ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਬਿਲਾਵਲੁ ਮਹਲਾ ੫ ॥ ਮਾਤ ਪਿਤਾ ਸੁਤ ਸਾਥਿ ਨ ਮਾਇਆ ॥ ਸਾਧਸੰਗਿ ਸਭੁ ਦੂਖੁ ਮਿਟਾਇਆ ॥੧॥ ਵੀਰਵਾਰ, ੧੨ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੪ ਅਪ੍ਰੈਲ, ੨੦੨੫ (ਅੰਗ: ੮੦੪)

** ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਯੋਗਤਾ, ਨਿਯੁਕਤੀ, ਕਾਰਜ ਖੇਤਰ, ਜ਼ਿੰਮੇਵਾਰੀਆਂ ਅਤੇ ਸੇਵਾ ਮੁਕਤੀ ਸਬੰਧੀ ਨਿਯਮ ਨਿਰਧਾਰਤ ਕਰਨ ਲਈ ਸਿੱਖ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲਾਂ, ਆਲਮੀ ਸਿੱਖ ਸੰਸਥਾਵਾਂ, ਸਿੰਘ ਸਭਾਵਾਂ, ਦੀਵਾਨਾਂ, ਸਭਾ ਸੁਸਾਇਟੀਆਂ ਅਤੇ ਦੇਸ਼ ਵਿਦੇਸ਼ ਵਿਚ ਵੱਸਦੇ ਵਿਦਵਾਨਾਂ ਤੇ ਬੁੱਧੀਜੀਵੀਆਂ ਨੂੰ ਆਪਣੇ ਸੁਝਾਅ ਭੇਜਣ ਦੀ ਅਪੀਲ ਕੀਤੀ ਹੈ। ** ਇਸ ਲਈ 30 ਮਈ 2025 ਤਕ ਸ਼੍ਰੋਮਣੀ ਕਮੇਟੀ ਪਾਸ ਆਪਣੇ ਸੁਝਾਅ ਭੇਜੇ ਜਾਣ ਤਾਂ ਜੋ ਇਨ੍ਹਾਂ ਨੂੰ ਵਿਚਾਰ ਕੇ ਸੇਵਾ ਨਿਯਮਾਂ ਵਾਸਤੇ ਇੱਕ ਸਾਂਝੀ ਕੌਮੀ ਰਾਇ ਬਣਾਈ ਜਾ ਸਕੇ। ** ਇਹ ਸੁਝਾਅ ਸ਼੍ਰੋਮਣੀ ਕਮੇਟੀ ਨੂੰ ਦਸਤੀ ਰੂਪ ਵਿਚ ਜਾਂ ਅਧਿਕਾਰਤ ਈਮੇਲ [email protected] ਅਤੇ ਵਟਸਐਪ ਨੰਬਰ 7710136200 ਉਤੇ ਭੇਜੇ ਜਾਣ।

ਸਤਿਨਾਮ ਸ੍ਰੀ ਵਾਹਿਗੁਰੂ ਜਾਪ ਨਾਲ ਅਤਿ-ਆਧੁਨਿਕ ਕੈਥ ਲੈਬ ਦਾ ਕੀਤਾ ਉਦਘਾਟਨ

ਸ਼ਾਹਬਾਦ ਮਾਰਕੰਡਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੱਜ ਮੀਰੀ-ਪੀਰੀ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਐਂਡ ਰਿਸਰਚ ਸ਼ਾਹਾਬਾਦ, ਕੁਰੂਕਸ਼ੇਤਰ ਵਿਖੇ ਅਤਿ-ਆਧੁਨਿਕ ਕੈਥ ਲੈਬ ਦਾ ਉਦਘਾਟਨ ਕੀਤਾ। ਇਸ ਮੌਕੇ ਸੰਸਥਾ ਦੇ ਐਗਜ਼ੈਕਟਿਵ ਗਰੁੱਪ ਦੇ ਚੇਅਰਮੈਨ ਰਘੂਜੀਤ ਸਿੰਘ ਵਿਰਕ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ, ਸ਼੍ਰੋਮਣੀ ਕਮੇਟੀ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਥੇਦਾਰ ਬਲਦੇਵ ਸਿੰਘ ਕੈਮਪੁਰ, ਸ਼ਾਹਬਾਦ ਦੇ ਵਿਧਾਇਕ ਰਾਮ ਕਰਨ, ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਲਿਮਟਿਡ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮੰਗੀ, ਧਰਮ ਪ੍ਰਚਾਰ ਕਮੇਟੀ ਮੈਂਬਰ ਤਜਿੰਦਰਪਾਲ ਸਿੰਘ ਢਿੱਲੋਂ ਅਤੇ ਹਸਪਤਾਲ ਇੰਚਾਰਜ ਡਾ. ਸੰਦੀਪਇੰਦਰ ਸਿੰਘ ਚੀਮਾ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਖੁਦ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰਦਿਆਂ ਰੀਬਨ ਕੱਟ ਕੇ ਸਮੂਹ ਮੈਂਬਰਾਂ ਨੇ ਅਤਿ-ਆਧੁਨਿਕ ਕੈਥ ਲੈਬ ਦਾ ਉਦਘਾਟਨ ਕੀਤਾ। ਇਸ ਦੌਰਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਮੀਰੀ ਪੀਰੀ ਹਸਪਤਾਲ ਨੂੰ ਹਰਿਆਣਾ ਦਾ ਸਰਵੋਤਮ ਹਸਪਤਾਲ ਬਣਾਉਣ ਲਈ ਸ਼੍ਰੋਮਣੀ ਕਮੇਟੀ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਵਿੱਚ ਵੀ ਸ਼੍ਰੋਮਣੀ ਕਮੇਟੀ ਵੱਲੋਂ ਇਸ ਹਸਪਤਾਲ ਵਿੱਚ ਮਰੀਜ਼ਾਂ ਲਈ ਆਧੁਨਿਕ ਮਸ਼ੀਨਾਂ ਜਿਵੇਂ ਕਿ ਐਮ.ਆਰ.ਆਈ., ਸਿਟੀ ਸਕੈਨ, ਲੋੜੀਂਦੀ ਮਾਤਰਾ ਵਿੱਚ ਡਾਇਲਸਿਸ ਮਸ਼ੀਨਾਂ ਅਤੇ ਆਈ.ਸੀ.ਯੂ ਵਾਰਡ ਵਿੱਚ ਆਧੁਨਿਕ ਮਸ਼ੀਨਾਂ ਲਗਾਈਆਂ ਗਈਆਂ ਹਨ। ਅੱਜ ਇੱਥੇ ਅਤਿ-ਆਧੁਨਿਕ ਕੈਥ ਲੈਬ, ਹਰਿਆਣਾ ਦੇ ਸਰਵੋਤਮ ਕਾਰਡੀਓਲੋਜਿਸਟ ਡਾ. ਰਾਘਵ ਸ਼ਰਮਾ ਦੇ ਨਾਲ ਮਰੀਜ਼ਾਂ ਨੂੰ ਸਮਰਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਹਸਪਤਾਲ ਵਿੱਚ ਮਰੀਜ਼ਾਂ ਲਈ ਓਪਨ ਹਾਰਟ ਸਰਜਰੀ ਦੀ ਸਹੂਲਤ ਵੀ ਮੁਹਈਆ ਕਰਵਾਈ ਜਾਵੇਗੀ।
ਸੰਸਥਾ ਦੇ ਐਗਜ਼ੈਕਟਿਵ ਗਰੁੱਪ ਦੇ ਚੇਅਰਮੈਨ ਰਘੂਜੀਤ ਸਿੰਘ ਵਿਰਕ ਨੇ ਇਸ ਤੋਹਫ਼ੇ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਅਤਿ-ਆਧੁਨਿਕ ਕੈਥ ਲੈਬ ਪ੍ਰਾਜੈਕਟ ਵਿੱਚ 5 ਕਰੋੜ ਰੁਪਏ ਦੀ ਰਕਮ ਖਰਚ ਕੀਤੀ ਗਈ ਹੈ। ਇਸ ਸਹੂਲਤ ਨਾਲ ਵੱਡੀ ਗਿਣਤੀ ਵਿੱਚ ਮਰੀਜ਼ ਜਲਦੀ ਅਤੇ ਮਿਆਰੀ ਸਿਹਤ ਲਾਭ ਪ੍ਰਾਪਤ ਕਰ ਸਕਣਗੇ। ਇਸ ਤੋਂ ਇਲਾਵਾ ਇਲਾਜ ਲਈ ਮਰੀਜ਼ਾਂ ਦੀ ਉਡੀਕ ਸੂਚੀ ਵੀ ਘੱਟ ਜਾਵੇਗੀ। ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਹਰਭਜਨ ਸਿੰਘ ਮਸਾਣਾ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਸ਼੍ਰੋਮਣੀ ਕਮੇਟੀ ਇਥੇ ਮੈਡੀਕਲ ਕਾਲਜ ਦੀ ਐਨਓਸੀ ਲੈਣ ਲਈ ਵੀ ਰਸਮੀ ਕਾਰਵਾਈ ਪੂਰੀ ਕਰ ਲਵੇਗੀ, ਜਿਸ ਤੋਂ ਬਾਅਦ ਮੈਡੀਕਲ ਕਾਲਜ ਸ਼ੁਰੂ ਕਰਨ ਦਾ ਰਾਹ ਪੱਧਰਾ ਹੋ ਜਾਵੇਗਾ। ਉਦਘਾਟਨ ਤੋਂ ਬਾਅਦ ਆਏ ਸਮੂਹ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਹਸਪਤਾਲ ਦੀ ਨਵੀਂ ਬਣੀ ਇਮਾਰਤ ਦਾ ਨਿਰੀਖਣ ਵੀ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ, ਪਰਮਜੀਤ ਸਿੰਘ ਦੁਨੀਆ ਮਾਜਰਾ, ਹਰਦੀਪ ਸਿੰਘ ਸਾਬਕਾ ਚੇਅਰਮੈਨ, ਹਸਪਤਾਲ ਸੁਪਰਡੈਂਟ ਡਾ. ਕਰਮਿੰਦਰ ਕੌਰ ਢਿੱਲੋਂ, ਡਾ. ਮਨਦੀਪ ਸਿੰਘ ਕੋਹਲੀ, ਡਾ. ਸਾਹਿਲ ਸਰਵਾਲ, ਡਾ. ਅਭਿਨਵ ਗੁਪਤਾ, ਡਾ. ਵਿਭਾ ਮਦਾਨ, ਨਵਨੀਤ ਸਿੰਘ ਕੋਹਲੀ, ਮਨਜੀਤ ਸਿੰਘ, ਹਰਜੀਤ ਸਿੰਘ ਰਾਣਾ, ਸੁਖਵੰਤ ਸਿੰਘ ਕਲਸਾਣੀ, ਹਰਬੰਸ ਸਿੰਘ ਗਿੱਲ, ਸੁਰਜੀਤ ਸਿੰਘ ਜੁਨੇਜਾ, ਲਖਬੀਰ ਸਿੰਘ, ਬਲਦੇਵ ਸਿੰਘ ਅਤੇ ਮਨਿੰਦਰ ਸਿੰਘ ਸਮੇਤ ਸਟਾਫ਼ ਮੈਂਬਰ ਹਾਜ਼ਰ ਸਨ।
ਅਤਿ-ਆਧੁਨਿਕ ਕੈਥ ਲੈਬ ਵਿੱਚ ਮਰੀਜਾਂ ਦਾ ਸਰਕਾਰੀ ਰੇਟ ‘ਤੇ ਕੀਤਾ ਜਾਵੇਗਾ ਇਲਾਜ:
ਸੰਸਥਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ.ਐਸ.ਆਈ.ਐਸ. ਚੀਮਾ ਨੇ ਦੱਸਿਆ ਕਿ ਹਸਪਤਾਲ ਵਿੱਚ ਸਥਾਪਿਤ ਇਸ ਹਾਈਟੈੱਕ ਕੈਥ ਲੈਬ ਵਿੱਚ ਮਰੀਜ਼ਾਂ ਦਾ ਇਲਾਜ ਸਰਕਾਰ ਵੱਲੋਂ ਨਿਰਧਾਰਤ ਰੇਟ ’ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਸਥਾਪਿਤ ਕੀਤਾ ਗਿਆ ਇਹ ਪਹਿਲਾ ਵੱਡਾ ਕਾਰਡਿਕ ਸੈਂਟਰ ਹੈ। ਮਰੀਜ਼ਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਹਸਪਤਾਲ ਵਿੱਚ ਸਮੇਂ-ਸਮੇਂ ’ਤੇ ਸਿਹਤ ਸਹੂਲਤਾਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਚੀਮਾ ਨੇ ਦੱਸਿਆ ਕਿ ਇਸ ਅਤਿ-ਆਧੁਨਿਕ ਕੈਥ ਲੈਬ ਨਾਲ ਐਂਜੀਓਗ੍ਰਾਫੀ ਕਰਵਾਉਣ ਵਾਲੇ ਮਰੀਜ਼ਾਂ ਨੂੰ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਕੈਥ ਲੈਬ ਵਿੱਚ ਲਗਾਈ ਗਈ ਅਤਿਆਧੁਨਿਕ ਮਸ਼ੀਨ ਨਾਲ ਇਹ ਆਸਾਨੀ ਨਾਲ ਜਾਣਿਆ ਜਾ ਸਕਦਾ ਹੈ ਕਿ ਮਰੀਜ਼ ਨੂੰ ਸਟਂਟ ਪਾਉਣ ਦੀ ਲੋੜ ਹੈ ਜਾਂ ਨਹੀਂ। ਕਈ ਵਾਰ ਦਿਲ ਦੀਆਂ ਨਾੜੀਆਂ ‘ਚ ਸਖ਼ਤ ਬਲਾਕੇਜ ਹੋਣ ਕਾਰਨ ਕਾਫੀ ਪ੍ਰੇਸ਼ਾਨੀ ਹੁੰਦੀ ਹੈ, ਪਰ ਇਸ ਮਸ਼ੀਨ ਨਾਲ ਹਾਰਡ ਬਲਾਕੇਜ ਨੂੰ ਵੀ ਡਰਿੱਲ ਕਰਕੇ ਆਸਾਨੀ ਨਾਲ ਖੋਲ੍ਹਿਆ ਜਾ ਸਕਦਾ ਹੈ ਅਤੇ ਨਾੜੀਆਂ ਦੇ ਅੰਦਰ ਅਟਰਾਸਾਊਂਡ ਵੀ ਕੀਤਾ ਜਾ ਸਕਦਾ ਹੈ।