ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਪੰਜਾਬੀ ਯੂਨੀਵਰਸਿਟੀ ਵੱਲੋਂ ਅਨੁਵਾਦ ਕਰਕੇ ਛਾਪੇ ਮਹਾਨ ਕੋਸ਼ ਦੀ ਵਿਕਰੀ ‘ਤੇ ਮੁੱਖ ਮੰਤਰੀ ਤੁਰੰਤ ਰੋਕ ਲਾਉਣ –ਪ੍ਰੋ: ਕਿਰਪਾਲ ਸਿੰਘ ਬਡੂੰਗਰ

ਅੰਮ੍ਰਿਤਸਰ, 10 ਜੁਲਾਈ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਵਿੱਚ ਗੰਭੀਰ ਤਰੁੱਟੀਆਂ ਦੀ ਪੜਤਾਲ ਸਬੰਧੀ ਬਣਾਈ ਗਈ ਚਾਰ ਮੈਂਬਰੀ ਕਮੇਟੀ ਦੇ ਮੈਂਬਰ ਪ੍ਰਿੰ. ਪ੍ਰਭਜੋਤ ਕੌਰ, ਡਾ. ਚਮਕੌਰ ਸਿੰਘ, ਸ. ਅਮਰਿੰਦਰ ਸਿੰਘ ਅਤੇ ਡਾ. ਓਮ ਪ੍ਰਕਾਸ਼ ਵਸਿਸ਼ਟ ਨੇ ਆਪਣੀ ਜਾਂਚ ਰਿਪੋਰਟ ਪ੍ਰੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਇਹ ਜਾਂਚ ਕਮੇਟੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਕੋਸ਼ ਦੇ ਅਨੁਵਾਦ ਕਾਰਜ ਸਮੇਂ ਕੀਤੀਆਂ ਗਲਤੀਆਂ ਦਾ ਮਾਮਲਾ ਸਾਹਮਣੇ ਆਉਣ ‘ਤੇ ਬਣਾਈ ਸੀ। ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਜਾਂਚ ਕਮੇਟੀ ਵੱਲੋਂ ਪੜਤਾਲ ਦੌਰਾਨ ਇਸ ਵਿਚ ਅਨੇਕਾਂ ਗਲਤੀਆਂ ਪਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਹਾਨ ਕੋਸ਼ ਵਿੱਚਲੇ ਕਈ ਸ਼ਬਦ ਅਤੇ ਉਨ੍ਹਾਂ ਦੇ ਅਰਥ ਵੀ ਬਦਲ ਦਿੱਤੇ ਗਏ ਹਨ। ਇਸਦੀ ਸ਼ਬਦਾਵਲੀ ਨਾਲ ਵੀ ਛੇੜ-ਛਾੜ ਕੀਤੀ ਗਈ ਹੈ। ਇਸ ਗਲਤੀ ਨੇ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਦੀ ਮੌਲਿਕਤਾ ਅਤੇ ਮਹਾਨਤਾ ਉਪਰ ਗਹਿਰੀ ਸੱਟ ਮਾਰੀ ਹੈ। ਰਿਪੋਰਟ ਵਿਚ ਦਰਜ ਗਲਤੀਆਂ ਦਾ ਜ਼ਿਕਰ ਕਰਦਿਆਂ ਪ੍ਰੋ: ਬਡੂੰਗਰ ਨੇ ਕਿਹਾ ਕਿ ਇਸ ਕੋਸ਼ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ਼ਿਕਾਰ ਖੇਡਣ ਦੇ ਇੰਦਰਾਜ ਨੂੰ ਬਦਲ ਕੇ ਚਰਨ ਪਾਉਣ ਦਾ ਇੰਦਰਾਜ ਕਰ ਦਿੱਤਾ ਗਿਆ ਹੈ, ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਇੱਕ ਪੱਤਰ ਲਿਖ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਨੁਵਾਦ ਕਰਕੇ ਛਾਪੇ ਮਹਾਨ ਕੋਸ਼ ਦੀ ਵਿਕਰੀ ‘ਤੇ ਤੁਰੰਤ ਰੋਕ ਲਾਉਣ ਸਬੰਧੀ ਲੋੜੀਂਦੇ ਹੁਕਮ ਜਾਰੀ ਕਰਨ ਅਤੇ ਸਬੰਧਤਾਂ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਨੇ ਇਸ ਮਸਲੇ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਦਾ ਸਮਾਂ ਵੀ ਮੰਗਿਆ।