ਵਿਸ਼ਵ ਭਰ ’ਚ ਕੋਰੋਨਾ ਵਾਇਰਸ ਕਾਰਨ ਹੋਏ ਜਾਨੀ ਨੁਕਸਾਨ ਪ੍ਰਤੀ ਪ੍ਰਗਟਾਈ ਸੰਵੇਦਨਾ
ਅੰਮ੍ਰਿਤਸਰ, 21 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਯੂਕੇ ਵਿਚ ਸਿੱਖ ਡਾਕਟਰ ਸ. ਮਨਜੀਤ ਸਿੰਘ ਰਿਆਤ ਦੀ ਕੋਰੋਨਾ ਵਾਇਰਸ ਕਾਰਨ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਡਾ. ਮਨਜੀਤ ਸਿੰਘ ਰਿਆਤ ਜੋ ਆਪਣੀ ਜੁੰਮੇਵਾਰੀ ਨਿਭਾਉਂਦਿਆਂ ਸੰਸਾਰ ਤੋਂ ਤੁਰ ਗਏ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ। ਇਸ ਦੇ ਨਾਲ ਹੀ ਭਾਈ ਲੌਂਗੋਵਾਲ ਨੇ ਬਰਤਾਨੀਆ ਅੰਦਰ 80 ਦੇ ਕਰੀਬ ਡਾਕਟਰਾਂ, ਨਰਸਾਂ ਤੇ ਹੋਰ ਸਿਹਤ ਕਰਮੀਆਂ ਸਮੇਤ ਪੂਰੇ ਵਿਸ਼ਵ ਵਿਚ ਹੋਏ ਜਾਨੀ ਨੁਕਸਾਨ ਪ੍ਰਤੀ ਵੀ ਸੰਵੇਦਨਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਅੰਦਰ ਕੋਰੋਨਾ ਮਹਾਂਮਾਰੀ ਸਮੇਂ ਵੀ ਸਿਹਤ ਕਰਮੀਆਂ ਵੱਲੋਂ ਆਪਣੀ ਜਾਨ ਖਤਰੇ ਵਿਚ ਪਾ ਕੇ ਮਨੁੱਖਤਾ ਦੇ ਭਲੇ ਲਈ ਸਮਰਪਣ ਭਾਵਨਾ ਨਾਲ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਲੋਕਾਂ ਨੂੰ ਬਚਾਉਣ ਲਈ ਸਿਹਤ ਅਮਲਾ ਤਨਦੇਹੀ ਨਾਲ ਡਿਊਟੀ ਕਰ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਸਾਰੀਆਂ ਹੋਰ ਸੇਵਾਵਾਂ ਵੀ ਇਸ ਔਖੇ ਸਮੇਂ ਸਭ ਲਈ ਸਹਾਈ ਹੋ ਰਹੀਆਂ ਹਨ। ਅਸੀਂ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ।