ਸ਼੍ਰੋਮਣੀ ਕਮੇਟੀ ਵੱਲੋਂ ਬੁੱਧੀਜੀਵੀਆਂ, ਨਿਹੰਗ ਸਿੰਘ ਦਲਾਂ, ਸਿੱਖ ਸੰਪਰਦਾਵਾਂ, ਵਿਦਿਅਕ ਅਦਾਰਿਆਂ ਦੇ ਪ੍ਰਿੰਸੀਪਲਾਂ, ਸਕਾਲਰਾਂ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਦੇ ਮੁਖੀਆਂ ਨਾਲ ਇਕੱਤਰਤਾ
ਹਾਜ਼ਰ ਨੁਮਾਇੰਦਿਆ ਵੱਲੋਂ ਮਸਲੇ ਦੇ ਹੱਲ ਲਈ ਇਕਜੁੱਟਤਾ ਦਾ ਪ੍ਰਗਟਾਵਾ
ਅੰਮ੍ਰਿਤਸਰ 7 ਅਪ੍ਰੈਲ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ਵਿੱਚ ਸਿੱਖਾਂ ਨਾਲ ਵਾਪਰ ਰਹੀਆਂ ਨਸਲੀ ਘਟਨਾਵਾਂ ਦੇ ਹੱਲ ਲਈ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ, ਮਿਸ਼ਨਰੀ ਤੇ ਵਿਦਿਅਕ ਅਦਾਰਿਆਂ (ਕਾਲਜਾਂ) ਦੇ ਪ੍ਰਿੰਸੀਪਲਾਂ, ਸਿੱਖ ਬੁੱਧੀਜੀਵੀਆਂ/ਸਕਾਲਰਾਂ ਅਤੇ ਸਿੱਖ ਧਾਰਮਿਕ ਜਥੇਬੰਦੀਆਂ ਨਾਲ ਸ਼੍ਰੋਮਣੀ ਕਮੇਟੀ ਦੇ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਵਿਸ਼ਾਲ ਵਿਸ਼ੇਸ਼ ਇਕੱਤਰਤਾ ਕੀਤੀ।
ਇਕੱਤਰਤਾ ਸਮੇਂ ਡਾ. ਬਲਵੰਤ ਸਿੰਘ ਢਿਲੋਂ, ਡਾ. ਗੁਰਮੋਹਨ ਸਿੰਘ ਵਾਲੀਆ, ਡਾ. ਸਰਬਜਿੰਦਰ ਸਿੰਘ, ਡਾ. ਧਰਮਿੰਦਰ ਸਿੰਘ ਉੱਭਾ ਤੇ ਸ. ਰਘਬੀਰ ਸਿੰਘ ਇੰਗਲੈਂਡ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਦੁਨੀਆਂ ਦੇ ਹਰ ਖਿੱਤੇ ਵਿੱਚ ਸਿੱਖ ਕੌਮ ਵਸ ਚੁੱਕੀ ਹੈ, ਪਰ ਆਪਣੀ ਪਛਾਣ ਨੂੰ ਸਹੀ ਢੰਗ ਨਾਲ ਦਰਸਾਉਣ ਵਿੱਚ ਉਸ ਨੂੰ ਅਜੇ ਤੀਕ ਸਫਲਤਾ ਹਾਸਲ ਨਹੀਂ ਹੋਈ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਅਜੇ ਤੀਕ ਸਿੱਖਾਂ ਦੀ ਤੁਲਨਾ ਮੁਸਲਮਾਨਾਂ ਨਾਲ ਕੀਤੀ ਜਾ ਰਹੀ ਹੈ ਜੋ ਜਾਗਰੂਕਤਾ ਦੀ ਘਾਟ ਨੂੰ ਦਰਸਾਉਂਦਾ ਹੈ।ਉਨ੍ਹਾਂ ਆਪਣੇ-ਆਪਣੇ ਸੁਝਾਅ ਦਿੰਦਿਆਂ ਕਿਹਾ ਕਿ ਸਿੱਖ ਧਰਮ ਬਾਰੇ ਆਪਣੀ ਭਾਸ਼ਾ ਤੋਂ ਇਲਾਵਾ ਵੱਖ-ਵੱਖ ਦੇਸ਼ਾਂ ਦੀ ਭਾਸ਼ਾ ਵਿੱਚ ਲਿਟਰੇਚਰ ਛਾਪਿਆ ਜਾਵੇ ਅਤੇ ਕੋਸ਼ਿਸ਼ ਕੀਤੀ ਜਾਵੇ ਕਿ ਸੋਸ਼ਲ ਮੀਡੀਆ ਰਾਹੀ ਲੋਕਾਂ ਤੀਕ ਪਹੁੰਚ ਕਰਕੇ ਉਨ੍ਹਾਂ ਨੂੰ ਸਿੱਖ ਧਰਮ ਦੇ ਲਾਸਾਨੀ ਇਤਿਹਾਸ ਤੋਂ ਜਾਣੂੰ ਕਰਵਾਇਆ ਜਾਵੇ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰਚਾਰਕ ਭਰਤੀ ਕੀਤੇ ਜਾਣ ਜੋ ਦੂਜੀਆਂ ਭਾਸ਼ਾਵਾਂ ਦਾ ਵੀ ਗਿਆਨ ਰੱਖਦੇ ਹੋਣ ਅਤੇ ਇਸ ਤੋਂ ਇਲਾਵਾ ਉਨ੍ਹਾਂ ਅੰਦਰ ਤਰਕ ਨਾਲ ਆਪਣੀ ਗੱਲ ਕਹਿਣ ਦਾ ਹੁਨਰ ਹੋਵੇ।ਬੁਲਾਰਿਆਂ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਵਿਦੇਸ਼ਾਂ ਵਿੱਚ ਕਾਰਜਸ਼ੀਲ ਸਿੱਖ ਜਥੇਬੰਦੀਆਂ ਅਤੇ ਉੱਚ ਅਹੁਦਿਆਂ ਤੇ ਬਿਰਾਜਮਾਨ ਸਿੱਖਾਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇ ਤਾਂ ਜੋ ਇਕ ਲਹਿਰ ਦੀ ਤਰ੍ਹਾਂ ਇਸ ਸਬੰਧ ਵਿੱਚ ਕਾਰਜਸ਼ੀਲਤਾ ਹੋ ਸਕੇ।ਬੁਲਾਰਿਆਂ ਦਾ ਸਾਂਝੇ ਤੌਰ ‘ਤੇ ਇਹ ਵੀ ਸੁਝਾਅ ਸੀ ਕਿ ਸਿੱਖ ਪਹਿਚਾਣ ਦਾ ਮੁੱਦਾ ਚਿੰਤਾ ਦਾ ਨਹੀਂ ਸਗੋਂ ਚਿੰਤਨ ਨਾਲ ਜੁੜਿਆ ਹੈ।ਵਿਦਵਾਨਾਂ ਵੱਲੋਂ ਦਿੱਤੇ ਗਏ ਸੁਝਾਵਾਂ ਵਿੱਚ ਇਹ ਗੱਲ ਵੀ ਅਹਿਮ ਸੀ ਕਿ ਸਿੱਖ ਕੌਮ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਹੋਣਾ ਜ਼ਰੂਰੀ ਹੈ ਅਤੇ ਇਸ ਤਹਿਤ ਸਿੱਖੀ ਪਹਿਚਾਣ, ਸਿੱਖ ਮਰਯਾਦਾ ਅਤੇ ਸਿੱਖ ਸਿਧਾਤਾਂ ਨਾਲ ਸਬੰਧਤ ਛੋਟੇ-ਛੋਟੇ ਵੀਡੀਓ ਕਲਿਪ ਤਿਆਰ ਕਰਕੇ ਵੱਖ-ਵੱਖ ਸੋਸ਼ਲ ਸਾਈਟਾਂ ਤੇ ਅਪਲੋਡ ਕਰਨੇ ਚਾਹੀਦੇ ਹਨ।ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਨੂੰ ਆਪਣਾ ਅਖ਼ਬਾਰ ਤੇ ਟੀ.ਵੀ. ਚੈੱਨਲ ਸ਼ੁਰੂ ਕਰਨ ਲਈ ਯਤਨਸ਼ੀਲ ਹੋਣ ਦੀ ਗੱਲ ਵੀ ਕਹੀ ਗਈ।ਇੱਕਤਰਤਾ ਦੌਰਾਨ ਡਾ. ਬਲਜਿੰਦਰ ਸਿੰਘ ਪ੍ਰਿੰਸੀਪਲ, ਸ. ਜਸਵਿੰਦਰ ਸਿੰਘ ਐਡਵੋਕੇਟ, ਪ੍ਰੋਫੈਸਰ ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਸ. ਤੇਜਿੰਦਰਪਾਲ ਸਿੰਘ ਟਿੰਮਾ ਗੰਗਾਨਗਰ, ਸ. ਅਵਤਾਰ ਸਿੰਘ ਖਾਲਸਾ ਜੰਮੂ- ਕਸ਼ਮੀਰ, ਭਾਈ ਜਸਬੀਰ ਸਿੰਘ ਖਾਲਸਾ ਸਾਬਕਾ ਜਥੇਦਾਰ, ਬਾਬਾ ਅਵਤਾਰ ਸਿੰਘ ਮੁਖੀ ਬਿਧੀ ਚੰਦ ਸੰਪਰਦਾ ਸੁਰਸਿੰਘ ਵਾਲੇ, ਡਾ. ਪਰਮਵੀਰ ਸਿੰਘ, ਬੀਬੀ ਕਿਰਨਜੋਤ ਕੌਰ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਧਰਮ ਸਿੰਘ, ਡਾ. ਗੁਲਜ਼ਾਰ ਸਿੰਘ ਕੰਗ ਤੇ ਡਾ .ਜਸਬੀਰ ਸਿੰਘ ਸਾਬਰ ਨੇ ਵੀ ਆਪਣੇ ਵਿਚਾਰ ਅਤੇ ਸੁਝਾਅ ਪੇਸ਼ ਕੀਤੇ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਕੱਤਰਤਾ ਸਮੇਂ ਹਾਜ਼ਰ ਹੋਈਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਇਤਿਹਾਸ ਵਿੱਚ ਜਿੰਨਾ ਕੰਮ ਵਿਦਿਆ, ਸਿਹਤ, ਗੁਰਦੁਆਰਿਆਂ ਤੇ ਪ੍ਰਚਾਰ ਦੇ ਖੇਤਰ ਵਿੱਚ ਹੋਇਆ ਹੈ ਓਨਾ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਹੋਇਆ।ਉਨ੍ਹਾਂ ਕਿਹਾ ਕਿ ਅਮਰੀਕਾ ਵਰਗੇ ਵਿਕਸਤ ਦੇਸ਼ ਜਿਥੇ ਸਿੱਖਾਂ ਦੀ ਪੰਜ ਲੱਖ ਤੋਂ ਵੱਧ ਦੀ ਆਬਾਦੀ ਹੈ ਉਥੇ ਸਿੱਖਾਂ ਤੇ ਨਸਲੀ ਹਮਲੇ ਦੀਆਂ ਘਟਨਾਵਾਂ ਵਿੱਚ ਦਿਨੋਂ-ਦਿਨ ਵਾਧਾ ਹੋਣਾ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਇਕੱਤਰਤਾ ਦੌਰਾਨ ਬੁੱਧੀਜੀਵੀਆਂ ਵੱਲੋਂ ਦਿੱਤੇ ਗਏ ਕੀਮਤੀ ਸੁਝਾਵਾਂ ‘ਤੇ ਗੌਰ ਕਰਨ ਲਈ ਬਹੁਤ ਜਲਦ ਸਬ-ਕਮੇਟੀ ਗਠਿਤ ਕੀਤੀ ਜਾਵੇਗੀ ਜੋ ਸਾਰੇ ਸੁਝਾਵਾਂ ਦੀ ਘੋਖ ਪੜਤਾਲ ਕਰਕੇ ਸੁਝਾਵਾਂ ਦੀ ਨਿਸ਼ਾਨਦੇਹੀ ਕਰੇਗੀ, ਉਪਰੰਤ ਸ਼੍ਰੋਮਣੀ ਕਮੇਟੀ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਮੈਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆ ਦੇ ਹੱਲ ਲਈ ਸ਼੍ਰੋਮਣੀ ਕਮੇਟੀ ਫੌਰੀ ਤੌਰ ਤੇ ਪ੍ਰਬੰਧ ਕਰੇਗੀ।ਭਾਰਤ ਦੇ ਵਿਦੇਸ਼ ਮੰਤਰਾਲੇ ਵੱਲੋਂ ਸਿੱਖਾਂ ਤੇ ਹੋ ਰਹੇ ਨਸਲੀ ਹਮਲਿਆਂ ਸਬੰਧੀ ਅਪਨਾਈ ਜਾ ਰਹੀ ਨਰਮ ਨੀਤੀ ਦੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜਿਸ ਦੇਸ਼ ਵਿੱਚ ਰਹਿੰਦਿਆਂ ਕਿਸੇ ਸਿੱਖ ਨੂੰ ਨਾਗਰਿਕਤਾ ਮਿਲਦੀ ਹੈ ਸਭ ਤੋਂ ਪਹਿਲਾਂ ਉਸ ਦੇਸ਼ ਦੀ ਸਰਕਾਰ ਦਾ ਇਹ ਮੁੱਢਲਾ ਫਰਜ਼ ਹੈ ਕਿ ਉਹ ਸਬੰਧਤ ਨਾਗਰਿਕ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਏ।ਉਨ੍ਹਾਂ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਵੀ ਸੁਚੇਤ ਹੋਣ ਦੀ ਜ਼ਰੂਰਤ ਹੈ ਤਾਂ ਕਿ ਉਹ ਸਿੱਖਾਂ ਤੇ ਹੁੰਦੇ ਨਸਲੀ ਹਮਲਿਆਂ ਸਬੰਧੀ ਉਥੋਂ ਦੀ ਸਰਕਾਰ ਨਾਲ ਰਾਬਤਾ ਕਾਇਮ ਕਰਕੇ ਕੋਈ ਢੁੱਕਵਾਂ ਹੱਲ ਲੱਭ ਸਕਣ।ਮੰਚ ਸੰਚਾਲਨ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵੱਲੋਂ ਵਿਧੀਵਤ ਢੰਗ ਨਾਲ ਕੀਤਾ ਗਿਆ।
ਇਕੱਤਰਤਾ ਦੌਰਾਨ ਇਹ ਮਤਾ ਸ. ਬੇਦੀ ਵੱਲੋਂ ਪੇਸ਼ ਕੀਤਾ ਗਿਆ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਗੁਰੂ ਬਖਸ਼ਿਆ ਸਾਬਤ ਸੂਰਤ ਦਸਤਾਰਧਾਰੀ ਸਰੂਪ ਇਸ ਦੀ ਪਹਿਚਾਣ ਹੈ।ਦੁਨੀਆਂ ਦੇ ਹਰੇਕ ਕੋਨੇ ਅੰਦਰ ਅੱਜ ਸਿੱਖ ਮੌਜੂਦ ਹਨ ਅਤੇ ਭਰਪੂਰ ਮਿਹਨਤ ਤੇ ਇਮਾਨਦਾਰੀ ਨਾਲ ਵੱਖ-ਵੱਖ ਦੇਸ਼ਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਹਿੱਸਾ ਪਾ ਰਹੇ ਹਨ ,ਪਰ ਅਫਸੋਸ ਦੀ ਗੱਲ ਹੈ ਕਿ ਅੱਜ ਵਿਦੇਸ਼ਾਂ ਅੰਦਰ ਸਿੱਖਾਂ ਤੇ ਨਸਲੀ ਹਮਲੇ ਹੋ ਰਹੇ ਹਨ।ਕਦੇ ਪਬਲਿਕ ਸਥਾਨਾਂ ਤੇ ਸਿੱਖਾਂ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਅਤੇ ਕਦੇ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਤੇ ਹਮਲੇ ਕੀਤੇ ਜਾਂਦੇ ਹਨ।ਇਸ ਲਈ ਇਕੱਤਰਤਾ ਮਹਿਸੂਸ ਕਰਦੀ ਹੈ ਕਿ ਸਿੱਖ ਪਹਿਚਾਣ ਦੇ ਭੁਲੇਖਿਆਂ ਨੂੰ ਦੂਰ ਕਰਨ ਲਈ ਸਮੁੱਚਾ ਪੰਥ ਇਕਜੁੱਟ ਹੋ ਕੇ ਯਤਨ ਕਰੇ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਗਵਾਈ ਕਰੇ ਅਤੇ ਸਮੂਹ ਸਿੱਖ ਜਥੇਬੰਦੀਆਂ ਸਹਿਯੋਗ ਕਰਨ।ਸਿੱਖ ਪਹਿਚਾਣ ਬਾਰੇ ਸਾਹਿਤ ਛਾਪਿਆ ਜਾਵੇ ਅਤੇ ਇਹ ਜ਼ਿੰਮੇਵਾਰੀ ਸਿੱਖ ਬੁੱਧੀਜੀਵੀ ਅਤੇ ਸਕਾਲਰ ਨਿਭਾਉਣ।ਮਤੇ ਵਿੱਚ ਭਾਰਤ ਦੀ ਕੇਂਦਰ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਕਿ ਸਿੱਖਾਂ ਤੇ ਹੁੰਦੇ ਨਸਲੀ ਹਮਲਿਆਂ ਨੂੰ ਲੈ ਕੇ ਉਹ ਵੱਖ-ਵੱਖ ਦੇਸ਼ਾਂ ਦੀਆਂ ਸਰਕਾਰਾਂ ਨਾਲ ਗੱਲ ਕਰੇ ਅਤੇ ਸਿੱਖਾਂ ਦੀ ਸੁਰੱਖਿਆਂ ਯਕੀਨੀ ਬਣਾਉਣ ਲਈ ਉਨ੍ਹਾਂ ਤੇ ਜ਼ੋਰ ਪਾਏ।ਇਸ ਤੋਂ ਇਲਾਵਾ ਕੇਂਦਰ ਸਰਕਾਰ ਸਿੱਖਾਂ ਦੀ ਵੱਖਰੀ ਹੋਂਦ ਨੂੰ ਘੋਸ਼ਿਤ ਕਰਨ ਲਈ ਧਾਰਾ-੨੫ਬੀ ਵਿੱਚ ਵੀ ਸੋਧ ਕਰੇ।ਇਸ ਮਤੇ ਨੂੰ ਇਕੱਤਰਤਾ ‘ਚ ਸਰਬਸੰਮਤੀ ਨਾਲ ਬੁੱਧੀਜੀਵੀਆਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਸਹਿਮਤੀ ਦਿੱਤੀ ਗਈ।
ਇਸ ਮੌਕੇ ਸ. ਰਜਿੰਦਰ ਸਿੰਘ ਮਹਿਤਾ ਤੇ ਸ. ਨਿਰਮੈਲ ਸਿੰਘ ਜੌਲਾਂ ਅੰਤ੍ਰਿੰਗ ਕਮੇਟੀ ਮੈਂਬਰ, ਸ. ਬਾਵਾ ਸਿੰਘ ਗੁਮਾਨਪੁਰਾ, ਸ. ਰਵਿੰਦਰ ਸਿੰਘ ਖਾਲਸਾ, ਸ. ਭਗਵੰਤ ਸਿੰਘ ਸਿਆਲਕਾ ਤੇ ਸ. ਹਰਬੰਸ ਸਿੰਘ ਮੰਝਪੁਰ ਮੈਂਬਰ ਸ਼੍ਰੋਮਣੀ ਕਮੇਟੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਮਨਜੀਤ ਸਿੰਘ ਸਕੱਤਰ, ਸ. ਰਣਜੀਤ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਸ. ਪ੍ਰਤਾਪ ਸਿੰਘ, ਸ. ਬਿਜੈ ਸਿੰਘ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਹਰਭਜਨ ਸਿੰਘ ਮਨਾਵਾਂ ਵਧੀਕ ਸਕੱਤਰ, ਸ. ਸਤਿੰਦਰ ਸਿੰਘ ਨਿਜੀ ਸਹਾਇਕ, ਸ. ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ. ਸੰਤੋਖ ਸਿੰਘ, ਸ. ਜਗਜੀਤ ਸਿੰਘ, ਸ. ਸਿਮਰਜੀਤ ਸਿੰਘ, ਸ. ਗੁਰਮੀਤ ਸਿੰਘ, ਸ. ਬਲਵਿੰਦਰ ਸਿੰਘ, ਸ. ਕੁਲਵਿੰਦਰ ਸਿੰਘ ਤੇ ਸ. ਮਹਿੰਦਰ ਸਿੰਘ ਮੀਤ ਸਕੱਤਰ, ਸ. ਹਰਜਿੰਦਰ ਸਿੰਘ ਸੁਪ੍ਰਿੰਟੈਂਡੈਂਟ, ਸ. ਮਲਕੀਤ ਸਿੰਘ ਸ/ਸੁਪ੍ਰਿੰਟੈਂਡੈਂਟ, ਸ. ਮਨਪ੍ਰੀਤ ਸਿੰਘ ਜੱਸੀ ਮੈਂਬਰ ਧਰਮ ਪ੍ਰਚਾਰ ਕਮੇਟੀ ਅਲਾਹਾਬਾਦ, ਬਾਬਾ ਬਲਬੀਰ ਸਿੰਘ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਵੱਲੋਂ ਬਾਬਾ ਜੱਸਾ ਸਿੰਘ ਤੇ ਬਾਬਾ ਭਗਤ ਸਿੰਘ, ਬਾਬਾ ਹਰਨਾਮ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ, ਬਾਬਾ ਬੋਹੜ ਸਿੰਘ, ਬਾਬਾ ਨਿਹਾਲ ਸਿੰਘ ਹਰੀਆ ਵੇਲਾ ਵੱਲੋਂ ਮੁੱਖੀ ਤਰਨਾ ਦਲ ਬਾਬਾ ਨਾਰੰਗ ਸਿੰਘ, ਬਾਬਾ ਗੁਰਦੇਵ ਸਿੰਘ, ਬਾਬਾ ਦਲਬੀਰ ਸਿੰਘ ਮੁਕਤਸਰ, ਭਾਈ ਅਨੂਪ ਸਿੰਘ ਹਜ਼ੂਰ ਸਾਹਿਬ, ਡਾ. ਅਮਰਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾ. ਜਸਬੀਰ ਸਿੰਘ ਸਰਨਾ ਜੰਮੂ, ਸ. ਹਰੀ ਸਿੰਘ ਚਮਕ, ਪ੍ਰਿੰਸੀਪਲ ਬਲਦੇਵ ਸਿੰਘ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ. ਸੁਰਿੰਦਰ ਸਿੰਘ ਨਿਮਾਣਾ, ਗਿਆਨੀ ਸਵਰਨ ਸਿੰਘ ਜੰਮੂ, ਸ. ਅਵਤਾਰ ਸਿੰਘ ਤੇ ਸ. ਬ੍ਰਿਜਪਾਲ ਸਿੰਘ ਯੂ.ਪੀ, ਸ. ਸੁਰਜੀਤ ਸਿੰਘ, ਸ. ਪਰਮਜੀਤ ਸਿੰਘ, ਸ. ਸੁਖਰਾਜ ਸਿੰਘ, ਸ. ਹਰਪ੍ਰੀਤ ਸਿੰਘ, ਡਾ. ਬਿੱਲੂ ਸਿੰਘ ਯੂ ਐਸ ਏ, ਸ. ਸਤਨਾਮ ਸਿੰਘ ਕੰਡਾ, ਸ. ਕਿਰਪਾਲ ਸਿੰਘ ਚੌਹਾਨ, ਸ. ਮਨਪ੍ਰੀਤ ਸਿੰਘ ਇੰਚਾਰਜ ਕੁਰੂਕਸ਼ੇਤਰ (ਹਰਿਆਣਾ), ਸ. ਇਕਬਾਲ ਸਿੰਘ ਇੰਚਾਰਜ ਗੁਰਮਤਿ ਸੰਗੀਤ ਅਕੈਡਮੀ, ਸ. ਹਰਪ੍ਰੀਤ ਸਿੰਘ ਗੰਗਾਨਗਰ (ਰਾਜਿਸਥਾਨ), ਸ. ਹਰਜਿੰਦਰ ਸਿੰਘ ਸਿੱਖ ਮਿਸ਼ਨ ਕਾਸ਼ੀਪੁਰ aੁੱਤਰਾਖੰਡ, ਸ. ਸੁਖਰਾਜ ਸਿੰਘ ਇੰਚਾਰਜ ਸਿੱਖ ਮਿਸ਼ਨ ਹਿਮਾਚਲ ਪ੍ਰਦੇਸ਼, ਸ. ਸੁਰਿੰਦਰਪਾਲ ਸਿੰਘ ਸਿੱਖ ਮਿਸ਼ਨ ਦਿੱਲੀ, ਪ੍ਰਿੰਸੀਪਲ ਸ੍ਰੀਮਤੀ ਜਤਿੰਦਰ ਕੌਰ, ਸ. ਕੁਲਵਿੰਦਰ ਸਿੰਘ, ਸ. ਫੁੱਲਵਿੰਦਰਪਾਲ ਸਿੰਘ, ਡਾ. ਹਰਮੀਤ ਕੌਰ, ਡਾ. ਹਰਬੰਸ ਕੌਰ, ਡਾ. ਸੁਖਦੇਵ ਸਿੰਘ, ਡਾ. ਕਰਮਬੀਰ ਸਿੰਘ, ਡਾ. ਰਮਨਦੀਪ ਕੌਰ, ਡਾ. ਜਤਿੰਦਰ ਸਿੰਘ, ਵੱਖ-ਵੱਖ ਸਕੂਲਾਂ/ਕਾਲਜਾਂ ਦੇ ਪ੍ਰਿੰਸੀਪਲ ਅਤੇ ਸਭਾ-ਸੁਸਾਇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।