ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਬੈਂਕਾ ਵਿਖੇ ਦੀਵਾਨ ਹਾਲ ਦਾ ਨੀਂਹ ਪੱਥਰ ਰੱਖਿਆ
ਅੰਮ੍ਰਿਤਸਰ, 11 ਜੁਲਾਈ :- ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਬੈਂਕਾ ਦੇ ਗੁਰਦੁਆਰਾ ਸਾਹਿਬ ਵਿਖੇ ਪੰਚਮ ਪਾਤਸ਼ਾਹ ਦੀ ਯਾਦ ਵਿਚ ਸਾਲਾਨਾ ਜੋੜ ਮੇਲੇ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਮਾਝੇ ਦੀ ਧਰਤੀ ਦੇ ਸਿੱਖ ਸੂਰਮਿਆਂ ਦਾ ਇਤਿਹਾਸ ਵਿਚ ਵਡਮੁੱਲਾ ਯੋਗਦਾਨ ਹੈ ਅਤੇ ਹੱਕ-ਸੱਚ ਤੇ ਧਰਮ ਦੀ ਖਾਤਰ ਇਹ ਹਮੇਸ਼ਾ ਅੱਗੇ ਹੋ ਕੇ ਜੂਝਦੇ ਰਹੇ। ਉਨ੍ਹਾਂ ਕਿਹਾ ਕਿ ਧਰਮ ਮਨੁੱਖੀ ਜੀਵਨ ਨੂੰ ਸੰਵਾਰਨ ਵਿਚ ਵੱਡਾ ਮਹੱਤਵ ਰੱਖਦਾ ਹੈ ਅਤੇ ਧਰਮ ਦੀਆਂ ਅਮੀਰ ਕਦਰਾਂ ਕੀਮਤਾਂ ਦੇ ਧਾਰਨੀ ਬਣਨਾ ਬੇਹੱਦ ਜ਼ਰੂਰੀ ਹੈ। ਪ੍ਰੋ: ਬਡੂੰਗਰ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਨੌਜਵਾਨੀ ਨੂੰ ਆਪਣੇ ਵਿਰਸੇ ਅਤੇ ਧਰਮ ਨਾਲ ਜੋੜਨ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਬਾਣੀ ਤੇ ਬਾਣੇ ਨਾਲ ਜੋੜਨ ਲਈ ਸੰਯੁਕਤ ਉਪਰਾਲੇ ਕੀਤੇ ਜਾਣ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਵਿਚਾਰਾਂ ਸਾਂਝੀਆਂ ਕਰਦਿਆਂ ਕਿਹਾ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਅਤੇ ਜੀਵਨ ਸੰਵਾਰਨ ਲਈ ਸਾਨੂੰ ਗੁਰਬਾਣੀ ਵੱਲੋਂ ਦਰਸਾਏ ਮਾਰਗ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਭਾਈ ਮਨਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਨੇ ਜਿਥੇ ਗੁਰਦੁਆਰਾ ਸਾਹਿਬ ਦੀ ਇਤਿਹਾਸਕ ਮਹੱਤਤਾ ਤੋਂ ਸੰਗਤ ਨੂੰ ਜਾਣੂੰ ਕਰਵਾਇਆ ਉਥੇ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਉਚੇਚੇ ਤੌਰ ‘ਤੇ ਪੁੱਜਣ ਲਈ ਧੰਨਵਾਦ ਕੀਤਾ।
ਇਸ ਮੌਕੇ ਪ੍ਰੋ: ਕਿਰਪਾਲ ਸਿੰਘ ਬਡੂੰਗਰ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲੇ ਅਤੇ ਭਾਈ ਮਨਜੀਤ ਸਿੰਘ ਨੇ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਹਾਲ ਦਾ ਨੀਂਹ ਪੱਥਰ ਵੀ ਰੱਖਿਆ। ਇਸ ਸਮੇਂ ਬਾਬਾ ਅਵਤਾਰ ਸਿੰਘ ਮੁਖੀ ਸੰਪਰਦਾਇ ਬਿਧੀ ਚੰਦ ਸੁਰਸਿੰਘ ਵਾਲਿਆਂ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਮਨਜੀਤ ਸਿੰਘ ਨੂੰ ਲੋਈ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਐਡੀਸ਼ਨਲ ਸਕੱਤਰ, ਸ. ਕੁਲਵਿੰਦਰ ਸਿੰਘ ਰਮਦਾਸ ਮੀਤ ਸਕੱਤਰ ਮੀਡੀਆ, ਸ. ਭਗਵੰਤ ਸਿੰਘ ਧੰਗੇੜਾ ਨਿੱਜੀ ਸਹਾਇਕ, ਸ. ਕਸ਼ਮੀਰ ਸਿੰਘ ਮੈਨੇਜਰ, ਕਵੀਸ਼ਰ ਭਾਈ ਗੁਰਿੰਦਰਪਾਲ ਸਿੰਘ ਬੈਂਕਾ, ਪ੍ਰਚਾਰਕ ਭਾਈ ਹੀਰਾ ਸਿੰਘ ਮਨਿਹਾਲਾ, ਭਾਈ ਗੁਰਨਾਮ ਸਿੰਘ ਕਵੀਸ਼ਰ, ਭਾਈ ਨਿਸ਼ਾਨ ਸਿੰਘ ਗ੍ਰੰਥੀ, ਸ. ਗੁਰਮੇਜ ਸਿੰਘ ਸਰਪੰਚ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।