ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸ਼ੁੱਕਰਵਾਰ, ੬ ਹਾੜ (ਸੰਮਤ ੫੫੭ ਨਾਨਕਸ਼ਾਹੀ) ੨੦ ਜੂਨ, ੨੦੨੫ (ਅੰਗ: ੭੨੯)

ਅੰਮ੍ਰਿਤਸਰ, 28 ਜੂਨ- ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ ਪੀਰੀ ਦਿਵਸ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਇਆ। ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ ਅਤੇ ਪਾਵਨ ਹੁਕਮਨਾਮਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਲਿਆ।
ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਮੀਰੀ ਪੀਰੀ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਕੇ ਸਿੱਖ ਕੌਮ ਨੂੰ ਬਖਸ਼ਿਆ ਸਿਧਾਂਤ ਅਧਿਆਤਮ ਨਾਲ ਜੁੜਨ ਦੇ ਨਾਲ-ਨਾਲ ਮਜਲੂਮਾਂ ਦੀ ਰੱਖਿਆ ਕਰਨ ਵਾਲਾ ਹੈ। ਛੇਵੇਂ ਪਾਤਸ਼ਾਹ ਨੇ ਜਿਥੇ ਸਿੱਖਾਂ ਨੂੰ ਸ਼ਸ਼ਤਾਰਧਾਰੀ ਹੋਣ ਦਾ ਆਦੇਸ਼ ਕੀਤਾ, ਉਥੇ ਹੀ ਸੰਗਤਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਭੇਟ ਕਰਨ ਲਈ ਹੁਕਮ ਦਿੱਤੇ। ਇਸ ਦਾ ਮੰਤਵ ਜੁਲਮ ਵਿਰੁੱਧ ਲਾਮਬੰਦ ਕਰਨਾ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਅਤੇ ਸ਼ਸਤਰ ਕਦੇ ਵੱਖ ਨਹੀਂ ਹੋ ਸਕਦੇ, ਜਿਸ ਤਹਿਤ ਹਰ ਸਿੱਖ ਅੰਮ੍ਰਿਤਧਾਰੀ ਹੋ ਕੇ ਪੰਜ ਕਕਾਰੀ ਰਹਿਣੀ ਦਾ ਧਾਰਨੀ ਬਣੇ। ਗਿਆਨੀ ਰਘਬੀਰ ਸਿੰਘ ਨੇ ਸਮੁੱਚੀ ਕੌਮ ਨੂੰ ਧੜੇਬੰਦੀ ਤੇ ਵਿਚਾਰਧਾਰਕ ਮਤਭੇਦ ਪਾਸੇ ਰੱਖ ਕੇ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਇਕੱਠੇ ਹੋ ਕੇ ਯਤਨ ਕਰਨ ਦੀ ਅਪੀਲ ਕੀਤੀ।
ਇਸੇ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਨੇ ਸੰਗਤ ਨਾਲ ਛੇਵੇਂ ਪਾਤਸ਼ਾਹ ਜੀ ਦੇ ਜੀਵਨ ਇਤਿਹਾਸ ਦੀ ਸਾਂਝ ਪਾਈ। ਸਮਾਗਮ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਸ਼ੋਭਿਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀਆਂ ਇਤਿਹਾਸਕ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਦੇ ਸੰਗਤ ਨੂੰ ਦਰਸ਼ਨ ਵੀ ਕਰਵਾਏ ਗਏ।
ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਹਰਜਾਪ ਸਿੰਘ ਸੁਲਤਾਨਵਿੰਡ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਤੇ ਗਿਆਨੀ ਮਲਕੀਤ ਸਿੰਘ ਵਰਪਾਲ, ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਗੁਰਮੀਤ ਸਿੰਘ ਬੁੱਟਰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਮੀਤ ਸਕੱਤਰ ਸ. ਗੁਰਦਿਆਲ ਸਿੰਘ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਹਰਭਜਨ ਸਿੰਘ ਵਕਤਾ, ਮੈਨੇਜਰ ਸ. ਸੁਖਰਾਜ ਸਿੰਘ, ਸ. ਬਘੇਲ ਸਿੰਘ, ਸ. ਨਰਿੰਦਰ ਸਿੰਘ, ਸ. ਸਤਨਾਮ ਸਿੰਘ ਰਿਆੜ, ਵਧੀਕ ਮੈਨੇਜਰ ਸ. ਇਕਬਾਲ ਸਿੰਘ ਮੁਖੀ, ਮੀਤ ਮੈਨੇਜਰ ਸ. ਗੁਰਤਿੰਦਰਪਾਲ ਸਿੰਘ, ਸ. ਅਜੀਤ ਸਿੰਘ ਆਦਿ ਮੌਜੂਦ ਸਨ।