ਅੰਮ੍ਰਿਤਸਰ 12 ਅਪ੍ਰੈਲ ( ) ਸਿੱਖ ਕੌਮ ਦੇ ਮਹਾਨ, ਸੂਰਬੀਰ ਯੋਧੇ ਬਾਬਾ ਬੰਦਾ ਸਿੰਘ ਬਹਾਦਰ ਦੀ ੩੦੦ ਸਾਲਾ ਸ਼ਹੀਦੀ ਸ਼ਤਾਬਦੀ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਉਣ ਸਬੰਧੀ ਜ਼ਰੂਰੀ ਵਿਚਾਰਾਂ ਕਰਨ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਇਕ ਵਿਸ਼ੇਸ਼ ਇਕੱਤਰਤਾ ੧੫ ਅਪ੍ਰੈਲ ਨੂੰ ਸਵੇਰੇ ੧੧ ਵਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਬੁਲਾਈ ਗਈ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ੩੦੦ ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਵਿਸ਼ੇਸ਼ ਮਾਰਚ ੨੦ ਮਈ ੨੦੧੬ ਨੂੰ ਗੁਰਦੁਆਰਾ ਗੜ੍ਹੀ ਗੁਰਦਾਸ ਨੰਗਲ ਤੋਂ ਸ਼ੁਰੂ ਹੋਵੇਗਾ ਜੋ ਵੱਖ-ਵੱਖ ਰਾਜਾਂ ਤੋਂ ਹੁੰਦਾ ਹੋਇਆ ੨੯ ਮਈ ੨੦੧੬ ਨੂੰ ਗੁਰਦੁਆਰਾ ਮਹਿਰੌਲੀ ਦਿੱਲੀ ਵਿਖੇ ਸੰਪੰਨ ਹੋਵੇਗਾ।ਉਨ੍ਹਾਂ ਕਿਹਾ ਕਿ ਇਸ ਮਾਰਚ ਸਬੰਧੀ ਅਗਲੇਰੇ ਪ੍ਰਬੰਧ ਕਰਨ ਲਈ ਧਰਮ ਪ੍ਰਚਾਰ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਅੰਮ੍ਰਿਤਸਰ ਵਿਖੇ ੧੫ ਅਪ੍ਰੈਲ ਨੂੰ ਸਵੇਰੇ ੧੧ ਵਜੇ ਇਕੱਤਰਤਾ ਬੁਲਾਈ ਗਈ ਹੈ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਦੇ ਸਾਰੇ ਪ੍ਰਚਾਰਕਾਂ ਨੂੰ ਇਸ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਹੈ।