ਅੰਮ੍ਰਿਤਸਰ 9 ਅਗਸਤ ( ) ਸ਼੍ਰੋਮਣੀ ਕਮੇਟੀ ਦੀ ਬਣੀ ਹੋਈ ਫ਼ਿਲਮ ਕਮੇਟੀ ਵੱਲੋਂ ਫ਼ਿਲਮ ਦੇਖਣ ਉਪਰੰਤ ਦਿੱਤੇ ਸੁਝਾਵਾਂ ਨੂੰ ਬਾਲਾਜੀ ਮੋਸ਼ਨ ਪਿਕਚਰਜ਼ ਲਿਮਟਿਡ ਦੇ ਬੈਨਰ ਹੇਠ ਬਣੀ ਫ਼ਿਲਮ ‘ਫਲਾਇੰਗ ਜੱਟ’ ਦੀ ਨਿਰਮਾਤਾ ਸ਼ੋਭਾ ਕਪੂਰ ਤੇ ਏਕਤਾ ਕਪੂਰ ਨੇ ਪ੍ਰਵਾਨਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸਾ ਦਿੱਤਾ ਹੈ ਕਿ ਇਸ ਫ਼ਿਲਮ ਵਿਚੋਂ ਇਤਰਾਜ਼ਯੋਗ ਦ੍ਰਿਸ਼ ਹਟਾਏ ਜਾਣਗੇ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸੰਸਥਾ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਵਾਲੇ ਨਾਲ ਕੀਤਾ।ਉਨ੍ਹਾਂ ਕਿਹਾ ਕਿ ਪ੍ਰਧਾਨ ਸ਼੍ਰੋਮਣੀ ਕਮੇਟੀ ਵੱਲੋਂ ਫ਼ਿਲਮ ਦੇਖਣ ਤੇ ਸੁਝਾਵਾਂ ਲਈ ਇਕ ਕਮੇਟੀ ਦਾ ਗਠਨ ਕੀਤਾ ਹੋਇਆ ਹੈ ਜੋ ਇਤਰਾਜ਼ਯੋਗ ਫਿਲਮਾਂ ਦਾ ਨਿਰੀਖਣ ਕਰਦੀ ਹੈ।
ਉਨ੍ਹਾਂ ਕਿਹਾ ਕਿ ਫ਼ਿਲਮ ‘ਫਲਾਇੰਗ ਜੱਟ’ ਵਿੱਚ ਕੁਝ ਇਤਰਾਜ਼ਯੋਗ ਦ੍ਰਿਸ਼ ਸਨ ਜਿਸ ਸਬੰਧੀ ਸ਼੍ਰੋਮਣੀ ਕਮੇਟੀ ਦੀ ਟੀਮ ਵੱਲੋਂ ਫ਼ਿਲਮ ਨੂੰ ਪੂਰੀ ਤਰ੍ਹਾਂ ਦੇਖਣ ਉਪਰੰਤ ਆਪਣੀ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਕਿ ਇਸ ਵਿੱਚ ਕਾਫੀ ਸੋਧਾਂ ਦੀ ਜ਼ਰੂਰਤ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਟੀਮ ਨੇ ਫ਼ਿਲਮ ਦੀ ਨਿਰਮਾਤਾ ਨੂੰ ਕਿਹਾ ਹੈ ਕਿ ਉਹ ਫ਼ਿਲਮ ‘ਚ ਵਿਖਾਏ ਗਏ ਅਣਉਚਿਤ ਦ੍ਰਿਸ਼ ਤੁਰੰਤ ਹਟਾਉਣ।ਉਨ੍ਹਾਂ ਕਿਹਾ ਕਿ ਫ਼ਿਲਮ ਦੀ ਨਿਰਮਾਤਾ ਨੇ ਉਨ੍ਹਾਂ ਨੂੰ ਨਿਮਰਤਾ ਪੂਰਵਕ ਵਿਸ਼ਵਾਸ਼ ਦਿੱਤਾ ਹੈ ਕਿ ਉਹ ਸਿੱਖਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਫ਼ਿਲਮ ਵਿਚੋਂ ਇਤਰਾਜ਼ਯੋਗ ਦ੍ਰਿਸ਼ ਹਟਾ ਕੇ ਹੀ ਰਿਲੀਜ਼ ਕਰਨਗੇ।