ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਵੀਰਵਾਰ, ੫ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੧੭ ਅਪ੍ਰੈਲ, ੨੦੨੫ (ਅੰਗ: ੬੭੨)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 20 ਅਪ੍ਰੈਲ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

456ਸ਼੍ਰੋਮਣੀ ਕਮੇਟੀ ਵੱਲੋਂ ਉਠਾਏ ਮੁੱਦਿਆਂ ਬਾਰੇ ਆਸਟ੍ਰੇਲੀਆ ਸਰਕਾਰ ਨੂੰ ਸੂਚਿਤ ਕਰਾਂਗਾ- ਜੇਮਸ ਗਿਲਬਰਟ

ਅੰਮ੍ਰਿਤਸਰ : ਮਿਸਟਰ ਜੇਮਸ ਗਿਲਬਰਟ ਅਸਿਸਟੈਂਟ ਡਾਇਰੈਕਟਰ ਵਿਦੇਸ਼ੀ ਮਾਮਲੇ ਅਤੇ ਵਪਾਰ ਆਸਟ੍ਰੇਲੀਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ। ਉਨ੍ਹਾਂ ਨਾਲ ਮਿਸਟਰ ਆਰੀ ਨਾਗਰ ਸੈਕਿੰਡ ਸੈਕਟਰੀ ਆਸਟ੍ਰੇਲੀਅਨ ਹਾਈ ਕਮਿਸ਼ਨ ਅਤੇ ਨਵੀਂ ਦਿੱਲੀ ਵਿਖੇ ਸਥਿਤ ਆਸਟ੍ਰੇਲੀਅਨ ਹਾਈ ਕਮਿਸ਼ਨ ਦੀ ਰੀਸਰਚ ਆਫੀਸਰ ਸ੍ਰੀ ਮਤੀ ਅਦਿੱਤੀ ਮਨੋਹਰ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ-ਦੀਦਾਰੇ ਕਰਨ ਉਪਰੰਤ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਇੱਕ ਵਿਸ਼ੇਸ਼ ਮੁਲਾਕਾਤ ਕੀਤੀ ਅਤੇ ਸ਼੍ਰੋਮਣੀ ਕਮੇਟੀ ਦੀ ਸਮੁੱਚੀ ਕਾਰਗੁਜਾਰੀ ਬਾਰੇ ਜਾਨਣਾ ਚਾਹਿਆ।
ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਿਸਟਰ ਜੇਮਸ ਗਿਲਬਰਟ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੁਚੱਜੀ ਰਹਿਨੁਮਾਈ ਹੇਠ ਚਲਾਏ ਜਾ ਰਹੇ ਗੁਰਦੁਆਰਾ ਪ੍ਰਬੰਧਾਂ, ਵਿਦਿਆਰਥੀਆਂ ਨੂੰ ਮੁੱਢਲੀ ਤੇ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਖੋਲ੍ਹੇ ਗਏ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਅਤੇ ਸਮੁੱਚੀ ਮਨੁੱਖਤਾ ਦੀ ਭਲਾਈ ਲਈ ਖੋਲ੍ਹੇ ਗਏ ਹਸਤਪਾਲਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਮਿਸਟਰ ਜੇਮਸ ਗਿਲਬਰਟ ਨੂੰ ਦੱਸਿਆ ਕਿ ਆਪਣੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸੇਵਾ ਦੇ ਸਿਧਾਂਤ ਤੇ ਚੱਲਦੇ ਹੋਏ ਇਹ ਸੰਸਥਾ ਦੂਰ-ਦੁਰਾਡੇ ਤੋਂ ਆਈਆਂ ਸੰਗਤਾਂ ਨੂੰ ਫਰੀ ਲੰਗਰ ਤੇ ਰਿਹਾਇਸ਼ ਮੁਹੱਈਆ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੀ ਰੋਜ਼ਾਨਾ ੭੦ ਤੋਂ ੮੦ ਹਜ਼ਾਰ ਅਤੇ ਗੁਰਪੁਰਬ ਤੇ ਹੋਰ ਪਵਿੱਤਰ ਦਿਨ-ਦਿਹਾੜਿਆਂ ਨੂੰ ਕਰੀਬ ਸਵਾ ਤੋਂ ਡੇਢ ਲੱਖ ਸੰਗਤਾਂ ਗੁਰੂ ਕਾ ਲੰਗਰ ਛਕ ਕੇ ਤ੍ਰਿਪਤ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਇਹ ਸਿਰਮੌਰ ਸੰਸਥਾ ਵੱਲੋਂ ਜਿੱਥੇ ਆਪਣੇ ਹਸਪਤਾਲਾਂ ਵਿੱਚ ਕੈਂਸਰ ਤੇ ਹੋਰ ਭਿਆਨਕ ਬੀਮਾਰੀਆਂ ਨਾਲ ਪੀੜ੍ਹਤ ਮਰੀਜ਼ਾਂ ਨੂੰ ਵਿਸ਼ੇਸ਼ ਡਾਕਟਰੀ ਸਹੂਲਤਾਂ ਦੇ ਨਾਲ-ਨਾਲ ਮਾਲੀ ਮਦਦ ਵੀ ਦਿੱਤੀ ਜਾਂਦੀ ਹੈ ਓਥੇ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਆਈਆਂ ਕੁਦਰਤੀ ਆਫ਼ਤਾਂ ਸਮੇਂ ਬਿਨਾ ਕਿਸੇ ਭੇਦ ਭਾਵ ਦੇ ਪੀੜ੍ਹਤਾਂ ਨੂੰ ਹਰ ਤਰ੍ਹਾਂ ਦੀ ਡਾਕਟਰੀ ਅਤੇ ਹੋਰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਮਿਸਟਰ ਜੇਮਸ ਗਿਲਬਰਟ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਵਿੱਚ ਵਸਦੇ ਪੂਰੇ ਸਿੱਖ ਸਮੁਦਾਏ ਦੀ ਸਿਰਮੌਰ ਸੰਸਥਾ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਨੂੰ ਸੁਲਝਾਉਣ ਲਈ ਸਮੇਂ-ਸਮੇਂ ਓਥੋਂ ਦੀਆਂ ਸਰਕਾਰਾਂ ਅਤੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਨ ਲਈ ਸਦਾ ਯਤਨਸ਼ੀਲ ਰਹਿੰਦੀ ਹੈ। ਮੁੱਖ ਸਕੱਤਰ ਨੇ ਜਥੇਦਾਰ ਅਵਤਾਰ ਸਿੰਘ ਵੱਲੋਂ ਮਿਸਟਰ ਜੇਮਸ ਗਿਲਬਰਟ ਨਾਲ ਗੱਲਬਾਤ ਕਰਦਿਆਂ ਆਸਟ੍ਰੇਲੀਆ ਵਿੱਚ ਸਿੱਖ ਵਿਦਿਆਰਥੀਆਂ ਨੂੰ ਵੀਜੇ ਸਬੰਧੀ ਆਉਂਦੀਆਂ ਦਰਪੇਸ਼ ਮੁਸ਼ਕਲਾਂ, ਸਿੱਖਾਂ ਦੇ ਧਾਰਮਿਕ ਮਸਲਿਆਂ ਅਤੇ ਉਨ੍ਹਾਂ ਤੇ ਹੁੰਦੀਆਂ ਨਸਲੀ ਟਿੱਪਣੀਆਂ ਅਤੇ ਹਮਲਿਆਂ ਬਾਰੇ ਵੀ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸਰਬੱਤ ਦਾ ਭਲਾ ਚਾਹੁਣ ਵਾਲੀ ਕੌਮ ਹੈ ਅਤੇ ਇਹ ਵਿਦੇਸ਼ਾਂ ਵਿੱਚ ਜਿੱਥੇ ਕਿਤੇ ਵੀ ਵਸਦੇ ਹਨ ਓਥੋਂ ਦੇ ਆਰਥਿਕ ਵਿਕਾਸ ਵਿੱਚ ਸਿੱਖਾਂ ਨੇ ਵੱਡਾ ਯੋਗਦਾਨ ਪਾਇਆ ਹੈ ਤੇ ਸਿੱਖਾਂ ਨੇ ਵਿਦੇਸ਼ਾਂ ਵਿੱਚ ਵੱਡੇ-ਵੱਡੇ ਅਹੁਦੇ ਹਾਸਿਲ ਕਰਕੇ ਆਪਣਾ ਵਿਲੱਖਣ ਰੁਤਬਾ ਹਾਸਿਲ ਕੀਤਾ ਹੈ।
ਮਿਸਟਰ ਜੇਮਸ ਗਿਲਬਰਟ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭਰੋਸਾ ਦੇਂਦਿਆਂ ਕਿਹਾ ਕਿ ਉਹ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਆਸਟ੍ਰੇਲੀਆ ਵਿੱਚ ਰਹਿੰਦੇ ਸਿੱਖ ਸਮੁਦਾਏ ਬਾਰੇ ਉਠਾਏ ਮੁੱਦਿਆਂ ਬਾਰੇ ਆਸਟ੍ਰੇਲੀਅਨ ਸਰਕਾਰ ਨੂੰ ਸੂਚਿਤ ਕਰਨਗੇ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਾਂਝੀਵਾਲਤਾ ਦਾ ਪ੍ਰਤੀਕ ਹੈ ਤੇ ਇਥੇ ਆ ਕੇ ਮਨ ਨੂੰ ਅਨੋਖਾ ਅਹਿਸਾਸ ਹੁੰਦਾ ਹੈ ਤੇ ਸ਼ਾਂਤੀ ਮਿਲਦੀ ਹੈ। ਦਫ਼ਤਰ ਸ਼੍ਰੋਮਣੀ ਕਮੇਟੀ ਆਉਣ ਤੇ ਜਥੇਦਾਰ ਅਵਤਾਰ ਸਿੰਘ ਨੇ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਧਾਰਮਿਕ ਪੁਸਤਕਾਂ ਦਾ ਸੈਟ, ਲੋਈ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ।
ਇਸ ਮੌਕੇ ਸ੍ਰ: ਮਨਜੀਤ ਸਿੰਘ ਸਕੱਤਰ, ਸ੍ਰ: ਸਤਿੰਦਰ ਸਿੰਘ ਨਿੱਜੀ ਸਹਾਇਕ, ਤੇ ਸ੍ਰ: ਗੁਰਵਿੰਦਰ ਸਿੰਘ ਹਾਜ਼ਰ ਸਨ।