** ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ** ** ਸਮੁੱਚੀ ਨਾਨਕ ਨਾਮ ਲੇਵਾ ਸੰਗਤ ਨੂੰ ਚੇਤ ਸੰਗਰਾਂਦ ਦੇ ਪਵਿੱਤਰ ਦਿਹਾੜੇ ’ਤੇ ਨਵੇਂ ਨਾਨਕਸ਼ਾਹੀ ਵਰ੍ਹੇ ਸੰਮਤ 557 ਦੀਆਂ ਲੱਖ-ਲੱਖ ਵਧਾਈਆਂ **

ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ‘ਚ ਲਏ ਗਏ ਅਹਿਮ ਫੈਸਲੇ

DPC_9204DPC_9230ਅੰਮ੍ਰਿਤਸਰ 21 ਜੁਲਾਈ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਗੁਰਦੁਆਰਾ ਪਾਤਸ਼ਾਹੀ ਛੇਵੀਂ ਤੇ ਦਸਵੀਂ, ਦੇਗਸਰ, ਕਟਾਣਾ ਸਾਹਿਬ, ਲੁਧਿਆਣਾ ਦੇ ਇਕੱਤਰਤਾ ਘਰ ਵਿਖੇ ਹੋਈ। ਜਿਸ ਵਿੱਚ ਅਮਲਾ ਵਿਭਾਗ, ਟਰੱਸਟ ਵਿਭਾਗ, ਵਿਦਿਅਕ ਅਦਾਰੇ ਅਤੇ ਸੈਕਸ਼ਨ ੮੫ ਤੇ ੮੭ ਦੇ ਗੁਰਦੁਆਰਾ ਸਾਹਿਬਾਨ ਦੇ ਕੇਸਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਕੱਤਰਤਾ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਕਰਕੇ ਕੀਤੀ ਗਈ।ਅੱਜ ਦੀ ਇਕੱਤਰਤਾ ‘ਚ ਸੰਤ ਜਸਵੀਰ ਸਿੰਘ ਖਾਲਸਾ (ਕਾਲਾਮਲ੍ਹਾ) ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਲ ਚਲਾਣੇ ਤੇ ਇਕ ਸ਼ੋਕ ਮਤੇ ਰਾਹੀਂ ਸ਼ਰਧਾਂਜਲੀ ਦਿੱਤੀ ਗਈ।
ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਅੱਜ ਅੰਤਿੰਗ ਕਮੇਟੀ ਦੀ ਇਕੱਤਰਤਾ ‘ਚ ਫੈਸਲਾ ਕੀਤਾ ਗਿਆ ਹੈ ਕਿ ਅਕਾਲ ਚਲਾਣਾ ਕਰ ਗਏ ਸੰਤ ਜਸਵੀਰ ਸਿੰਘ ਖਾਲਸਾ (ਕਾਲਾਮਲ੍ਹਾ) ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਯਾਦ ਵਿੱਚ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਤਸਵੀਰ ਲਗਾਈ ਜਾਵੇਗੀ ਅਤੇ ਇਨ੍ਹਾਂ ਦੇ ਨਾਮ ‘ਤੇ ਸਥਾਪਿਤ ਲਾਇਬ੍ਰੇਰੀ ਨੂੰ ੫੦ ਹਜ਼ਾਰ ਰੁਪਏ ਦਿੱਤੇ ਜਾਣਗੇ।ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ (ਵੱਲ੍ਹਾ) ਅੰਮ੍ਰਿਤਸਰ ਨੂੰ ਪੰਜਾਬ ਦੀ ਪਹਿਲੀ ਮੈਡੀਕਲ ਯੂਨੀਵਰਸਿਟੀ (ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਸਾਇੰਸਜ਼) ਦਾ ਦਰਜਾ ਦੇਣ ਲਈ ਧੰਨਵਾਦ ਕੀਤਾ ਅਤੇ ਸੰਸਥਾ ਦੇ ਸਮੂਹ ਅਹੁਦੇਦਾਰਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ਦੂਜੀ ਯੂਨੀਵਰਸਿਟੀ ਬਣਾਉਣ ਲਈ ਕੀਤੇ ਗਏ ਅਣਥੱਕ ਯਤਨਾਂ ਦੀ ਸਰਾਹਨਾ ਕੀਤੀ।ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਸੰਗਤ ਸਿੰਘ ਜੀ ਦੇ ਨਾਮ ਅਤੇ ਚਮਕੌਰ ਸਾਹਿਬ ਦੀ ਜੰਗ ਵਿੱਚ ਸ਼ਹੀਦ ਹੋਣ ਵਾਲੇ ੪੦ ਸਿੰਘਾਂ ਦੀ ਯਾਦ ਨੂੰ ਸਮਰਪਿਤ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸਾਹਿਬ ਤੇ ਅਜਾਇਬ ਘਰ ਦੀ ਉਸਾਰੀ ਕੀਤੀ ਜਾਵੇਗੀ।ਫਤਹਿਗੜ੍ਹ ਸਾਹਿਬ ਵਿਖੇ ਉਸਾਰੇ ਜਾ ਰਹੇ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਮਿਊਜ਼ੀਅਮ ਦੇ ਇਕ ਹਿੱਸੇ ਅੰਦਰ ਬਾਬਾ ਸੰਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਜੀਵਨ ਆਧਾਰਤ ਚਿਤਰ ਪ੍ਰਦਰਸ਼ਨੀ ਹੋਵੇਗੀ।ਫਤਹਿਗੜ੍ਹ ਸਾਹਿਬ ਵਿਖੇ ਯਾਦਗਾਰ ਉਸਾਰੀ ਜਾਵੇਗੀ ਅਤੇ ਨਾਲ ਹੀ ਸੁੰਦਰ ਲੈਂਡ ਸਕੇਪਿੰਗ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਦਰਸਾਏਗੀ।ਉਨ੍ਹਾਂ ਕਿਹਾ ਕਿ ਸਿੱਖੀ ਦੇ ਪ੍ਰਚਾਰ-ਪ੍ਰਸਾਰ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਆਉਂਦੇ ਸਮੂਹ ਮਿਸ਼ਨਰੀ ਕਾਲਜਾਂ, ਵਿਦਿਆਲਿਆਂ ਦੇ ਵਿਦਿਆਰਥੀਆਂ, ਗੁਰਦੁਆਰਾ ਸਾਹਿਬਾਨ ਵਿੱਚ ਸੇਵਾ ਨਿਭਾਅ ਰਹੇ ਰਾਗੀ ਸਿੰਘਾਂ, ਗ੍ਰੰਥੀ ਸਿੰਘਾਂ ਅਤੇ ਪ੍ਰਚਾਰਕਾਂ ਲਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆਂ ਲੈਣੀ ਲਾਜ਼ਮੀ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਲਈ ਇਕ ਰਿਫਰੈਸ਼ਰ ਕੋਰਸ ਦੀ ਆਰੰਭਤਾ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਸ੍ਰੀ ਅਤਰ ਸਿੰਘ ਦੀ ਪੁੱਤਰੀ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ: ਮਸਤਾਨ ਸਿੰਘ ਦੀ ਭਾਣਜੀ ਅਤੇ ਸ੍ਰ: ਬਿਸ਼ਨ ਸਿੰਘ ਦੀ ਭਤੀਜੀ ਬੀਬੀ ਅਜਮਨਜੀਤ ਕੋਰ ਨੇ ਲਾਹੋਰ ਬੋਰਡ ਦੀ ਦਸਵੀ ਜਮਾਤ ਦੇ ਸਲਾਨਾ ਇਮਤਿਹਾਨ ਵਿੱਚ ੧੧੦੦ ਚੋਂ ੧੦੪੭ ਨੰਬਰ ਲੈ ਕੇ ਨਨਕਾਣਾ ਸਾਹਿਬ ਵਿੱਚ ਵਸਦੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ ਹੈ।ਮੈਂ ਅਜਮਤਜੀਤ ਕੌਰ ਨੂੰ ਉਸ ਦੀਆਂ ਵਿਦਿਆ ਪ੍ਰਤੀ ਕੀਤੀਆਂ ਵਡਮੁੱਲੀਆਂ ਪ੍ਰਾਪਤੀਆਂ ਲਈ ਹਾਰਦਿਕ ਮੁਬਾਰਕਬਾਦ ਦੇਂਦਾ ਹਾਂ।ਉਨ੍ਹਾਂ ਇਸ ਸਿੱਖ ਬੱਚੀ ਨੂੰ ਪਾਕਿਸਤਾਨ ਵਿੱਚ ਰਹਿੰਦੇ ਹੋਏ ਸਿੱਖ ਕੌਮ ਦਾ ਮਾਣ ਵਧਾਉਣ ਲਈ ਸਿੱਖਾਂ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਵੱਲੋਂ ੧ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ।ਉਨ੍ਹਾਂ ਪਾਕਿਸਤਾਨ ਵਿੱਚ ਸ. ਪੂਰਨ ਸਿੰਘ ਨਾਮੀ ਸਾਬਤ ਸੂਰਤ ਸਿੱਖ ਨੌਜਵਾਨ ਦੇ ਬਤੌਰ ਪਹਿਲਾ ਬੈਂਕ ਮੈਨੇਜਰ ਨਿਯੁਕਤ ਹੋਣ ਤੇ ਸਿੱਖ ਕੌਮ ਨੂੰ ਵਧਾਈ ਦਿੱਤੀ।
ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਅਨਮੋਲ ਹੀਰੇ ਸਿਕਲੀਗਰ ਸਿੱਖ ਵਣਜਾਰਿਆਂ ਦੇ ਬੱਚਿਆਂ ਨੂੰ ਉੱਚ ਪੱਧਰ ਦੀ ਵਿਦਿਆ ਦਵਾਉਣ ਦੇ ਮਨੋਰਥ ਨਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਜੈਵਾੜਾ ਵਿਖੇ ਚੱਲ ਰਹੇ ਸਕੂਲ ਵਿੱਚ ਵਿਦਿਆ ਪ੍ਰਾਪਤ ਕਰ ਰਹੇ ੫੮ ਵਿਦਿਆਰਥੀਆਂ ਅਤੇ ਦਨਕੁੱਲਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਾਲਜ ਦੇ ੩ ਸਿਕਲੀਗਰ ਸਿੱਖ ਵਿਦਿਆਰਥੀਆਂ ਦੀ ਸਮੁੱਚੀ ਫੀਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾ ਵੀ ਸਿਕਲੀਗਰ ਸਿੱਖਾਂ ਨੂੰ ਸਹਾਇਤਾ ਦਿੱਤੀ ਜਾਂਦੀ ਰਹੀ ਹੈ।ਉਨ੍ਹਾਂ ਕਿਹਾ ਕਿ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਵੱਲੋਂ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਨੂੰ ਤਸਦੀਕ ਕਰਨ ਲਈ ਕਿਹਾ ਗਿਆ ਹੈ।ਇਸ ਲਈ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰ ਸਿੱਖਾਂ ਨੂੰ ਸਰਟੀਫਿਕੇਟ ਜਾਰੀ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਾਕਾ ਨੀਲਾ ਤਾਰਾ ਸਮੇਂ ਬੈਰਕਾਂ ਛੱਡਣ ਵਾਲੇ ੨੮੫ ਧਰਮੀ ਫੌਜੀਆਂ ਜਿਨ੍ਹਾਂ ਨੇ ਕੋਰਟ ਮਾਰਸ਼ਲ ਦੌਰਾਨ ਕਈ ਸਾਲ ਜੇਲ੍ਹਾਂ ਵਿੱਚ ਸਜ਼ਾਵਾਂ ਕੱਟੀਆਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਯੋਗਤਾ ਦੇ ਆਧਾਰ ਤੇ ਨੌਕਰੀ ਦਾ ਰਾਖਵਾਂ ਕੋਟਾ ਨਿਸ਼ਚਿਤ ਕਰਨ ਅਤੇ ਉਕਤ ਧਰਮੀ ਫੌਜੀਆਂ ਨੂੰ ਹਰ ਸਾਲ ੫੦ ਹਜ਼ਾਰ ਰੁਪਏ ਸਹਾਇਤਾ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।
ਇਕੱਤਰਤਾ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਤਖ਼ਤ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਧਰਮ ਪ੍ਰਚਾਰ ਕਮੇਟੀ ਦੇ ਕਾਰਜਾਂ ਲਈ ੨੫ ਲੱਖ ਰੁਪਏ ਦੀ ਸਹਾਇਤਾ ਦੇਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਲਈ ੨ ਬੱਸਾਂ ਅਤੇ ਦੋ ਐਸ ਯੂ ਵੀ ਕਾਰਾਂ ਸਮੇਤ ੨ ਕਰੋੜ ਦੀ ਰਾਸ਼ੀ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਮਾਡਲ ਸਕੂਲ, ਸੋਨੀਪਤ (ਹਰਿਆਣਾ) ਨੂੰ ਸਕੂਲ ਲਈ ੨ ਲੱਖ ਰੁਪਏ ਦੀ ਸਹਾਇਤਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਤਿੰਨ ਸਚਿੱਤਰ ਪੁਸਤਕਾਂ ‘ਬਾਬਾ ਬੰਦਾ ਸਿੰਘ ਬਹਾਦਰ’ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ), ‘ਜੰਗਾਂ ਗੁਰੂ ਪਾਤਸ਼ਾਹਾਂ ਦੀਆਂ’ ਅਤੇ ਗੁਰੂ ਹਰਿਗੋਬਿੰਦ ਸਾਹਿਬ’ (ਸਚਿੱਤਰ ਜੀਵਨੀ) ਪੰਜਾਬੀ ਭਾਸ਼ਾ ਵਿੱਚ ਬਹੁਰੰਗੀ ਛੋਟੇ ਸਾਈਜ਼ ਵਿੱਚ ਤਿਆਰ ਕਰਵਾ ਕੇ ਭੇਟਾ ਰਹਿਤ ਵੰਡੀ ਜਾਵੇਗੀ।ਉਨ੍ਹਾਂ ਕਿਹਾ ਕਿ ਆਲਮਗੀਰ ਸੀਨੀਅਰ ਸਿਟੀਜਨਜ਼ ਵੈਲਫੇਅਰ ਐਸੋਸੀਏਸ਼ਨ ਲੁਧਿਆਣਾ ਨੂੰ ਭਾਈ ਨਗਾਹੀਆ ਜੀ ਦੀ ਯਾਦ ਵਿੱਚ ਇਕ ਹਾਲ ਬਣਾਉਣ ਲਈ ੧ ਲੱਖ ਰੁਪਏ ਸਹਾਇਤਾ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਰੀਸਰਚ ਬੋਰਡ ਅਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿਖੇ ੧.੩ ਮੈਗਾ ਪਿਕਸਲ ਆਈ ਆਰ ਆਈ ਪੀ ਵਾਲੇ ੧੨ ਕੈਮਰੇ ਲਾਉਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ੧੯੯੨ ਵਿੱਚ ਫਰਜੀ ਪੁਲਿਸ ਮੁਕਾਬਲੇ ਦੌਰਾਨ ਸ਼ਹੀਦ ਹੋਏ ਸ. ਮਹਿੰਦਰ ਸਿੰਘ ਦੇ ਸਪੁੱਤਰ ਸ. ਪਰਮਦੀਪ ਸਿੰਘ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨੌਕਰੀ ਦੇਣ ਨੂੰ ਪ੍ਰਵਾਨਗੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਵੱਲੋਂ ਚਿੰਤਾ ਵਿਅਕਤ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨੀ ਡਿਓੜੀ ਦੀ ਛੱਤ ਵਿਚੋਂ ਆ ਰਹੀ ਸੈਲਾਬ ਕਾਰਨ ਮੀਨਾਕਾਰੀ ਪ੍ਰਭਾਵਿਤ ਹੋ ਰਹੀ ਹੈ ਮੀਨਾਕਾਰੀ ਦੁਬਾਰਾ  ਕਰਵਾਉਣ ਹਿਤ ਸੇਵਾ ਕਰਵਾਈ ਜਾਵੇਗੀ।ਇਸੇ ਤਰ੍ਹਾਂ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣੇ ਵੱਖ-ਵੱਖ ਨਿਵਾਸਾਂ ਸ੍ਰੀ ਗੁਰੂ ਰਾਮਦਾਸ ਨਿਵਾਸ, ਮਾਤਾ ਗੰਗਾ ਜੀ ਨਿਵਾਸ, ਸ੍ਰੀ ਗੁਰੂ ਅਰਜਨ ਦੇਵ ਨਿਵਾਸ, ਮਾਤਾ ਭਾਗ ਕੌਰ ਨਿਵਾਸ ਦੇ ਬਾਥਰੂਮ ਦੀ ਮੁਰੰਮਤ ਅਤੇ ਸਮੁੱਚੀਆਂ ਇਮਾਰਤਾਂ ਨੂੰ ਰੰਗ-ਰੋਗਨ ਕਰਵਾਉਣ ਦੀ ਸੇਵਾ ਕਾਰ ਸੇਵਾ ਵਾਲੇ ਬਾਬਿਆਂ ਤੋਂ ਕਰਾਉਣ ਦਾ ਫੈਸਲਾ ਹੋਇਆ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਨਾਲ ਸਬੰਧਤ ਗੁਰਦੁਆਰਾ ਸ੍ਰੀ ਹੱਟ ਸਾਹਿਬ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ ਓਠੀਆਂ (ਗੁਰਦਾਸਪੁਰ) ਵਿਖੇ ਪੁਰਾਤਨ ਖੂਹ (ਬਾਉਲੀ) ਤੇ ਇਤਿਹਾਸਕ ਖੂਹ ਦੇ ਸੁੰਦਰੀਕਰਨ ਦੀ ਸੇਵਾ ਕਾਰ ਸੇਵਾ ਵਾਲੇ ਸੰਤਾਂ ਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਦੇਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬ੍ਹੋ (ਬਠਿੰਡਾ) ਨਾਲ ਸਬੰਧਤ ਗੁਰਦੁਆਰਾ ਸਾਹਿਬ ਪਿੰਡ ਮਲਕਾਣਾ ਦੀ ਇਮਾਰਤ, ਸਰੋਵਰ ਦੀ ਮੁਰੰਮਤ, ਚਾਰਦੀਵਾਰੀ, ਰਿਹਾਇਸ਼ੀ ਕੁਆਰਟਰ, ਗੁੰਬਦ ਤੇ ਲੰਗਰ ਹਾਲ ਦੀ ਇਮਾਰਤ ਤਿਆਰ ਕਰਨ ਲਈ ਕਾਰ ਸੇਵਾ ਵਾਲੇ ਬਾਬਾ ਲਾਭ ਸਿੰਘ ਕਿਲ੍ਹਾ ਅਨੰਦਗੜ੍ਹ ਅਨੰਦਪੁਰ ਸਾਹਿਬ ਵਾਲਿਆਂ ਨੂੰ ਮਟੀਰੀਅਲ (ਸਰੀਆ, ਸੀਮੈਂਟ, ਇੱਟਾਂ) ਤਖ਼ਤ ਸਾਹਿਬ ਦੇ ਫੰਡਾਂ ਵਿਚੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਦੀ ਇਕੱਤਰਤਾ ਵਿੱਚ ਸ. ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ. ਕੇਵਲ ਸਿੰਘ ਬਾਦਲ ਜੂਨੀਅਰ ਮੀਤ ਪ੍ਰਧਾਨ, ਸ. ਸੁਖਦੇਵ ਸਿੰਘ ਭੌਰ ਜਨਰਲ ਸਕੱਤਰ, ਅੰਤ੍ਰਿੰਗ ਮੈਂਬਰਾਨ ਸ. ਰਜਿੰਦਰ ਸਿੰਘ ਮਹਿਤਾ, ਸ. ਗੁਰਬਚਨ ਸਿੰਘ ਕਰਮੂੰਵਾਲ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਨਿਰਮੈਲ ਸਿੰਘ ਜੌਲਾਂ ਕਲਾਂ, ਸ. ਮੰਗਲ ਸਿੰਘ, ਸ. ਭਜਨ ਸਿੰਘ ਸ਼ੇਰਗਿੱਲ, ਸ. ਸੁਰਜੀਤ ਸਿੰਘ ਗੜ੍ਹੀ ਤੇ ਸ. ਮੋਹਣ ਸਿੰਘ ਬੰਗੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਡਾ. ਰੂਪ ਸਿੰਘ, ਸ. ਮਨਜੀਤ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ, ਸ. ਦਿਲਜੀਤ ਸਿੰਘ ਬੇਦੀ, ਸ. ਪਰਮਜੀਤ ਸਿੰਘ ਸਰੋਆ, ਸ. ਹਰਭਜਨ ਸਿੰਘ ਮਨਾਵਾਂ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਬਿਜੈ ਸਿੰਘ, ਸ. ਕੇਵਲ ਸਿੰਘ ਤੇ ਸ. ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ. ਪਰਮਜੀਤ ਸਿੰਘ ਮੁੰਡਾਪਿੰਡ ਨਿਜੀ ਸਹਾਇਕ, ਸ. ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਸ. ਕਰਮਬੀਰ ਸਿੰਘ ਤੇ ਸ. ਮਨਿੰਦਰ ਮੋਹਣ ਸਿੰਘ ਇੰਚਾਰਜ ਅਤੇ ਸ. ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ ਆਦਿ ਮੌਜੂਦ ਸਨ।