ਅੰਮ੍ਰਿਤਸਰ 1 ਸਤੰਬਰ ( ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਹਿਲਪੁਰ ਦੇ ਪਿੰਡ ਬੁਗਰਾ ਵਿੱਚ ਗੁਰਦੁਆਰਾ ਪ੍ਰਤੱਖਸਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ, ਦਸਮ ਗ੍ਰੰਥ ਅਤੇ ਧਾਰਮਿਕ ਪੋਥੀਆਂ ਸ਼ਾਰਟ ਸਰਕਟ ਕਾਰਣ ਅਗਨ ਭੇਟ ਹੋ ਜਾਣ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਸ਼ਾਰਟ ਸਰਕਟ ਕਾਰਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋਣ ਵਾਲੀਆਂ ਘਟਨਾਵਾਂ ਪ੍ਰਬੰਧਕਾਂ ਦੀ ਅਣਗਹਿਲੀ ਦਾ ਨਤੀਜਾ ਹਨ।ਉਨ੍ਹਾਂ ਕਿਹਾ ਕਿ ਸੰਗਤਾਂ ਗੁਰੂ ਘਰ ਤਾਂ ਬਣਾ ਲੈਂਦੀਆਂ ਹਨ, ਪਰ ਗੁਰੂ ਘਰ ਦੀ ਹਿਫ਼ਾਜਤ ਤੇ ਉਸ ਵਿੱਚ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਤੇ ਗੁਰਬਾਣੀ ਦਾ ਆਦਰ-ਸਤਿਕਾਰ ਕਰਨ ਵਿੱਚ ਵੱਡੀ ਅਣਗਹਿਲੀ ਵਰਤ ਜਾਂਦੀਆਂ ਹਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਮੇਂ-ਸਮੇਂ ‘ਤੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਪਿੰਡਾਂ, ਸ਼ਹਿਰਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਅਵੇਸਲਾਪਨ ਛੱਡਣ ਲਈ ਕਿਹਾ ਜਾਂਦਾ ਹੈ, ਪ੍ਰੰਤੂ ਕਮੇਟੀਆਂ ਵੱਲੋਂ ਧਿਆਨ ਨਾ ਦਿੱਤੇ ਜਾਣਾ ਬੇਹੱਦ ਦੁੱਖਦਾਈ ਹੈ।
ਉਨ੍ਹਾਂ ਇਕ ਵਾਰ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਨੁੰ ਅਗਾਊਂ ਸੁਚੇਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਖਆਸਣ ਅਸਥਾਨ ਤੇ ਵਾਇਰਿੰਗ ਵਾਸਤੇ ਵਧੀਆ ਕਿਸਮ ਦੀ ਤਾਰ, ਸਵਿੱਚ ਅਤੇ ਉਪਕਰਨ ਵਰਤੇ ਜਾਣ।ਉਨ੍ਹਾਂ ਕਿਹਾ ਕਿ ਇਨ੍ਹਾਂ ਹਿਰਦੇ-ਵੇਦਕ ਘਟਨਾਵਾਂ ਨੂੰ ਰੋਕਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਤੋਂ ਥੋੜ੍ਹੀ ਦੂਰ ਰੱਖੇ ਜਾਣ ਤੇ ਸੁੱਖਆਸਣ ਕਰਨ ਤੋਂ ਬਾਅਦ ਬੰਦ ਕਰ ਦਿੱਤੇ ਜਾਣ ਤਾਂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਹਾਲ ਰੱਖਿਆ ਜਾ ਸਕੇ।