ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ
ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਵਾਤਾਵਰਣ ਪ੍ਰੇਮੀਆਂ ਦੀ 7 ਦਸੰਬਰ ਨੂੰ ਮੀਟਿੰਗ ਸੱਦੀ
ਅੰਮ੍ਰਿਤਸਰ 14 ਨਵੰਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਿੰ੍ਰਗ ਕਮੇਟੀ ਵੱਲੋਂ ਵਾਤਾਵਰਣ ਦੀ ਸ਼ੁੱਧਤਾ ਤੇ ਸੰਭਾਲ ਬਾਰੇ ਲਏ ਗਏ ਫੈਸਲੇ ਦੀ ਰੌਸ਼ਨੀ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਉਚੇਚੇ ਤੌਰ ਤੇ ਵਾਤਾਵਰਣ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨਾਲ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਸ਼ਾਹੀ ਪਹਿਲੀ ਸੁਲਤਾਨਪੁਰ ਲੋਧੀ ਵਿਖੇ ਵਿਸ਼ੇਸ਼ ਮੁਲਾਕਾਤ ਕੀਤੀ ਹੈ।
ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਾਤਾਵਰਣ ਪ੍ਰੇਮੀਆਂ ਦੇ ਸਹਿਯੋਗ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਜੋ ੨੦੧੯ ਵਿੱਚ ਆ ਰਿਹਾ ਹੈ ਨੂੰ ਸਮਰਪਿਤ ਇਕ ਵਿਸ਼ੇਸ਼ ਵਾਤਾਵਰਣ ਜਾਗਰੂਕਤਾ ਲਹਿਰ ਚਲਾਵੇਗੀ ਜੋ ਆਉਣ ਵਾਲੇ ਤਿੰਨ ਸਾਲ ਪੰਜਾਬ ਦੇਸ਼ ਨੂੰ ਹਰਿਆ ਭਰਿਆ ਬਣਾਉਣ ਲਈ ਵੱਖ-ਵੱਖ ਸਮਾਗਮਾਂ ਰਾਹੀਂ ਘਰ-ਘਰ ਇਹ ਸੰਦੇਸ਼ ਦੇਵੇਗੀ ਕਿ ਗੁਰੂ ਸਾਹਿਬ ਵੱਲੋਂ ਦਿੱਤੇ ਸਿਧਾਂਤ ਨੂੰ ਸਮਝ ਕੇ ਉਸ ਤੇ ਅਮਲ ਕੀਤਾ ਜਾਵੇ ਅਤੇ ਪਵਨ, ਪਾਣੀ, ਧਰਤ ਦੀ ਅਸਲ ਮਹੱਤਤਾ ਨੂੰ ਹਿਰਦਿਆਂ ਵਿੱਚ ਵਸਾਇਆ ਜਾਵੇ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਜਿੰਨੀ ਉੱਚੀ-ਸੁੱਚੀ ਤੇ ਵਿਸ਼ਾਲ ਹੈ ਉਸ ਨੂੰ ਮਨੁੱਖ ਅਜੇ ਵੀ ਇਸ ਪੱਧਰ ਤੱਕ ਨਹੀਂ ਸਮਝ ਸਕਿਆ ਹੈ।ਉਨ੍ਹਾਂ ਕਿਹਾ ਕਿ ਹਿੰਸਾ, ਨਸ਼ੇ ਅਤੇ ਹੋਰ ਸਮਾਜਿਕ ਬੁਰਾਈਆਂ ਦਾ ਪ੍ਰਦੂਸ਼ਣ ਧਰਤੀ ਉੱਤੇ ਜੀਵਨ ਲਈ ਚਿੰਤਾਜਨਕ ਸਮੱਸਿਆਵਾਂ ਪੈਦਾ ਕਰ ਰਿਹਾ ਹੈ।ਇਸ ਲਈ ਸਰਬੱਤ ਦੇ ਭਲੇ ਲਈ ਗੁਰੂ ਜੀ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਸੰਸਾਰ ਵਿਚ ਘਰ-ਘਰ ਪਹੁੰਚਾਉਣ ਦੀ ਸਖਤ ਲੋੜ ਹੈ।ਉਨ੍ਹਾਂ ਕਿਹਾ ਕਿ ਮਨੁੱਖਤਾ ਦੇ ਸੁੱਖੀ ਵਸੇਬੇ ਲਈ ਜ਼ਰੂਰੀ ਹੈ ਕਿ ਪਵਣ ਗੁਰੂ ਹੋਵੇ, ਪਾਣੀ ਪਿਤਾ ਹੋਵੇ ਤੇ ਧਰਤੀ ਮਾਤਾ ਹੋਵੇ ਦੇ ਸੰਦਰਭ ਨੂੰ ਸਮਝਿਆ ਜਾਵੇ।ਪ੍ਰੋ. ਬਡੂੰਗਰ ਨੇ ਕਿਹਾ ਕਿ ਸਾਰੇ ਵਾਤਾਵਰਣ ਪ੍ਰੇਮੀ ਅਤੇ ਸਹਿਯੋਗ ਕਰਨ ਵਾਲੀਆਂ ਸਾਰੀਆਂ ਧਿਰਾਂ, ਜਥੇਬੰਦੀਆਂ, ਸੰਤ ਮਹਾਤਮਾ ਨੂੰ ਇਕ ਪਲੇਟ ਫਾਰਮ ਤੇ ਇਕੱਤਰ ਕਰਕੇ ਇਕ ਵਿਸ਼ਾਲ ਪੱਧਰ ਤੇ ਵਾਤਾਵਰਣ ਸ਼ੁੱਧਤਾ ਜਾਗਰੂਕ ਲਹਿਰ ਚਲਾਈ ਜਾਵੇਗੀ ਤੇ ਘਰ-ਘਰ ਇਸ ਦਾ ਸੰਦੇਸ਼ ਪਹੁੰਚਾਉਣ ਲਈ ਜਤਨ ਕੀਤੇ ਜਾਣਗੇ।ਬਾਬਾ ਬਲਬੀਰ ਸਿੰਘ ਨਾਲ ਲੰਮੀ ਚੌੜੀ ਮੀਟਿੰਗ ਉਪਰੰਤ ਪ੍ਰੋ. ਬਡੂੰਗਰ ਨੇ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ੫੫੦ ਸਾਲਾ ਪ੍ਰਕਾਸ਼ ਪੁਰਬ ਵਿਸ਼ਾਲ ਪੱਧਰ ਤੇ ਮਨਾਇਆ ਜਾਵੇਗਾ ਤੇ ਇਸ ਪੁਰਬ ਨੂੰ ਸਮਰਪਿਤ ੨੦੧੯ ਤੀਕ ਸਮੁੱਚੇ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਇਕ ਵਿਸ਼ੇਸ਼ ਇਕੱਤਰਤਾ ਗੁਰਦੁਆਰਾ ਸ੍ਰੀ ਬੇਰ ਸਾਹਿਬ ਪਾਤਸ਼ਾਹੀ ਪਹਿਲੀ ਸੁਲਤਾਨਪੁਰ ਲੋਧੀ ਵਿਖੇ ੭ ਦਸੰਬਰ ੨੦੧੬ ਨੂੰ ਹੋਵੇਗੀ ਜਿਸ ਵਿੱਚ ਦੇਸ਼ ਭਰ ਦੇ ਵਾਤਾਵਰਣ ਪ੍ਰੇਮੀ, ਮਾਹਰ, ਧਾਰਮਿਕ ਜਥੇਬੰਦੀਆਂ ਦੇ ਆਗੂ ਸ਼ਾਮਲ ਹੋ ਕੇ ਇਸ ਜਾਗਰੂਕਤਾ ਲਹਿਰ ਨੂੰ ਪ੍ਰਚੰਡ ਕਰਨ ਲਈ ਵਿਚਾਰ ਚਰਚਾ ਕਰਨਗੇ।ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਇਸ ਲਹਿਰ ਦੀ ਆਰੰਭਤਾ ਲਈ ਵਧਾਈ ਦਿੱਤੀ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ।ਉਨ੍ਹਾਂ ਕਿਹਾ ਕਿ ਦਰਿਆਵਾਂ, ਨਹਿਰਾਂ ਤੇ ਹੋਰ ਜਲ ਸਰੋਤਾਂ ਨੂੰ ਫੈਕਟਰੀਆਂ ਦੇ ਜ਼ਹਿਰੀਲੇ ਪਾਣੀ ਰਾਹੀਂ ਜਾਂ ਪਿੰਡਾਂ ਸ਼ਹਿਰਾਂ ਦਾ ਗੰਦਾ ਪਾਣੀ ਉਨ੍ਹਾਂ ਵਿੱਚ ਪਾ ਕੇ ਪਲੀਤ ਕੀਤਾ ਜਾ ਰਿਹਾ ਹੈ ਜੋ ਘੋਰ ਪਾਪ ਤੇ ਕਾਨੂੰਨ ਦੀ ਉਲੰਘਣਾ ਹੈ।ਸ਼ੁੱਧ ਪਾਣੀ ਦੀ ਵਰਤੋਂ ਲਈ ਇਨ੍ਹਾਂ ਚੀਜ਼ਾਂ ਦੀ ਰੋਕਥਾਮ ਅਤਿ ਜ਼ਰੂਰੀ ਹੈ।
ਇਸ ਮੀਟਿੰਗ ਵਿੱਚ ਬਾਬਾ ਬਲਬੀਰ ਸਿੰਘ ਸੀਚੇਵਾਲ ਤੋਂ ਇਲਾਵਾ ਸੰਤ ਦਯਾ ਸਿੰਘ ਜੀ ਗੁਰਦੁਆਰਾ ਟਾਹਲੀ ਸਾਹਿਬ, ਬਾਬਾ ਤਰਲੋਕ ਸਿੰਘ ਹਮੀਰੇ ਵਾਲੇ, ਬਾਬਾ ਸੁਰਜੀਤ ਸਿੰਘ, ਸ. ਜਰਨੈਲ ਸਿੰਘ ਡੋਗਰਾਵਾਲਾ, ਸ. ਸ਼ਿੰਗਾਰਾ ਸਿੰਘ ਲੋਹੀਆਂ, ਸ. ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ ਸ. ਦਿਲਜੀਤ ਸਿੰਘ ਬੇਦੀ, ਸ. ਹਰਭਜਨ ਸਿੰਘ ਮਨਾਵਾਂ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਮਹਿੰਦਰ ਸਿੰਘ ਆਹਲੀ, ਸ. ਚਾਨਣ ਸਿੰਘ, ਸ. ਗੁਰਾ ਸਿੰਘ ਤੇ ਸ. ਜੱਸਾ ਸਿੰਘ ਆਦਿ ਹਾਜ਼ਰ ਸਨ।