸ਼ਿਕਾਰ ਹੋ, ਆਪੋ-ਆਪਣੀ ਪੂਜਾ, ਮਾਨਤਾ ਕਰਾਉਣ ਲੱਗ ਪਏ, ਜਿਸ ਕਰਕੇ ਗੁਰੂ-ਘਰ ਵੱਲੋਂ ਇਹ ਪ੍ਰਥਾ ਸਮੇਂ-ਸਮੇਂ ਖ਼ਤਮ ਕਰਨੀਆਂ ਪਈਆਂ। ਕਾਰਨ ? ਇਨ੍ਹਾਂ ਪ੍ਰਤੀਨਿਧ ਸਿੱਖ ਅਖਵਾਉਣ ਵਾਲਿਆਂ ਵਿਚ ਵੀ ਉਹ ਸਾਰੇ ਦੋਸ਼ ਪ੍ਰਗਟ ਹੋ ਗਏ, ਜੋ ਇਕ ਆਮ ਸਮਾਜਿਕ ਪ੍ਰਾਣੀ ਵਿਚ ਹੋ ਸਕਦੇ ਹਨ ਹਾਲਾਂਕਿ ਮੰਜੀਦਾਰ, ਮਸੰਦ ਉੱਚ ਧਾਰਮਿਕ ਜੀਵਨ ਵਾਲੇ ਗੁਰਸਿੱਖ ਨੂੰ ਹੀ ਲਾਇਆ ਜਾਂਦਾ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਵਿਅਕਤੀਗਤ ਕਮਜ਼ੋਰੀਆਂ ਤੋਂ ਨਿਜਾਤ ਪਾਉਣ ਲਈ ਮਸੰਦ ਪ੍ਰਥਾ ਨੂੰ ਖ਼ਤਮ ਕਰ ਕੇ ‘ਪੰਚ ਪ੍ਰਧਾਨੀ’ ਖ਼ਾਲਸਾਈ ਸਿਧਾਂਤ ਨੂੰ ਪ੍ਰਗਟ ਕੀਤਾ, ਜੋ ਮੂਲ ਰੂਪ ਵਿਚ ਪਹਿਲਾਂ ਹੀ ਮੌਜੂਦ ਸੀ।
‘ਪੰਚ’ ਸ਼ਬਦ ਦਾ ਅਰਥ ਚਾਰ ਉੱਪਰ ਇਕ ਭਾਵ ਪੰਜ, ਸਾਧੂ ਜਨ, ਗੁਰਮੁਖ, ਸਿੱਖ ਧਰਮ ਅਨੁਸਾਰ ਪੰਜ ਪਿਆਰੇ, ਰਹਿਣੀ ਦੇ ਪੂਰੇ ਗੁਰਸਿੱਖ ਆਦਿ ਕੀਤੇ ਮਿਲਦੇ ਹਨ। ਪੰਜ ਸ਼ਬਦ ਗਿਣਤੀ ਦਾ ਲਖਾਦਿਕ ਹੈ, ਪਰ ਗੁਰਮਤਿ ਵਿਚਾਰਧਾਰਾ ਤੇ ਇਤਿਹਾਸ ਵਿਚ ਹਮੇਸ਼ਾ ‘ਪੰਜਾਂ’ ਨੂੰ ਮਾਨਤਾ ਹਾਸਲ ਹੈ। ‘ਪੰਜ’ ਘੱਟ ਤੋਂ ਘੱਟ ਸੰਪੂਰਨ ਗਿਣਤੀ ਹੈ, ਜੋ ਹਰ ਤਰ੍ਹਾਂ ਦੇ ਫ਼ੈਸਲੇ ਕਰਨ ਦੇ ਸਮਰੱਥ ਹੈ। ਗੁਰਮਤਿ ਵਿਚਾਰਧਾਰਾ ਵਿਚ ‘ਪੰਜ’ ਦੀ ਗਿਣਤੀ ਸਾਨੂੰ ਬਾਰ-ਬਾਰ ਮਿਲਦੀ ਹੈ, ਜਿਵੇਂ ਪੰਜ ਖੰਡ, ਪੰਜ ਪਿਆਰੇ, ਪੰਜ ਬਾਣੀਆਂ, ਪੰਜ ਕਕਾਰ, ਪੰਜ ਸ਼ਸਤਰ, ਪੰਜ ਗੁਣ, ਪੰਜ ਤਖ਼ਤ, ਪੰਜ ਵਖਤ, ਪੰਜ ਤੱਤ, ਆਦਿ।
ਗੁਰਮਤਿ ਨਿਰਣੈ ਭੰਡਾਰ ਵਿਚ ਗਿਆਨੀ ਲਾਲ ਸਿੰਘ (ਸੰਗਰੂਰ) ਨੇ ‘ਪੰਜ’ ਸ਼ਬਦ ਦੇ 155 ਸਿਰਲੇਖ ਦਿੱਤੇ ਹਨ, ਜੋ ਗਿਣਤੀ ਦੇ ਪੱਖ ਤੋਂ ਸਭ ਤੋਂ ਵਧੇਰੇ ਹਨ।
ਗੁਰਮਤਿ ਵਿਚਾਰਧਾਰਾ ਦੇ ਪਹਿਲੇ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਸਪੱਸ਼ਟ ਕਰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਜੋ ਲੇਖੇ ਵਿਚ ਨਹੀਂ ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ, ਉਸ ਦਾ ਮਿਲਾਪ ਵੀ ‘ਪੰਜ ਗੁਰਸਿੱਖਾਂ’ ਦੀ ਸੰਗਤ ਰਾਹੀਂ ਹੁੰਦਾ ਹੈ, ਪਰ ਪੰਜ ਗੁਰਸਿੱਖ ਅਜਿਹੇ ਚਾਹੀਦੇ ਹਨ, ਜਿਨ੍ਹਾਂ ਵਿਚ ਕੋਈ ਵਲ-ਛਲ ਨਾ ਹੋਵੇ, ਉਨ੍ਹਾਂ ਨੇ ਪਰਪੰਚ ਨੂੰ ਛੱਡਿਆ ਹੋਵੇ ਅਤੇ ਉਹ ਮਨ, ਬਚਨ, ਕਰਮ ਕਰਕੇ ‘ਸ਼ਬਦ’ ਭਾਵ ਬਾਣੀ ਨਾਲ ਜੁੜੇ ਹੋਣ। ਅਜਿਹੇ ‘ਗੁਰਸਿੱਖ’ ਹੀ ਸੰਗਤ ਵਿਚ ਗੁਰ-ਭਾਈਆਂ ਦੀ ਤਰ੍ਹਾਂ ਸੋਭਦੇ ਹਨ:

ਪਰਮੇਸਰ ਹੈ ਪੰਜ ਮਿਲਿ ਲੇਖ ਅਲੇਖ ਨ ਕੀਮਤਿ ਪਾਈ ॥
ਪੰਜ ਮਿਲੇ ਪਰਪੰਚ ਤਜਿ ਅਨਹਦ ਸਬਦ ਸਬਦਿ ਲਿਵ ਲਾਈ ॥
ਸਾਧਸੰਗਤਿ ਸੋਹਨਿ ਗੁਰ ਭਾਈ ॥2

ਭਾਈ ਗੁਰਦਾਸ ਜੀ ਨੇ ਹੋਰ ਸਪੱਸ਼ਟ ਕਰ ਦਿੱਤਾ ਹੈ ਕਿ ਇਕ ਸਿੱਖ, ਦੋ ਮਿਲ ਜਾਣ ਤਾਂ ਸੰਗਤ, ਪੰਜ ਮਿਲਿਆਂ ਉਹ ਪਰਮੇਸ਼ਰ ਸਰੂਪ ਹੋ ਜਾਂਦੇ ਹਨ:

ਇਕੁ ਸਿਖੁ ਦੁਇ ਸਾਧ ਸੰਗੁ ਪੰਜੀਂ ਪਰਮੇਸਰੁ ॥3

ਗੁਰਮਤਿ ਵਿਚਾਰਧਾਰਾ ਦੇ ਜਗਿਅਸੂ ਇਹ ਜਾਣਦੇ ਹਨ ਕਿਪਰਮੇਸ਼ਰ ਨੇ ਆਪ ਹੀ ‘ਪੰਜ’ ਤੱਤ ਪੈਦਾ ਕਰ ਕੇ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ ਤੇ ਫਿਰ ਆਪ ਨਿਰਗੁਣ ਰੂਪ ਵਿਚ ਪੰਜਾਂ ਤੱਤਾਂ ਵਿਚ ਵਿਦਮਾਨ ਹੈ। ਭਾਈ ਗੁਰਦਾਸ ਜੀ ਸਪੱਸ਼ਟ ਕਰਦੇ ਹਨ :

ਪਉਣ ਪਾਣੀ ਬੈਸੰਤਰੋ ਚਉਥੀ ਧਰਤੀ ਸੰਗਿ ਮਿਲਾਈ ॥
ਪੰਚਮਿ ਵਿਚਿ ਆਕਾਸੁ ਕਰਿ ਕਰਤਾ ਛਟਮੁ ਅਦਿਸਟੁ ਸਮਾਈ ॥4

ਗੁਰੂ ਗੋਬਿੰਦ ਸਿੰਘ ਜੀ ਨੇ ‘ਪੰਜਾਂ ਪਿਆਰਿਆਂ’ ਦੀ ਚੋਣ ਕਰ ਕੇ ਪਹਿਲਾਂ ਉਨ੍ਹਾਂ ਨੂੰ ਖੰਡੇ ਬਾਟੇ ਦੀ ਪਾਹੁਲ ਛਕਾਈ ਤੇ ਫਿਰ ‘ਪੰਜਾਂ ਪਿਆਰਿਆਂ’ ਤੋਂ ਖ਼ੁਦ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ, ‘ਪੰਜਾਂ ਪਿਆਰਿਆਂ’ ਨੂੰ ਗੁਰੂ ਰੂਪ ਵਿਚ ਪ੍ਰਵਾਨ ਕਰ ਕੇ ਨਿਰਮਲ ਵਿਚਾਰਧਾਰਾ ਤੇ ਇਤਿਹਾਸ ਦੀ ਸਿਰਜਣਾ ਕੀਤੀ :

ਕਰੀ ਜੁ ਸਤਿਗੁਰ ਪ੍ਰਿਥਮ ਬਿਧ, ਸੋਈ ਪੁਨ ਬਿਧ ਕੀਨ ।
ਪੰਜ ਭੁਚੰਗੀ ਜੋ ਭਏ, ਗੁਰ ਉਨਤੇ ਪਾਹੁਲ ਲੀਨ ।5

ਗੁਰਮਤਿ ਵਿਚਾਰਧਾਰਾ ਇਸ ਗੱਲ ਦੀ ਸ਼ਾਹਦੀ ਭਰਦੀ ਹੈ ਕਿ ‘ਪੰਜ’ ਇਕ ਸੰਪੂਰਨ ਗਿਣਤੀ, ਜੋ ਹਰ ਤਰ੍ਹਾਂ ਦੇ ਫ਼ੈਸਲੇ ਕਰਨ ਦੇ ਸਮਰੱਥ ਹੈ। ਸ਼ਰਤ ਇਹੀ ਹੈ ਕਿ ਫ਼ੈਸਲੇ ਗੁਰਮਤਿ ਦੀ ਰੌਸ਼ਨੀ ਵਿਚ ਲਏ ਗਏ ਹੋਣ :

ਗੁਰਘਰ ਦੀ ਮਰਯਾਦਾ ਪੰਚੁ ਹੈ, ਪੁੰਚਹੁ ਪਾਹੁਲ ਪੂਰਬ ਪੀਨ ।
ਹੁਇ ਤਨਖਾਹੀ ਬਖਸਹਿ ਪੰਚਹੁ, ਪਾਹੁਲ ਦੇ ਮਿਲ ਪੰਚ ਪ੍ਰਬੀਨ…
ਪੰਚ ਕਰਹਿ ਸੋ ਨਿਫਲ ਨ ਚੀਨ ।6
ਪੰਜਾਂ ਤੋਂ ਘੱਟ ਗੁਰਮਤਾ ਨਹੀਂ ਕਰ ਸਕਦੇ। ਗੁਰਮਤੇ ਦਾ ਕੋਰਮ ਪੰਜਾਂ ਦਾ ਹੈ।7

ਇਤਿਹਾਸਕ ਤੌਰ ’ਤੇ ਅਸੀਂ ਦੇਖਦੇ ਹਾਂ ਕਿ ਪਹਿਲੇ ਗੁਰੂ ਸਾਹਿਬਾਨ ਵੀ ਪ੍ਰਮੁੱਖ ਸਿੱਖਾਂ ਨੂੰ ਹਮੇਸ਼ਾ ਨਾਲ ਰਖਦੇ ਸਨ, ਆਮ ਕਰਕੇ ਇਹ ਗਿਣਤੀ ਵੀ ਪੰਜ ਦੀ ਹੀ ਮਿਲਦੀ ਹੈ। ਜਿਵੇਂ ਗੁਰੂ ਅਰਜਨ ਦੇਵ ਜੀ ਪੰਜ ਪਿਆਰੇ ਗੁਰਸਿੱਖ-ਭਾਈ ਬਿਧੀ ਚੰਦ, ਭਾਈ ਜੇਠਾ ਜੀ, ਭਾਈ ਲੰਗਾਹ ਜੀ, ਭਾਈ ਪਿਰਾਣਾ ਤੇ ਭਾਈ ਪੈੜਾ ਜੀ। ਇਸ ਤਰ੍ਹਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਆਤਮ ਗਿਆਨੀ ਪੰਜ ਪਿਆਰੇ ਦੀਵਾਨ ਮਤੀ ਦਾਸ ਜੀ, ਭਾਈ ਗੁਰਦਿੱਤਾ ਜੀ, ਭਾਈ ਦਿਆਲਾ ਜੀ, ਭਾਈ ਉਦਾ ਜੀ ਅਤੇ ਭਾਈ ਜੈਤਾ ਜੀ ਦੇ ਨਾਂ ਦਿੱਤੇ ਹਨ।
ਚਮਕੌਰ ਦੀ ਜੰਗ ਸਮੇਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਭਾਈ ਸੰਤ ਸਿੰਘ ਜੀ ਆਦਿ ਮੁਖੀ ਪੰਜ ਗੁਰਸਿੱਖਾਂ ਨੇ ਵਾਰੋ-ਵਾਰੀ ਗੁਰੂ ਜੀ ਨੂੰ ਬੇਨਤੂ ਕੀਤੀ ਕਿ ਪੰਥ ਦੇ ਭਲੇ ਵਾਸਤੇ ਤੁਸੀਂ ਗੜ੍ਹੀ ’ਚੋਂ ਬਾਹਰ ਨਿਕਲ ਜਾਵੋ, ਆਪ ਦੀ ਸਲਾਮਤੀ ਨਾਲ ਪੰਥ ਦੀ ਸਲਾਮਤੀ ਹੈ। ਪਰ ਗੁਰੂ ਜੀ ਨੇ ਚਮਕੌਰ ਦੀ ਜੰਗ ਵਿਚ ਸ਼ਹਾਦਤ ਪ੍ਰਾਪਤ ਕਰਨ ਦੀ ਇੱਛਾਕਰਨ ’ਤੇ ਉਕਤ ਪੰਜਾਂ ਸਿੰਘਾਂ ਨੇ ਗੁਰੂ ਜੀ ਨੂੰ ਚਮਕੌਰ ਦੀ ਗੜ੍ਹੀ ’ਚੋਂ ਸਹੀ-ਸਲਾਮਤ ਬਾਹਰ ਨਿਕਲ ਜਾਣ ਦਾ ਆਦੇਸ਼ ਕੀਤਾ, ਜਿਸ ਨੂੰ ਗੁਰੂ ਜੀ ਨੂੰ ਵੀ ਪ੍ਰਵਾਨ ਕਰਨਾ ਪਿਆ।
ਗੁਰੂ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਜਗ੍ਹਾ ਬਿਠਾ ਕੇ ਆਪਣਾ ਸਾਰਾ ਪੁਸ਼ਾਕਾ, ਜਿਗਾ ਸਮੇਤ ਪਹਿਨਾ ਦਿੱਤਾ ਅਤੇ ਅਰਦਾਸਾ ਸੋਧ ਕੇ ਬਚਨ ਕੀਤਾ, “ਗੁਰੂ ਖ਼ਾਲਸਾ, ਖ਼ਾਲਸਾ ਗੁਰੂ। ਭਾਈ ਸਿੱਖੋ : ਅੱਜ ਤੋਂ ਮੈਂ ਖ਼ਾਲਸੇ ਨੂੰ ਗੁਰਆਈ ਦੀ ਪਦਵੀ ਦਿੱਤੀ। ਮੈਨੂੰ ਪੰਜਾਂ ਵਿਚ ਪ੍ਰਤੱਖ ਸਮਝੋ, ਪੰਜਾਂ ਸਿੰਘਾਂ ਦਾ ਨਾਮ ਗੁਰੂ-ਖ਼ਾਲਸਾ ਹੈ। ਆਦਿ (ਗੁਰੂ) ਗ੍ਰੰਥ ਜੀ ਅਨੁਸਾਰ “ਪੰਚ ਪਰਵਾਨ ਪੰਚ ਪਰਧਾਨ॥ ਪੰਚੇ ਪਾਵਹਿ ਦਰਗਹਿ ਮਾਨੁ॥”
ਪੰਜਾਂ ਤੋਂ ਘੱਟ ਨਾ ਹੋਣ, ਵੱਧ ਭਾਵੇਂ ਹੋਣ।ਪੰਜ ਸਿੰਘ ਪੀਰਾਂ ਦੇ ਪੀਰ, ਗੁਰੂ ਸਿਰ ਗੁਰੂ ਹੁੰਦੇ ਹਨ, ਇਸੇ ਵਾਸਤੇ ਅਸੀਂ ਪੰਜਾਂ ਨੂੰ ਅੰਮ੍ਰਿਤ ਛਕਾ ਕੇਆਪਣੇ ਨਾਲ ਅਭੇਦ ਕੀਤਾ ਹੈ। ਪੰਜ ਸਿੰਘ ਮਿਲ ਕੇ ਸ਼ੁੱਧ ਮਨ ਨਾਲ ਅਰਦਾਸ ਸੋਧ ਕੇ ਜਿਹਾ ਕਾਰਜ ਕਰਨਾ ਚਾਹੁਣਗੇ, ਉਹੋ ਸਿੱਧ ਹੋਵੇਗਾ।8
ਖ਼ਾਲਸੇ ਨੂੰ ਗੁਰਆਈ ਸੌਂਪਣ ਦਾ ਜਿਕਰ ਭਾਈ ਸੰਤੋਖ ਸਿਂੰਘ ਤੇ ਭਾਈ ਰਤਨ ਸਿੰਘ ਭੰਗੂ ਨੇ ਵੀ ਇਤਿਹਾਸਕ ਗ੍ਰੰਥਾਂ ਵਿਚ ਕੀਤਾ ਹੈ:

ਦਯਾ ਸਿੰਘ ਅਰੁ ਧਰਮ ਸਿੰਘ ਜੀ ਮਾਨ ਸਿੰਘ ਤੀਜੋ ਬਰ ਬੀਰ।
ਸੰਗਤ ਸਿੰਘ, ਸੰਤ ਸਿੰਘ ਪੰਚਮ, ਉਨਹੁਬਿਠਾਯੋ ਦੇ ਕਰ ਧਰਿ।
ਗੁਰਤਾ ਅਰਪਨਿ ਲਗੇ ਖਾਲਸੇ ਪੰਚ ਸਿੰਘ ਤਿਹ ਸੋਹਿਂ ਸਰੀਰ।
ਪੰਚਹੁ ਨਿਤ ਵਰਤਤਿ ਮੈਂ ਹੋ ਮਿਲਹੁ ਸੋ ਪੀਰਨ ਪੀਰ।9
ਹੋਰ :
ਸੱਦ ਖਾਲਸੈ ਕਨਸ (ਡੰਡੋਤ) ਕਰਵਾਈ,
ਸਤਿਗੁਰ ਸਿੰਘਨ ਦਈ ਪਤਿਸਾਹੀ।10

ਔਰੰਗਜੇਬ ਪਾਸ ਜ਼ਫਰਨਾਮਾ ਪਹੁੰਚਾਉਣ ਲਈ ‘ਖ਼ਾਲਸਾ ਪੰਚਾਇਤ’ (ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਦੇਸਾ ਸਿੰਘ, ਭਾਈ ਸ਼ਿਵ ਸਿੰਘ ਤੇ ਭਾਈ ਜੇਠਾ ਸਿੰਘ) ਅਹਿਮਦਨਗਰ ਘੱਲੀ ਗਈ ਸੀ, ਤਾਂ ਕਿ ਖ਼ਾਲਸਾ ਸ਼ਾਹੀ ਦਰਬਾਰਾਂ ਦੇ ਵਰਤੋਂ ਵਿਹਾਰਾਂ ਦਾ ਹਾਣੀ ਹੋ ਸਕੇ।11
ਮੁਗ਼ਲ ਹਕੂਮਤ ਜਬਰ-ਜੁਲਮ ਦੇ ਵਿਰੁੱਧ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਨੂੰ ਪੰਜਾਬ ਭੇਜਿਆ ਤਾਂ ਗੁਰੂ ਜੀ ਨੇ ਉਸ ਨੂੰ ਸੰਸਾਰਕ ਸੱਤਾ ਦੀਆਂ ਨਿਸ਼ਾਨੀਆਂ – ਨਗਾਰਾ, ਝੰਡਾ ਤੇ ਪੰਜ ਤੀਰ ਬਖ਼ਸ਼ਿਸ਼ ਕੀਤੇ, ਗੁਰੂ ਜੀ ਨੇ ਉਸ ਨੂੰ ਵਿਦਾ ਹੋਣ ਸਮੇਂ ਕਿਹਾ, “ਆਪਣੇ ਆਪ ਨੂੰ ਖ਼ਾਲਸੇ ਦਾ ਦਾਸ ਸਮਝ ਕੇ, ਜਿਹੜਾ ਖ਼ਾਲਸਾ ਗੁਰੂ ਰੂਪ ਹੋਵੇਗਾ ਅਤੇ ਉਹ ਸਦਾ ਪੰਜ ਸਿੱਖਾਂ ਦੀ ਜਿਹੜੀ ਉਸ ਦੇ ਨਾਲ ਭੇਜੇ ਗਏ ਹਨ, ਦੀ ਸਲਾਹ ਅਨੁਸਾਰ ਕੰਮ ਕਰੇ।12
ਇਤਿਹਾਸਕ ਵਾਕਿਆਤ ਹੈ ਕਿ ਜਦ ਸਰਦਾਰ ਕਪੂਰ ਸਿੰਘ ਨੂੰ ਪੰਥ ਵਲੋਂ ਨਵਾਬੀ ਬਖ਼ਸ਼ੀ ਜਾਣ ਲਗੀ ਤਾਂ ਉਸ ਨੇ ‘ਖ਼ਾਲਸਾ ਪੰਥ’ ਨੂੰ ਬੇਨਤੀ ਕੀਤੀ ਕਿ ਮੈਂ ਪੰਥ ਦੇ ਹੁਕਮ ਨੂੰ ਪ੍ਰਵਾਨ ਕਰਦਾ ਹੋਇਆ ਨਵਾਬੀ ਲੈਣ ਲਈ ਤਿਆਰ ਹਾਂ, ਪਰ ਮੈਨੂੰ ਨਵਾਬੀ ਬਖ਼ਸ਼ਿਸ਼ ਕਰਨ ਤੋਂ ਪਹਿਲਾਂ ਇਹ ਪੰਜਾਂ ਗੁਰਸਿੱਖਾਂ ਦੇ ਚਰਨਾਂ ਨੂੰ ਲਗਾਈ ਜਾਵੇ ਤਾਂ ਜੁ ਇਹ ਪਵਿੱਤਰ ਹੋ ਸਕੇ। ਪੰਜਾਂ ਸਿੰਘਾਂ ਦੇ ਚਰਨ ਛੂਹ ਪ੍ਰਾਪਤ ਕਰਕੇ ਮਾਨੋ ਸੇਹ (ਖ਼ਰਗੋਸ਼) ਸ਼ੇਰ ਬਣ ਗਿਆ ਤੇ ਰਾਈ ਪਹਾੜ ਬਣ ਗਈ ਹੋਵੇ, ਐਸੀ ਸ਼ਕਤੀ ਹੈ, ਗੁਰੂ-ਦਰ ਤੋਂ ਵਰਸੋਏ ਪੰਜ ਸਿੰਘਾਂ ਦੀ :

ਪੰਜ ਭੁੰਜਗੀਅਨ ਚਰਨੀ ਛੁਹਾਇ, ਧਰੋ ਸੀਸ ਮੋਹਿ ਪਵਿਤ੍ਰ ਕਰਾਇ।
ਪੰਜ ਭੁਜੰਗੀਅਨ ਚਰਨ ਬਲ ਪਾਈ, ਸਿੰਘ ਸਸੋ ਹੋਇ ਪ੍ਰਬਤ ਭਏ ਰਾਈ॥57॥13

ਬਾਬਾ ਪ੍ਰੇਮ ਸਿੰਘ ਹੋਤੀ ਨੇ ਇਨ੍ਹਾਂ ਪੰਜਾਂ ਸਿੰਘਾਂ ਦੇ ਨਿਮਨਲਿਖਤ ਨਾ ਦਿੱਤੇ ਹਨ :

(1) ਭਾਈ ਹਰੀ ਸਿੰਘ ਹਜ਼ੂਰੀਆ;
(2) ਸ੍ਰ: ਜੱਸਾ ਸਿੰਘ ਰਾਮਗੜ੍ਹੀਆ;
(3) ਬਾਬਾ ਦੀਪ ਸਿੰਘ ਸ਼ਹੀਦ;
(4) ਭਾਈ ਕਰਮ ਸਿੰਘ;
(5) ਸ੍ਰ: ਬੁੱਢਾ ਸਿੰਘ ਸ਼ੁਕਰਚੱਕੀਆ।14

ਗੁਰੂ ਗੋਬਿੰਦ ਸਿੰਘ ਜੀ ਦਾ ਖ਼ਾਲਸੇ ਨੂੰ ਆਦੇਸ਼ ਹੈ ਕਿ ਦੀਵਾਨ ਦੀ ਸਮਾਪਤੀ ’ਤੇ ਜੋ ‘ਪ੍ਰਸਾਦਿ’ ਵਰਤੇ, ਉਗ ਸਭ ਤੋਂ ਪਹਿਲਾ ‘ਪੰਜਾਂ ਪਿਆਰਿਆਂ’ ਨੂੰ ਦਿੱਤਾ ਜਾਵੇ। ਗੁਰੂ ਜੀ ਵਲੋਂ ਹੋਏ ਆਦੇਸ਼ ਨੂੰ ਗੁਰਸਿੱਖਾਂ ਨੇ ਪਰੰਪਰਾ ਰੂਪ ਵਿਚ ਕਾਇਮ ਰੱਖਿਆ ਅਤੇ ‘ਗੁਰੂ ਪੰਥ’ ਵੱਲੋਂ ਸਿੱਖ ਰਹਿਤ ਮਰਿਆਦਾ ਦਾ ਅੰਗ ਸਵੀਕਾਰ ਕਰਦਿਆਂ ਸਪੱਸ਼ਟ ਸੰਕੇਤ ਕੀਤਾ, “ਸੰਗਤ ਨੂੰ ਵਰਤਾਉਣ ਤੋਂ ਪਹਿਲਾਂ ਕਢਾਹ ਪ੍ਰਸਾਦਿ ਵਿਚੋਂ ਪੰਜਾਂ ਪਿਆਰਿਆਂ ਦਾ ਗੱਫਾ ਕੱਢ ਕੇ ਵਰਤਾਇਆ ਜਾਵੇ”।15
ਪੰਜ ਪਿਆਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਅੰਮ੍ਰਿਤ-ਅਭਿਲਾਖੀਆਂ ਨੂੰ ਅੰਮ੍ਰਿਤ ਛਕਾਉਣ, ਗੁਰ-ਮੰਤਰ ਤੇ ਮੁਲ-ਮੰਤਰ ਦ੍ਰਿੜ੍ਹ ਕਰਵਾਉਣ ਦੇ ਸਮਰੱਥ ਹਨ। ਸਿੱਖ ਰਹਿਤ ਮਰਆਦਾ ਵਿਚ ਇਸ ਸੰਬੰਧੀਤਾਂ ਸਪਸ਼ੱਟ ਸੰਕੇਤ ਹੈ, “ਉਪਰੰਤ ਪੰਜ ਪਿਆਰੇ ਰਲ ਕੇ ਇਕੋ ਅਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ‘ਵਾਹਿਗੁਰੂ’ ਦਾ ਨਾਮ ਦੱਸ ਕੇ ‘ਮੁਲ ਮੰਤ੍ਰ’ ਸੁਨਾਉਣ ਤੇ ਉਨ੍ਹਾਂ ਪਾਸੋਂ ਇਸ ਦਾ ਰਟਨ ਕਰਾਉਣ”।16
ਉਪ੍ਰੋਕਤ ਇਤਿਹਾਸਕ ਸੰਖੇਪ ਹਵਾਲਿਆਂ ਦੀ ਰੌਸ਼ਨੀ ਵਿਚ ਅਸੀਂ ਕਹਿ ਸਕਦੇ ਹਾਂ ਕਿ ‘ਗੁਰਮਤਿ ਵਿਚਾਰਧਾਰਾ ਤੇ ਇਤਿਹਾਸ’ ਨੇ ‘ਗੁਰੂ-ਪੰਥ’ ਦੇ ਪ੍ਰਤੀਨਿਧਾਂ ਵਜੋਂ ‘ਪੰਜ ਪਿਆਰਿਆਂ’ ਨੂੰ ਹੀ ਪ੍ਰਵਾਨ ਕੀਤਾ ਹੈ। ਇਹ ਗੱਲ ਸਰਵ-ਪ੍ਰਮਾਣਿਤ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਗੁਰੂ-ਪੰਥ ਦੀ ਪ੍ਰਤੀਨਿਧ ਸਰਵਉੱਚ ਸੰਸਥਾ ਹੈ, ਜਿਸ ’ਤੇ ‘ਗੁਰੂ-ਪੰਥ’ ਵੱਲੋਂ ‘ਪੰਜ ਪਿਆਰਿਆਂ’ ਨੂੰ ‘ਗੁਰਮਤਿ ਵਿਚਾਰਧਾਰਾ’ ਦੀ ਰੌਸ਼ਨੀ ਵਿਚ ਹਰ ਤਰ੍ਹਾਂ ਦੇ ਫ਼ੈਸਲੇ ਲੈਣ ਦਾ ਅਧਿਕਾਰ ਹੈ। ਗੁਰਸਿੱਖ ਕਿਉਂਕਿ ‘ਗੁਰੂ ਪੰਥ’ ਦੀ ਮੁਲ ਇਕਾਈ ਹੈ, ਇਸ ਲਈ ਸਿਧਾਂਤਕ ਤੇ ਵਿਵਹਾਰਕ ਤੌਰ ’ਤੇ ‘ਗੁਰੂ-ਪੰਥ’ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਆਦੇਸ਼ਾਂ, ਹੁਕਮਨਾਮਿਆਂ, ਤੇ ਫ਼ੈਸਲਿਆਂ ਨੂੰ ਮੰਨਣਾ ਉਸ ਲਈ ਧਾਰਮਿਕ, ਸਮਾਜਿਕ, ਨੈਤਿਕ ਤੌਰ ’ਤੇ ਜ਼ਰੂਰੀ ਹੈ।
1. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਪੰਨਾ 788. 2. ਭਾਈ ਗੁਰਦਾਸ ਜੀ ਵਾਰਾਂ 29/6 3. ਉਹੀ, 13/19 4. ਉਹੀ, 1/2 5. ਡਾ: ਜੀਤ ਸਿੰਘ ਸੀਤਲ (ਸੰਪਾ.), ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ 78. 6. ਭਾਈ ਸੰਤੋਖ ਸਿੰਘ, ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤ 6, ਅਧਿਆਇ 4)। 7. ਭਾਈ ਕਾਨ੍ਹ ਸਿੰਘ ਨਾਭਾ, ਗੁਰਮਤਿ ਮਾਰਤੰਡ, ਪੰਨਾ 395. 8. ਗਿਆਨੀ ਗਿਆਨ ਸਿੰਘ, ਤਵਾਰੀਖ਼ ਗੁਰੂ ਖ਼ਾਲਸਾ, ਭਾਗ ਪਹਿਲਾ, ਪੰਨਾ 1016 9. ਭਾਈ ਸੰਤੋਖ ਸਿੰਘ, ਗੁਰ ਪ੍ਰਤਾਪ ਸੂਰਜ ਗ੍ਰੰਥ (ਰੁਤ 6, ਅਧਿਆਇ 4)। 10. ਭਾਈ ਰਤਨ ਸਿੰਘ ਭੰਗੂ, ਪੰਥ ਪ੍ਰਕਾਸ਼, ਪੰਨਾ 97. 11. ਪ੍ਰੋ: ਪਿਆਰਾ ਸਿੰਘ ਪਦਮ, ਗੁਰੂ ਕੀਆਂ ਸਾਖੀਆਂ, ਪੰਨਾ 101 12. ਡਾ: ਗੰਡਾ ਸਿੰਘ ਤੇਜਾ ਸਿੰਘ, ਸਿੱਖ ਇਤਿਹਾਸ, ਪੰਨਾ 95. 13. ਡਾ: ਜੀਤ ਸਿੰਘ ਸੀਤਲ (ਸੰਪਾ.), ਸ੍ਰੀ ਗੁਰੂ ਪੰਥ ਪ੍ਰਕਾਸ਼, ਪੰਨਾ 286. 14. ਬਾਬਾ ਪ੍ਰੇਮ ਸਿੰਘ ਹੋਤੀ, ਨਵਾਬ ਕਪੂਰ ਸਿੰਘ, ਪੰਨਾ 47. 15. ਸਿੱਖ ਰਹਿਤ ਮਰਿਆਦਾ, ਪੰਨਾ 18 (ਭਾਗ ੲ)। 16. ਉਹੀ, ਪੰਨਾ 29 (ਭਾਗ ਞ)। ਪੁਸਤਕ ‘ਹੁਕਮਨਾਮੇ ਆਦੇਸ਼ ਸੰਦੇਸ਼… ਸ੍ਰੀ ਅਕਾਲ ਤਖ਼ਤ ਸਾਹਿਬ’ ਵਿਚੋਂ ਧੰਨਵਾਦਿ ਸਹਿਤ।