ਅੰਮ੍ਰਿਤਸਰ, 2 ਮਈ: – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਦੀ ਅਗਵਾਈ ਵਿਚ ਅੰਡੇਮਾਨ ਭੇਜੇ ਗਏ ਵਫਦ ਨੇ ਅੰਡੇਮਾਨ-ਨਿਕੋਬਾਰ ਦੇ ਗਵਰਨਰ ਜਨਰਲ ਡਾ. ਜਗਦੀਸ਼ ਮੁਖੀ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮੁਲਾਕਾਤ ਕਰਕੇ ਉਥੋਂ ਦੀ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਦੇ ਲਾਈਟ ਐਂਡ ਸਾਊਂਡ ਪ੍ਰੋਗਰਾਮ ਵਿਚ ਪੰਜਾਬੀਆਂ ਤੇ ਖਾਸਕਰ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਬਣਦਾ ਸਥਾਨ ਦੇਣ ਦੀ ਮੰਗ ਕੀਤੀ। ਵਫਦ ਦੇ ਆਗੂ ਭਾਈ ਅਮਰਜੀਤ ਸਿੰਘ ਚਾਵਲਾ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਲੈਫਟੀਨੈਂਟ ਜਨਰਲ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਦੇਸ਼ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹਨ ਅਤੇ ਕਾਲੇਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਵੀ ਸਭ ਤੋਂ ਵੱਧ ਪੰਜਾਬੀ ਤੇ ਸਿੱਖ ਹੀ ਸਨ। ਇਸ ਲਈ ਸੈਲੂਲਰ ਜੇਲ੍ਹ ਦੇ ਮਿਊਜ਼ੀਅਮ ਵਿਚੋਂ ਇਨ੍ਹਾਂ ਦੇ ਇਤਿਹਾਸ ਨੂੰ ਮਨਫੀ ਕਰਨਾ ਉਚਿਤ ਨਹੀਂ ਹੈ। ਵਫਦ ਨੇ ਗਵਰਨਰ ਨੂੰ ਇਹ ਵੀ ਕਿਹਾ ਕਿ ਜੇਕਰ ਹੋਰ ਲੋਕਾਂ ਦੀਆਂ ਗਾਥਾਵਾਂ ਇਥੇ ਦਰਜ ਹਨ ਤਾਂ ਫਿਰ ਸਭ ਤੋਂ ਵੱਧ ਸਜ਼ਾਵਾਂ ਕੱਟਣ ਵਾਲੇ ਪੰਜਾਬੀਆਂ ਤੇ ਸਿੱਖਾਂ ਦੀਆਂ ਕਿਉਂ ਨਹੀਂ। ਭਾਈ ਚਾਵਲਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਸੁਨੇਹਾ ਗਵਰਨਰ ਜਨਰਲ ਨੂੰ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਮਿਊਜ਼ੀਅਮ ਵਿਚ ਸਿੱਖਾਂ ਦੇ ਇਤਿਹਾਸ ਨੂੰ ਸ਼ਾਮਲ ਕਰਨ ਲਈ ਮੁਕੰਮਲ ਜਾਣਕਾਰੀ ਸਬੰਧੀ ਹਰ ਤਰ੍ਹਾਂ ਦੀ ਸਹਾਇਤਾ ਦੇਣ ਨੂੰ ਤਿਆਰ ਹੈ। ਉਨ੍ਹਾਂ ਡਾ. ਜਗਦੀਸ਼ ਮੁਖੀ ਨੂੰ ਜੇਲ੍ਹ ਦੀ ਗੈਲਰੀ ਵਿਚੋਂ ਪੰਜਾਬ ਦੇ ਅਜ਼ਾਦੀ ਘੁਲਾਟੀਆਂ ਦੀਆਂ ਤਸਵੀਰਾਂ ਉਤਾਰ ਦਿੱਤੇ ਜਾਣ ਵੱਲ ਧਿਆਨ ਦਿਵਾਉਂਦਿਆਂ ਮੰਗ ਕੀਤੀ ਕਿ ਪੰਜਾਬ ਦੇ ਸਿੱਖ ਯੋਧਿਆਂ ਦੀਆਂ ਤਸਵੀਰਾਂ ਮੁੜ ਤੋਂ ਸਥਾਪਤ ਕੀਤੀਆਂ ਜਾਣੇ।
ਭਾਈ ਚਾਵਲਾ ਨੇ ਦੱਸਿਆ ਕਿ ਅੰਡੇਮਾਨ ਨਿਕੋਬਾਰ ਦੇ ਮਾਨਯੋਗ ਗਵਰਨਰ ਵੱਲੋਂ ਵਫਦ ਦੀਆਂ ਸਾਰੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਮਸਲੇ ਦੇ ਜਲਦੀ ਹੱਲ ਦਾ ਯਕੀਨ ਦਿਵਾਇਆ ਗਿਆ ਹੈ। ਉਨ੍ਹਾਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਦਾ ਮੁਲਾਂਕਣ ਕਰਕੇ ਇਸ ਵਿਚ ਪੰਜਾਬੀਆਂ ਦੀਆਂ ਕੁਰਬਾਨੀਆਂ ਨੂੰ ਬਣਦਾ ਥਾਂ ਦਿਵਾਉਣ, ਜੇਲ੍ਹ ਦੀ ਗੈਲਰੀ ਵਿਚੋਂ ਹਟਾਈਆਂ ਤਸਵੀਰਾਂ ਮੁੜ ਸਥਾਪਤ ਕਰਨ ਦੇ ਨਾਲ-ਨਾਲ ਇਸ ਮਾਮਲੇ ਦੇ ਹੋਰਨਾਂ ਪਹਿਲੂਆਂ ਦੀ ਬਰੀਕੀ ਨਾਲ ਛਾਣਬੀਣ ਕਰਨ ਦਾ ਭਰੋਸਾ ਵੀ ਦਿੱਤਾ। ਗਵਰਨਰ ਨੂੰ ਮਿਲਣ ਸਮੇਂ ਵਫਦ ਵਿਚ ਭਾਈ ਅਮਰਜੀਤ ਸਿੰਘ ਚਾਵਲਾ ਜਨਰਲ ਸਕੱਤਰ ਤੋਂ ਇਲਾਵਾ ਅੰਤਿੰਗ ਕਮੇਟੀ ਮੈਂਬਰ ਸ. ਸੁਰਜੀਤ ਸਿੰਘ ਭਿੱਟੇਵਡ, ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ, ਸਿੱਖਿਆ ਡਾਇਰੈਕਟਰ ਡਾ. ਧਰਮਿੰਦਰ ਸਿੰਘ ਉੱਭਾ, ਪੰਜਾਬੀ ਯੂਨੀਵਰਸਿਟੀ ਦੇ ਡਾ. ਪਰਮਵੀਰ ਸਿੰਘ, ਪੱਤਰਕਾਰ ਸ. ਜਗਤਾਰ ਸਿੰਘ ਤੇ ਸ. ਗੁਰਦਰਸ਼ਨ ਸਿੰਘ ਬਾਹੀਆ ਮੌਜੂਦ ਸਨ।