ਅੰਮ੍ਰਿਤਸਰ 26 ਅਪ੍ਰੈਲ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਵਿਦਵਾਨਾਂ, ਸਿੱਖ ਸੰਪ੍ਰਦਾਵਾਂ, ਨਿਹੰਗ ਸਿੰਘ ਦਲਾਂ ਤੇ ਸਿੱਖ ਸੰਸਥਾਵਾਂ ਨਾਲ ਸੰਪਰਕ ਕਾਇਮ ਰੱਖਣ ਲਈ ਡਾਇਰੈਕਟਰੀ ਛਾਪਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਲਈ ਮੁਕੰਮਲ ਪੋਸਟਲ ਐਡਰੈਸ ਸਮੇਤ ਈ-ਮੇਲ ਤੇ ਮੋਬਾਈਲ ਨੰਬਰ ਆਦਿ ਦੀ ਮੰਗ ਕੀਤੀ ਜਾ ਰਹੀ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਥੇਦਾਰ ਅਵਤਾਰ ਸਿੰਘ ਦੇ ਹਵਾਲੇ ਨਾਲ ਕਿਹਾ ਕਿ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਕਮੇਟੀ ਨੂੰ ਸ਼ਤਾਬਦੀਆਂ, ਗੁਰਮਤਿ ਸਮਾਗਮਾਂ ਤੇ ਵਿਸ਼ੇਸ਼ ਮੀਟਿੰਗਾਂ ਸਮੇਂ ਵੱਖ-ਵੱਖ ਵਿਦਵਾਨਾਂ, ਸੰਪ੍ਰਦਾਵਾਂ ਤੇ ਸੰਸਥਾਵਾਂ ਨਾਲ ਸੰਪਰਕ ਕਰਨ ਹਿਤ ਭੇਜੇ ਜਾਂਦੇ ਸੱਦਾ ਪੱਤਰ ਮੁਕੰਮਲ ਐਡਰੈਸ ਨਾ ਹੋਣ ਕਾਰਨ ਵਾਪਸ ਆਉਣ ਤੇ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਦੇ ਹੱਲ ਲਈ ਹੁਣ ਡਾਇਰੈਕਟਰੀ ਛਾਪਣ ਦਾ ਫੈਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਨੇ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਸਿੰਘ ਸਭਾਵਾਂ, ਸੇਵਾ-ਸੁਸਾਇਟੀਆਂ, ਸਿੱਖ ਪ੍ਰਤੀਨਿਧਾਂ, ਸਿੱਖ ਸੰਪ੍ਰਦਾਵਾਂ, ਸੰਤ ਸਮਾਜ, ਨਿਹੰਗ ਸਿੰਘ ਦਲਾਂ, ਗੱਤਕਾ ਦਲਾਂ, ਸ਼੍ਰੋਮਣੀ ਅਕਾਲੀ ਦਲ ਦੇ ਦਲਾਂ, ਨਿਰਮਲੇ ਸੰਤਾਂ, ਸਿੱਖ ਵਿਦਿਅਕ ਅਦਾਰਿਆਂ ਦੇ ਮੁਖੀਆਂ, ਅਖਬਾਰਾਂ/ਰਸਾਲਿਆਂ ਦੇ ਸੰਪਾਦਕਾਂ, ਸੇਵਾ-ਮੁਕਤ ਸਿੱਖ ਅਧਿਕਾਰੀਆਂ, ਸਿੱਖ ਚਿੰਤਕਾਂ, ਲੇਖਕਾਂ, ਪ੍ਰੋਫੈਸਰਾਂ, ਡਾਕਟਰਾਂ, ਵਕੀਲਾਂ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਸੇਵਾ-ਸੁਸਾਇਟੀਆਂ ਤੇ ਗ੍ਰਾਮ ਪੰਚਾਇਤਾਂ ਆਪਣੇ-ਆਪਣੇ ਮੁਕੰਮਲ ਪੋਸਟਲ ਐਡਰੈਸ ਸਮੇਤ ਈ-ਮੇਲ ਤੇ ਮੋਬਾਈਲ ਨੰਬਰ ਆਦਿ ਦਫ਼ਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵਿਖੇ ਭੇਜਣ ਜਾਂ ਸਾਡੀ ਈ-ਮੇਲ [email protected] ‘ਤੇ ਭੇਜ ਦੇਣ ਤਾਂ ਕਿ ਡਾਇਰੈਕਟਰੀ ਛਾਪਣ ਦੇ ਕੰਮ ਨੂੰ ਪੂਰਾ ਕੀਤਾ ਜਾ ਸਕੇ।