ਅੰਮ੍ਰਿਤਸਰ, 8 ਜੂਨ – ਸ. ਨਵਜੋਤ ਸਿੰਘ ਸਿੱਧੂ ਨੂੰ ਖਾਲਸਾ ਪੰਥ ਦੇ ਸ਼ਾਨਾਂਮੱਤੇ ਇਤਿਹਾਸ ਦੇ ਨਾਲ-ਨਾਲ ਸਿੱਖ ਵਿਰਾਸਤ ਦਾ ਸਤਿਕਾਰ ਕਰਦਿਆਂ ਵਿਰਾਸਤੀ ਯਾਦਗਾਰਾਂ ਸਬੰਧੀ ਗਲਤ ਬਿਆਨਬਾਜ਼ੀ ਕਰਨ ਤੋਂ ਗੁਰੇਜ ਕਰਨਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਵਿਰਾਸਤ-ਏ-ਖਾਲਸਾ ਲਈ ਚਿੱਟਾ ਹਾਥੀ ਸ਼ਬਦ ਵਰਤਣ ‘ਤੇ ਪ੍ਰਤੀਕਰਮ ਦਿੰਦਿਆਂ ਕੀਤਾ ਹੈ। ਜਾਰੀ ਇੱਕ ਬਿਆਨ ਵਿਚ ਪ੍ਰੋ: ਬਡੂੰਗਰ ਨੇ ਕਿਹਾ ਕਿ ਸਿੱਖਾਂ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਭਾਰਤ ਦੀ ਆਜ਼ਾਦੀ ਦੇ ਨਾਲ-ਨਾਲ ਇਥੋਂ ਦੇ ਸੱਭਿਆਚਾਰ ਅਤੇ ਵਿਰਾਸਤ ਨੂੰ ਬਚਾਉਣ ਲਈ ਸਿਖ ਕੌਮ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਆਖਿਆ ਕਿ ਮੁਗ਼ਲਾਂ ਅਤੇ ਅੰਗਰੇਜ਼ਾਂ ਨਾਲ ਟੱਕਰ ਲੈ ਕੇ ਸਿੱਖਾਂ ਨੇ ਮਾਣਮੱਤਾ ਇਤਿਹਾਸ ਸਿਰਜਿਆ ਜਿਸਦਾ ਪੂਰੀ ਦੁਨੀਆਂ ਵਿਚ ਕੋਈ ਸਾਨੀ ਨਹੀਂ ਅਤੇ ਵਿਰਾਸਤ-ਏ-ਖਾਲਸਾ ਯਾਦਗਾਰ ਖਾਲਸਾ ਪੰਥ ਦੇ ਇਸੇ ਹੀ ਇਤਿਹਾਸ ਨੂੰ ਰੂਪਮਾਨ ਕਰਦੀ ਹੈ।
ਉਨ੍ਹਾਂ ਸ. ਨਵਜੋਤ ਸਿੰਘ ਸਿੱਧੂ ਵੱਲੋਂ ਇਸ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਆਖਿਆ ਕਿ ਦੇਸ਼-ਵਿਦੇਸ਼ ਤੋਂ ਲੋਕ ਵਿਰਾਸਤ-ਏ-ਖਾਲਸਾ ਵਿਖੇ ਪੁੱਜ ਕੇ ਖਾਲਸੇ ਦੇ ਇਤਿਹਾਸ ਅਤੇ ਅਮੀਰ ਵਿਰਾਸਤ ਸਬੰਧੀ ਜਾਣਕਾਰੀ ਪ੍ਰਾਪਤ ਕਰਦੇ ਹਨ ਅਤੇ ਖਾਸਕਰ ਨੌਜੁਆਨ ਪੀੜੀ ਇਸ ਪ੍ਰਤੀ ਵਿਸ਼ੇਸ਼ ਰੁਚੀ ਦਿਖਾ ਰਹੀ ਹੈ। ਉਨ੍ਹਾਂ ਸ. ਪ੍ਰਕਾਸ਼ ਸਿੰਘ ਬਾਦਲ ਦੇ ਸਿੱਖ ਵਿਰਾਸਤ ਬਾਰੇ ਕੀਤੇ ਵਿਸ਼ੇਸ਼ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਕਾਲੀ ਸਰਕਾਰ ਸਮੇਂ ਸਿੱਖਾਂ ਅਤੇ ਪੰਜਾਬ ਦੇ ਸੁਨਹਿਰੀ ਇਤਿਹਾਸ ਨੂੰ ਰੂਪਮਾਨ ਕਰਦੀਆਂ ਵੱਖ-ਵੱਖ ਵਿਰਾਸਤੀ ਯਾਦਗਾਰਾਂ ਦੀ ਸਥਾਪਨਾ ਕਰ ਕੇ ਬੱਚਿਆਂ ਅਤੇ ਨੌਜੁਆਨਾਂ ਲਈ ਆਪਣੇ ਇਤਿਹਾਸ ਨੂੰ ਸਮਝਣ ਅਤੇ ਜਾਨਣ ਲਈ ਵਡਮੁੱਲੇ ਉਪਰਾਲੇ ਕੀਤੇ ਹਨ। ਦੂਸਰੇ ਪਾਸੇ ਕਾਂਗਰਸੀ ਮੰਤਰੀ ਵੱਲੋਂ ਅਕਾਲੀ ਸਰਕਾਰ ਸਮੇਂ ਕੀਤੇ ਗਏ ਲੋਕ ਕਾਰਜਾਂ ਉਪਰ ਕਿੰਤੂ ਕਰਨਾ ਉਚਿਤ ਨਹੀਂ।
ਉਨ੍ਹਾਂ ਕਿਹਾ ਕਿ ਸ. ਨਵਜੋਤ ਸਿੰਘ ਸਿੱਧੂ ਲੋਕ ਨੁਮਾਇੰਦੇ ਹੁੰਦਿਆਂ ਇੱਕ ਜ਼ਿੰਮੇਵਾਰ ਵਿਅਕਤੀ ਹਨ ਅਤੇ ਉਨ੍ਹਾਂ ਦੇ ਮੂੰਹੋਂ ਅਜਿਹੇ ਸ਼ਬਦ ਸ਼ੋਭਾ ਨਹੀਂ ਦਿੰਦੇ। ਇਸ ਲਈ ਸ. ਸਿੱਧੂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਸਿੱਖ ਜਗਤ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।