ਪਬਲੀਸ਼ਰ ਵਿਰੁੱਧ ਕਾਨੂੰਨੀ ਕਾਰਵਾਈ ਕਰੇਗੀ ਸ਼੍ਰੋਮਣੀ ਕਮੇਟੀ –ਡਾ. ਰੂਪ ਸਿੰਘ
ਅੰਮ੍ਰਿਤਸਰ, ੧੦ ਫ਼ਰਵਰੀ- ਰਾਜਸਥਾਨ ਵਿਚ ਲਈ ਜਾਂਦੀ ਰੀਟ ਪ੍ਰੀਖਿਆ ਦੀ ਪੁਸਤਕ ਵਿਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਰੇ ਗਲਤ ਤੱਥ ਛਾਪੇ ਜਾਣ ਦਾ ਸ਼੍ਰੋਮਣੀ ਕਮੇਟੀ ਨੇ ਸਖਤ ਨੋਟਿਸ ਲਿਆ ਹੈ। ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਕਿਹਾ ਕਿ ਸਿਖਵਾਲ ਪਬਲਿਕ ਹਾਊਸ ਦੇ ਸੰਪਾਦਕ ਖਿਲਾਫ ਧਾਰਾ ੨੯੫ਏ ਤਹਿਤ ਪਰਚਾ ਦਰਜ ਕਰਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਬਲੀਸ਼ਰ ਵੱਲੋਂ ਨੌਵੇਂ ਪਾਤਸ਼ਾਹ ਦੇ ਦੋ ਪੁੱਤਰ ਹੋਣ ਅਤੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਵਾਏ ਜਾਣ ਦੀ ਗਲਤ ਜਾਣਕਾਰੀ ਛਾਪੀ ਗਈ ਹੈ ਅਤੇ ਇਤਿਹਾਸ ਨਾਲ ਸਬੰਧਤ ਏਨੀਂ ਵੱਡੀ ਗਲਤੀ ਲਈ ਸ਼੍ਰੋਮਣੀ ਕਮੇਟੀ ਦੋਸ਼ੀਆਂ ਵਿਰੁੱਧ ਕਾਰਵਾਈ ਕਰੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪ੍ਰੋ: ਹਰਜਿੰਦਰ ਸਿੰਘ, ਭਾਈ ਭੋਲਾ ਸਿੰਘ ਪ੍ਰਚਾਰਕ ਤੇ ਸ. ਗੁਰਮੀਤ ਸਿੰਘ ਦੇ ਨਿਰਭਰ ਸਬ-ਕਮੇਟੀ ਬਣਾ ਦਿੱਤੀ ਗਈ ਹੈ ਜੋ ਜਲਦ ਹੀ ਇਸ ਮਾਮਲੇ ਦੀ ਮੁਕੰਮਲ ਪੜਤਾਲ ਕਰਕੇ ਰਿਪੋਰਟ ਦੇਵੇਗੀ। ਉਨ੍ਹਾਂ ਕਿਹਾ ਕਿ ਪਬਲੀਸ਼ਰ ਵੱਲੋਂ ਜਾਣਬੁੱਝ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ ਅਤੇ ਉਸ ਵਿਰੁੱਧ ਅਵੱਸ਼ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।