ਅੰਮ੍ਰਿਤਸਰ, 9 ਜੂਨ:- ਪੰਜਾਬੀ ਦੇ ਇੱਕ ਅਖਬਾਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਬੰਧੀ ਛਪੀ ਮਨਘੜਤ ਰਿਪੋਰਟ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਸ਼੍ਰੋਮਣੀ ਕਮੇਟੀ ਦੀ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਸ਼੍ਰੋਮਣੀ ਕਮੇਟੀ ਦੇ ਅਕਸ ਨੂੰ ਢਾਹ ਲਗਾਉਣ ਦੀਆਂ ਚਾਲਾਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਉਘੇ ਸਿੱਖ ਚਿੰਤਕ ਹੋਣ ਦੇ ਨਾਤੇ ਦੂਰ-ਅੰਦੇਸ਼ ਤੇ ਪੰਥਕ ਸਰੋਕਾਰਾਂ ਨਾਲ ਨੇੜਿਓਂ ਜੁੜੇ ਹੋਏ ਹਨ ਜੋ ਪੂਰੀ ਕਾਬਿਲਤਾ ਨਾਲ ਸ਼੍ਰੋਮਣੀ ਕਮੇਟੀ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਦੀ ਕਾਰਜਸ਼ੈਲੀ ਤੋਂ ਪਾਰਟੀ ਦੇ ਸੀਨੀਅਰ ਆਗੂ, ਸ਼੍ਰੋਮਣੀ ਕਮੇਟੀ ਮੈਂਬਰਾਨ ਅਤੇ ਪੰਥਕ ਆਗੂ ਸੰਤੁਸ਼ਟ ਹਨ। ਭਾਈ ਚਾਵਲਾ ਨੇ ਕਿਹਾ ਕਿ ਪ੍ਰੋ. ਬਡੂੰਡਰ ਵੱਲੋਂ ਪੰਥਕ ਇਕਜੁੱਟਤਾ ਲਈ ਕੀਤੇ ਜਾ ਰਹੇ ਯਤਨਾਂ ਦੀ ਚੁਫੇਰਿਓਂ ਪ੍ਰਸ਼ੰਸਾ ਹੋ ਰਹੀ ਹੈ। ਹਾਲ ਹੀ ਵਿਚ ੬ ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਕੀਤੇ ਗਏ ਸ਼ਹੀਦੀ ਸਮਾਗਮ ਸਮੇਂ ਪੰਥਕ ਇਕਜੁੱਟਤਾ ਲਈ ਉਨ੍ਹਾਂ (ਪ੍ਰੋ. ਬਡੂੰਗਰ) ਨੇ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਤੇ ਪੰਥਕ ਆਗੂਆਂ ਨਾਲ ਮੁਲਾਕਾਤਾਂ ਕਰਕੇ ਸੁਹਿਰਦ ਪੰਥਕ ਆਗੂ ਦੀ ਭੂਮਿਕਾ ਨਿਭਾਈ ਹੈ। ਇਹ ਸਮਾਗਮ ਪਿਛਲੇ ਵਰ੍ਹਿਆਂ ਨਾਲੋਂ ਵਧੇਰੇ ਕੌਮੀ ਏਕਤਾ ਤੇ ਇਖਲਾਕ ਨਾਲ ਮਨਾਇਆ ਗਿਆ, ਜਿਸ ਪਿੱਛੇ ਪ੍ਰੋ: ਬਡੂੰਗਰ ਵੱਲੋਂ ਕੀਤੇ ਗਏ ਵਿਸ਼ੇਸ਼ ਯਤਨ ਹੀ ਸਨ। ਭਾਈ ਚਾਵਲਾ ਨੇ ਕਿਹਾ ਕਿ ਕੁਝ ਲੋਕਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਨੂੰ ਇੱਕਜੁਟ ਕਰਨ ਦੀਆਂ ਕੋਸ਼ਿਸ਼ਾਂ ਚੰਗੀਆਂ ਨਹੀਂ ਲੱਗ ਰਹੀਆਂ, ਜਿਸ ਕਾਰਨ ਉਹ ਅਜਿਹੀਆਂ ਘਟੀਆ ਤੇ ਬੇਲੋੜੀਆਂ ਮੀਡੀਆ ਰਿਪੋਰਟਾਂ ਪ੍ਰਕਾਸ਼ਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਿਚ ਸਮੁੱਚੀ ਟੀਮ ਸਮਰਪਣ ਭਾਵਨਾ ਨਾਲ ਵਿਚਰ ਰਹੀ ਹੈ ਅਤੇ ਹਰ ਕੌਮੀ ਮਸਲੇ ਦੇ ਹੱਲ ਲਈ ਦੀਰਘ ਦ੍ਰਿਸ਼ਟੀ ਨਾਲ ਕਾਰਜਸ਼ੀਲ ਹੈ।
ਭਾਈ ਚਾਵਲਾ ਨੇ ਕਿਹਾ ਕਿ ਝੂਠੀਆਂ ਖਬਰਾਂ ਫੈਲਾਉਣ ਵਾਲੇ ਅਖਬਾਰ ਦੇ ਸੰਪਾਦਕ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਲਿਖ ਕੇ ਜਵਾਬ ਮੰਗਿਆ ਜਾਵੇਗਾ ਅਤੇ ਜੇਕਰ ਲੋੜ ਪਈ ਤਾਂ ਅਖਬਾਰ ਦੇ ਸੰਪਾਦਕ ਤੇ ਪੱਤਰਕਾਰ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।