ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਅੰਮ੍ਰਿਤਸਰ: 15 ਜੂਨ – ਫਿਲਮ ‘ਡਿਸ਼ੂਮ’ ਦੇ ਗਾਣੇ ‘ਚ ਸਿੱਖ ਧਰਮ ਨਾਲ ਸਬੰਧਤ ਕਕਾਰ ਸਿਰੀ ਸਾਹਿਬ ਦੀ ਬੇਅਦਬੀ ਕਰਨ ‘ਤੇ ਫਿਲਮ ਦੇ ਡਾਇਰੈਕਟਰ ਤੇ ਅਦਾਕਾਰਾ ਮੁਆਫੀ ਮੰਗਣ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਕੀਤਾ।

ਉਨ੍ਹਾਂ ਕਿਹਾ ਕਿ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਪੰਜ ਕਕਾਰਾਂ ਵਿਚੋਂ ਸਿਰੀ ਸਾਹਿਬ ਅਹਿਮ ਹੈ ਜਿਸ ਦੀ ਪਵਿੱਤਰਤਾ ਤੇ ਸਤਿਕਾਰ ਦਾ ਉਕਤ ਫਿਲਮ ਦੇ ਗਾਣੇ ਵਿੱਚ ਘੋਰ ਅਪਮਾਨ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਅਦਾਕਾਰਾ ਨਾ ਤਾਂ ਅੰਮ੍ਰਿਤਧਾਰੀ ਹੈ ਤੇ ਨਾ ਹੀ ਉਸ ਨੂੰ ਸਿੱਖ ਧਰਮ ਬਾਰੇ ਕੋਈ ਗਿਆਨ ਹੈ ਕਿਉਂਕਿ ਇਸ ਅਦਾਕਾਰਾ ਨੇ ਕਿਰਦਾਰ ਨਿਭਾਉਂਦੇ ਸਮੇਂ ਸਿਰ ਵੀ ਨਹੀਂ ਢੱਕਿਆ।ਉਨ੍ਹਾਂ ਕਿਹਾ ਕਿ ਇਹ ਕੋਈ ਖੇਡ ਨਹੀਂ ਕਿ ਆਪਣੀ ਅਦਾਕਾਰੀ ਜਾਂ ਫਿਲਮ ਨੂੰ ਚਮਕਾਉਣ ਲਈ ਸਿੱਖ ਧਰਮ ਦੇ ਕਕਾਰਾਂ ਦੀ ਵਰਤੋਂ ਕਰਕੇ ਇਨ੍ਹਾਂ ਦੀ ਬੇਅਦਬੀ ਕੀਤੀ ਜਾਵੇ।ਉਨ੍ਹਾਂ ਕਿਹਾ ਕਿ ਸਿਰੀ ਸਾਹਿਬ ਦੀ ਤੁਲਨਾ ਹਥਿਆਰ ਨਾਲ ਦਰਸਾਉਣੀ ਕਿਸੇ ਵੀ ਕੀਮਤ ਤੇ ਜਾਇਜ਼ ਨਹੀ ਹੈ ਕਿਉਂਕਿ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ।ਉਨ੍ਹਾਂ ਕਿਹਾ ਕਿ ਫਿਲਮ ਦੇ ਡਾਇਰੈਕਟਰ ਤੇ ਅਦਾਕਾਰਾ ਦੀ ਇਸ ਘਿਨਾਉਣੀ ਹਰਕਤ ਨਾਲ ਸਿੱਖ ਮਨ੍ਹਾਂ ‘ਚ ਭਾਰੀ ਰੋਸ ਤੇ ਰੋਹ ਹੈ।

ਉਨ੍ਹਾਂ ਕਿਹਾ ਕਿ ਇਸ ਘਟੀਆ ਹਰਕਤ ਬਦਲੇ ਫਿਲਮ ਡਿਸ਼ੂਮ ਦੇ ਡਾਇਰੈਕਟਰ ਤੇ ਅਦਾਕਾਰਾ ਤੁਰੰਤ ਸਿੱਖ ਸੰਗਤ ਪਾਸੋਂ ਮੁਆਫੀ ਮੰਗਣ। ਉਨ੍ਹਾਂ ਸੈਂਸਰ ਬੋਰਡ ਨੂੰ ਅਪੀਲ ਕੀਤੀ ਕਿ ਉਹ ਉਕਤ ਫਿਲਮ ਦੇ ਡਾਇਰੈਕਟਰ ਸ੍ਰੀ ਰੋਹਿਤ ਧਵਨ ਨੂੰ ਨਿਰਦੇਸ਼ ਦੇਣ ਕਿ ਗਾਣੇ ਵਿਚੋਂ ਸਿਰੀ ਸਾਹਿਬ ਦੇ ਦ੍ਰਿਸ਼ ਅਤੇ ਯੂ ਟਿਊਬ ਤੋਂ ਇਲਾਵਾ ਹੋਰਨਾਂ ਵੈਬਸਾਈਟਾਂ ਤੇ ਅਪਲੋਡ ਹੋ ਚੁੱਕੀ ਵੀਡੀਓ ਨੂੰ ਹਟਾਉਣ।