ਅੰਮ੍ਰਿਤਸਰ, ੧੦ ਜੂਨ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਰਤਾਨੀਆਂ ਵਿਚ ਅੰਮ੍ਰਿਤਧਾਰੀ ਸਿੱਖ ਬੱਚਿਆਂ ਨੂੰ ਕਿਰਪਾਨ ਪਹਿਨ ਕੇ ਥੀਮ ਪਾਰਕ ਵਿਚ ਦਾਖ਼ਲ ਹੋਣ ਤੋਂ ਰੋਕਣ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵੱਸਦੇ ਅੰਮ੍ਰਿਤਧਾਰੀ ਸਿੱਖ ਪਰਿਵਾਰਾਂ ਨੂੰ ਧਾਰਮਿਕ ਚਿੰਨ੍ਹ ਉਤਾਰਨਾ ਲਈ ਕਹਿਣਾ ਬਹੁਤ ਹੀ ਮੰਦਭਾਗਾ ਹੈ। ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਦੀ ਹੈ। ਇਹ ਮਾਮਲਾ ਸਟੈਫ਼ੋਰਡਸ਼ਾਇਰ ਸਥਿਤ ਡ੍ਰੇਟਨ ਮੇਨਰ ਥੀਮ ਪਾਰਕ ਵਿਚ ਉਸ ਸਮੇਂ ਸਾਹਮਣੇ ਆਇਆ ਜਿਥੇ ਇਸ ਪਾਰਕ ਵਿਚ ਲੋਕ ਸੈਰ-ਸਪਾਟੇ ਲਈ ਆਉਂਦੇ ਹਨ, ਉਥੇ ਸਿੱਖ ਬੱਚਿਆਂ ਨੂੰ ਥੀਮ ਪਾਰਕ ਦੇ ਪ੍ਰਬੰਧਕਾਂ ਵੱਲੋ ਕਿਰਪਾਨ ਉਤਾਰ ਕੇ ਪਾਰਕ ਵਿਚ ਦਾਖ਼ਲ ਹੋਣ ਲਈ ਕਿਹਾ ਜਾਣਾ ਪਾਰਕ ਦੇ ਪ੍ਰਬੰਧਕਾਂ ਲਈ ਬਹੁਤ ਮਾੜੀ ਗੱਲ ਹੈ।
ਜਾਰੀ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ। ਉਨ੍ਹਾਂ ਆਪਣੇ ਅੰਮ੍ਰਿਤਧਾਰੀ ਸਿੱਖਾਂ ਨੂੰ ਰਹਿਤ ਵਜੋਂ ਪੰਜ ਕਕਾਰ ਕਛਹਿਰਾ, ਕੰਘਾ, ਕੜ੍ਹਾ, ਕ੍ਰਿਪਾਨ ਤੇ ਕੇਸਾਂ ਦੇ ਧਾਰਨੀ ਬਣਾਇਆ। ਉਨ੍ਹਾਂ ਕਿਹਾ ਕਿ ਸਾਬਤ ਸੂਰਤ ਸਿੱਖ ਲਈ ਕਕਾਰ ਸਰੀਰ ਦੇ ਇਕ ਅੰਗ ਵਾਂਗ ਹੁੰਦੇ ਹਨ ਜਿਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ।ਉਨ੍ਹਾਂ ਕਿਹਾ ਕਿ ਇਕ ਪਾਸੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਪਹਿਚਾਣ ਨੂੰ ਲੈ ਕੇ ਪੈਦਾ ਹੋਏ ਭਰਮ-ਭੁਲੇਖਿਆਂ ਨੂੰ ਦੂਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਵਿਦੇਸ਼ਾਂ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ, ਇਸ ਤੋਂ ਵੱਡੀ ਨਮੋਸ਼ੀ ਹੋਰ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਅਮਨਪਸੰਦ ਸਿੱਖ ਕੌਮ ਦੇ ਧਾਰਮਿਕ ਚਿੰਨ੍ਹਾਂ ਨੂੰ ਅਸ਼ਾਂਤੀ ਤੇ ਅਸੁਰੱਖਿਆ ਨਾਲ ਜੋੜ ਕੇ ਵੇਖਣਾ ਨਹੀਂ ਚਾਹੀਦਾ।
ਉਨ੍ਹਾਂ ਕਿਹਾ ਕਿ ਪਾਰਕ ਅੰਦਰ ਦਾਖ਼ਲ ਹੋਣ ਤੋਂ ਰੋਕੇ ਜਾਣ ਵਾਲਾ ਅੰਮ੍ਰਿਤਧਾਰੀ ਪਰਿਵਾਰ ਦਾ ਮੁੱਖੀ ਅਧਿਆਪਕ ਹੈ, ਜਿਸ ਨੂੰ ਆਪਣੇ ਬੇਟੇ ਦਾ ਜਨਮ ਦਿਨ ਮਨਾਉਣ ਲਈ ਪਾਰਕ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਇਸ ਕਰਕੇ ਨਹੀਂ ਦਿੱਤੀ ਗਈ ਕਿ ਉਨ੍ਹਾਂ ਨੇ ਪਾਰਕ ਪ੍ਰਬੰਧਕਾਂ ਦੇ ਕਹਿਣਾ ‘ਤੇ ਕਿਰਪਾਨ ਨਹੀਂ ਉਤਾਰੀ। ਉਨ੍ਹਾਂ ਕਿਹਾ ਕਿ ਬਰਤਾਨੀਆਂ ਦੀ ਸੰਸਦ ਵਿਚ ਅੰਮ੍ਰਿਤਧਾਰੀ ਸਿੱਖਾਂ ਨੂੰ ਜਾਣ ਦੀ ਇਜਾਜ਼ਤ ਹੈ ਤਾਂ ਇਕ ਥੀਮ ਪਾਰਕ ਦੇ ਪ੍ਰਬੰਧਕ ਸੁਰੱਖਿਆ ਇਸ ਉਪਰ ਪਾਬੰਦੀ ਕਿਵੇਂ ਲਾ ਸਕਦੇ ਹਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਭਾਰਤ ਦੇ ਵਿਦੇਸ਼ ਮੰਤਰੀ ਅਤੇ ਭਾਰਤ ਸਥਿਤ ਬ੍ਰਿਟਿਸ਼ ਦੇ ਹਾਈ ਕਮਿਸ਼ਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਵਿਦੇਸ਼ਾਂ ਵਿਚ ਵੱਸਦੇ ਅੰਮ੍ਰਿਤਧਾਰੀ ਸਿੱਖ ਪਰਿਵਾਰਾਂ ਨੂੰ ਗੁਰੂ ਮਹਾਰਾਜ ਵੱਲੋਂ ਬਖ਼ਸ਼ੇ ਧਾਰਮਿਕ ਚਿੰਨ੍ਹਾਂ ਨੂੰ ਉਤਾਰਨ ਬਾਰੇ ਨਹੀਂ ਕਹਿਣਾ ਚਾਹੀਦਾ।