ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਲੰਗਰ ਘਰ
ਅਤੇ ਸਰਾਂ ਦੀ ਤੀਸਰੀ ਮੰਜ਼ਿਲ ਦਾ ਲੈਂਟਰ ਪਾਇਆ
ਅੰਮ੍ਰਿਤਸਰ, 14 ਮਈ ( )- ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਛਿਆਨਵੇ ਕਰੋੜੀ ਵੱਲੋਂ ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਸੰਗਤਾਂ ਦੀ ਸੁਖ ਸਹੂਲਤ ਲਈ ਤਿਆਰ ਕੀਤੇ ਜਾ ਰਹੇ ਲੰਗਰ ਘਰ ਅਤੇ ਸਰਾਂ ਦੀ ਤੀਸਰੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ, ਜਿਸ ਦੀ ਆਰੰਭਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਨੇ ਕੀਤੀ।
ਇਸ ਮੌਕੇ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਬਾਬਾ ਬਲਬੀਰ ਸਿੰਘ ਦੀ ਅਗਵਾਈ ਵਿਚ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਸਿੱਖੀ ਦੀ ਚੜ੍ਹਦੀ ਕਲਾ ਅਤੇ ਸਿੱਖ ਸੰਗਤਾਂ ਦੀ ਸਹੂਲਤ ਲਈ ਵਡਮੁੱਲੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਲੰਗਰ ਸੁਵਿਧਾ ਲਈ ਲੰਗਰ ਹਾਲ ਅਤੇ ਨਿਵਾਸ ਲਈ ਸਰਾਂ ਦਾ ਕੀਤਾ ਜਾ ਰਿਹਾ ਇਹ ਕਾਰਜ ਸ਼ਲਾਘਾਯੋਗ ਉਪਰਾਲਾ ਹੈ। ਬਾਬਾ ਬਲਬੀਰ ਸਿੰਘ ਦੇ ਉਦਮ ਨੂੰ ਸਾਰਥਿਕ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਬਿਲਡਿੰਗ ਬਣਨ ਨਾਲ ਗੁਰੂ-ਘਰ ਦੇ ਦਰਸ਼ਨਾਂ ਲਈ ਅਈਆਂ ਸੰਗਤਾਂ ਨੂੰ ਲੰਗਰ ਤੇ ਰਿਹਾਇਸ਼ ਦੀ ਵਧੀਆ ਸਹੂਲਤ ਪ੍ਰਾਪਤ ਹੋਵੇਗੀ।
ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਸੰਗਤਾਂ ਦੀ ਸਹੂਲਤ ਲਈ ਤਿਆਰ ਕੀਤੀ ਜਾ ਰਹੀ ਇਸ ਪੰਜ ਮੰਜ਼ਿਲਾ ਇਮਾਰਤ ਵਿਚ ਪਹਿਲੀਆਂ ਦੋ ਮੰਜ਼ਿਲਾਂ ਵਿਚ ਲੰਗਰ ਦਾ ਪ੍ਰਬੰਧ ਹੋਵੇਗਾ ਅਤੇ ਉਪਰਲੀਆਂ ਤਿੰਨ ਮੰਜ਼ਿਲਾਂ ਵਿਚ ਸਰਾਂ ਤਿਆਰ ਕੀਤੀ ਜਾਵੇਗੀ। ਉਨ੍ਹਾਂ ਨੇ ਜਥੇਦਾਰ ਅਵਤਾਰ ਸਿੰਘ ਅਤੇ ਆਈਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਧੰਨਵਾਦ ਕੀਤਾ।
ਇਸ ਮੌਕੇ ਬਾਬਾ ਗੁਰਪਿੰਦਰ ਸਿੰਘ ਵਡਾਲਾ ਗੁਰੂਸਰ ਸਤਲਾਣੀ ਵਾਲੇ, ਬਾਬਾ ਗੱਜਣ ਸਿੰਘ ਨੰਬਰਦਾਰ, ਬਾਬਾ ਵੱਸਣ ਸਿੰਘ ਮੜੀਆ ਵਾਲਾ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਰਜਿੰਦਰ ਸਿੰਘ ਮਹਿਤਾ, ਐਡੀ. ਸਕੱਤਰ ਸ. ਦਿਲਜੀਤ ਸਿੰਘ ਬੇਦੀ ਤੇ ਸ. ਬਿਜੈ ਸਿੰਘ, ਜਥੇਦਾਰ ਭਗਤ ਸਿੰਘ ਇੰਚਾਰਜ ਬੁਰਜ ਅਕਾਲੀ ਫੂਲਾ ਸਿੰਘ, ਆਰਕੀਟੈਕਟ ਸ. ਇੰਦਰਬੀਰ ਸਿੰਘ ਆਦਿ ਹਾਜ਼ਰ ਸਨ।