ਮੁੱਖਵਾਕ - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ Arrow Right ਧਨਾਸਰੀ ਮਹਲਾ ੪ ॥ ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥੧॥ ਮੰਗਲਵਾਰ, ੧੦ ਵੈਸਾਖ (ਸੰਮਤ ੫੫੭ ਨਾਨਕਸ਼ਾਹੀ) ੨੨ ਅਪ੍ਰੈਲ, ੨੦੨੫ (ਅੰਗ: ੬੬੮)

ਅੱਧੀ ਰਾਤ ਇੱਕਲੀਆਂ ਔਰਤਾਂ ਦੇ ਘਰ ਜਬਰੀ ਦਾਖਿਲ ਹੋਣਾ ਮੰਦਭਾਗਾ- ਐਡਵੋਕੇਟ ਧਾਮੀ

ਅੰਮ੍ਰਿਤਸਰ, 31 ਮਾਰਚ –
ਮੋਹਾਲੀ ਨਿਵਾਸੀ ਬੀਬੀ ਪ੍ਰੀਤਮ ਕੌਰ ਰਿਹਾਇਸ਼ ਤੇ ਅੱਧੀ ਰਾਤ ਜਾ ਕੇ ਉਨ੍ਹਾਂ ਦੀਆਂ ਬੇਟੀਆਂ ਤੇ ਉਨ੍ਹਾਂ ਨੂੰ ਪੰਜਾਬ ਪੁਲਿਸ ਵੱਲੋਂ ਤੰਗ-ਪ੍ਰੇਸ਼ਾਨ ਕੀਤੇ ਜਾਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਐਡਵੋਕੇਟ ਧਾਮੀ ਨੇ ਕਿਹਾ ਕਿ ਬੀਤੀ ਰਾਤ ਬੀਬੀ ਪ੍ਰੀਤਮ ਕੌਰ ਦੇ ਘਰ ਪੁਲੀਸ ਵੱਲੋਂ ਕੰਧਾਂ ਟੱਪ ਕੇ ਜਬਰੀ ਦਾਖਲ ਹੋਣਾ ਮਾਨਵੀ ਸਰੋਕਾਰਾਂ ਦੇ ਬਿਲਕੁਲ ਵਿਰੁੱਧ ਹੈ। ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਸਰਕਾਰ ਸੂਬੇ ਅੰਦਰ ਧੀਆਂ ਭੈਣਾਂ ਨੂੰ ਜਲੀਲ ਕਰਨ `ਤੇ ਉਤਰ ਆਈ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਇਹੀ ਬਦਲਾਅ ਸੀ?
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਜੇਕਰ ਕੋਈ ਪੁੱਛਗਿੱਛ ਕਰਨੀ ਸੀ ਤਾਂ ਇਸ ਲਈ ਦਿਨ ਸਮੇਂ ਜਾਣਾ ਚਾਹੀਦਾ ਸੀ। ਰਾਤ ਸਮੇਂ ਇਕੱਲੀਆਂ ਔਰਤਾਂ ਨੂੰ ਤੰਗ ਕਰਨਾ ਕਿਸੇ ਵੀ ਤਰ੍ਹਾਂ ਜਾਇਜ ਨਹੀਂ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਦੱਸਣ ਅਨੁਸਾਰ ਸਿਵਲ ਕੱਪੜਿਆਂ ਵਿਚ ਪੁਲੀਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਵਿਚ ਵੜ ਕੇ ਗੁਰਬਾਣੀ ਦੀਆਂ ਪਾਵਨ ਪੋਥੀਆਂ ਵਾਲੀ ਅਲਮਾਰੀ ਦੀ ਵੀ ਛਾਣਬੀਣ ਕੀਤੀ, ਜੋ ਘੋਰ ਅਵੱਗਿਆ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਪੰਜਾਬ ਦੀ ਧਰਤੀ ਤੋਂ ਔਰਤ ਦੇ ਸਤਿਕਾਰ ਦਾ ਸੰਦੇਸ਼ ਦਿੱਤਾ ਸੀ ਪਰ ਅੱਜ ਗੁਰੂਆਂ ਦੀ ਵਰੋਸਾਈ ਧਰਤੀ ਪੰਜਾਬ ਦੀ  ਸਰਕਾਰ ਔਰਤਾਂ ਨੂੰ ਜਲੀਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬਿਨਾ ਸਰਚ ਵਰੰਟ ਦੇ ਰਾਤ ਸਮੇਂ ਇਕੱਲੀਆਂ ਰਹਿ ਰਹੀਆਂ ਔਰਤਾਂ ਦੇ ਘਰ ਜਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਜੋ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦੇ ਕਾਰਜ ਨਿਯਮਾਂ ਦੇ ਬਿਲਕੁਲ ਵਿਰੁੱਧ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਸ. ਭਗਵੰਤ ਸਿੰਘ ਮਾਨ ਨੂੰ ਇਸ ਵਰਤਾਰੇ ਨੂੰ ਤੁਰੰਤ ਰੋਕਣ ਤੇ ਪੰਜਾਬੀਆਂ ਪਾਸੋਂ ਮੁਆਫ਼ੀ ਮੰਗਣ ਲਈ ਕਿਹਾ।