ਅੰਮ੍ਰਿਤਸਰ : 21 ਅਗਸਤ ( ) ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਦੇ ਵਿਰਾਸਤ-ਏ-ਖਾਲਸਾ ਵਿਖੇ 25-26 ਸਤੰਬਰ 2016 ਨੂੰ ਹੋਣ ਵਾਲੇ ਵਿਸ਼ਵ ਪੰਜਾਬੀ ਭਾਸ਼ਾ ਸੰਮੇਲਨ ਦੀ ਇਕੱਤਰਤਾ 24 ਅਗਸਤ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦੁਪਹਿਰ 12 ਵਜੇ ਹੋਵੇਗੀ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਦੇਸ਼-ਵਿਦੇਸ਼ ਤੋਂ ਤੋਂ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਮਾਹਿਰ ਵਿਦਵਾਨ 25-26 ਸਤੰਬਰ ਨੂੰ ਸ਼ਿਰਕਤ ਕਰਨਗੇ। ਉਨ੍ਹਾਂ ਕਿਹਾ ਕਿ ਇਸ ਸੰਮੇਲਨ ਵਿੱਚ ਜਿੱਥੇ ਪੰਜਾਬੀ ਭਾਸ਼ਾ ਦੇ ਉੱਜਵਲ ਭਵਿੱਖ ਲਈ ਸਿਰਜੋੜ ਚਰਚਾ ਕੀਤੀ ਜਾਵੇਗੀ ਓਥੇ ਵਿਸ਼ਵੀਕਰਨ ਦੇ ਦੋਰ ‘ਚ ਪੰਜਾਬੀ ਦੇ ਸਥਾਨ ਤੇ ਚਰਚਾ ਦੇ ਨਾਲ-ਨਾਲ ਪੰਜਾਬੀ ਗਲੋਬਲੀ ਪ੍ਰਸਾਰ ਦੇ ਦਰਪੇਸ਼ ਚੁਣੋਤੀਆਂ ਨੂੰ ਵੀ ਪ੍ਰਚਾਰ ਦਾ ਕੇਂਦਰ ਬਿੰਦੂ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਵੱਲੋਂ 24 ਅਗਸਤ ਨੂੰ ਹੋਣ ਵਾਲੀ ਇਕੱਤਰਤਾ ਵਿੱਚ ਡਾ: ਜਸਪਾਲ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਸ੍ਰ: ਹਰਚਰਨ ਸਿੰਘ ਮੁੱਖ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਡਾ: ਰੂਪ ਸਿੰਘ ਤੇ ਸ੍ਰ: ਮਨਜੀਤ ਸਿੰਘ ਸਕੱਤਰ, ਡਾ: ਪਰਮਜੀਤ ਸਿੰਘ ਸਰੋਆ ਤੇ ਸ੍ਰ: ਸੁਖਦੇਵ ਸਿੰਘ ਭੂਰਾਕੋਹਨਾ ਵਧੀਕ ਸਕੱਤਰ, ਸ੍ਰ: ਸਿਰਮਜੀਤ ਸਿੰਘ ਮੀਤ ਸਕੱਤਰ, ਸ੍ਰ: ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਐਜੂਕੇਸ਼ਨ ਸ਼੍ਰੋਮਣੀ ਕਮੇਟੀ, ਡਾ: ਦੀਪਕ ਮਨਮੋਹਨ ਸਿੰਘ ਪੰਜਾਬੀ ਯੂਨੀਵਰਸਿਟੀ, ਪਟਿਆਲਾ, ਡਾ: ਜਗਬੀਰ ਸਿੰਘ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ, ਡਾ: ਪਰਮਜੀਤ ਸਿੰਘ ਸਿੱਧੂ ਸਾਬਕਾ ਪ੍ਰੌਫੈਸਰ, ਗੁਰੂ ਨਾਨਕ ਦੇਵ ਯੂਨਵਿਰਸਿਟੀ, ਸ੍ਰੀ ਅੰਮ੍ਰਿਤਸਰ ਤੇ ਅਧਾਰਿਤ 11 ਮੈਂਬਰੀ ਸਬ-ਕਮੇਟੀ ਨੀਯਤ ਕੀਤੀ ਗਈ ਹੈ।
ਸ੍ਰ: ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਪਹਿਲਾਂ ਇਹ ਸੰਮੇਲਨ 5, 6, ਤੇ 7 ਫਰਵਰੀ ਨੂੰ ਰੱਖਿਆ ਗਿਆ ਸੀ ਤੇ ਬਾਅਦ ਵਿੱਚ 26-27 ਜੂਨ ਦਾ ਰੱਖ ਦਿੱਤਾ ਗਿਆ, ਪਰ ਪਹਿਲੀ ਵਾਰ ਪਾਕਿਸਤਾਨ ਤੋਂ ਜਨਾਬ ਫਖਰ ਜਮਾਨ ਦੀ ਅਗਵਾਈ ਵਿੱਚ ਆਉਣ ਵਾਲੇ ਪੰਜਾਬੀ ਭਾਸ਼ਾ ਮਾਹਿਰਾਂ ਦਾ ਵੀਜਾ ਨਾ ਲੱਗਣ ਕਾਰਣ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਦੂਸਰੀ ਵਾਰ ਇਹ ਸੰਮੇਲੇਨ ਪੰਜਾਬ ਸਰਕਾਰ ਵੱਲੋਂ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਦੀ ਯਾਦ ‘ਚ ਚੱਪੜਚਿੜੀ ਵਿਖੇ 26 ਜੂਨ ਨੂੰ ਰਾਜ ਪੱਧਰੀ ਸਮਾਗਮ ਹੋਣ ਕਾਰਣ ਰੱਦ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਸੰਮੇਲਨ 25, 26 ਸਤੰਬਰ 2016 ਨੂੰ ਵਿਰਾਸਤ-ਏ-ਖਾਲਸਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ।