logoਅੰਮ੍ਰਿਤਸਰ 5 ਦਸੰਬਰ (         ) ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ‘ਚ ਗੁਰਦੁਆਰਾ ਕਲਗੀਧਰ ਨਿਵਾਸ ਸੈਕਟਰ-੨੭ ਚੰਡੀਗੜ੍ਹ ਵਿਖੇ ਹੋਈ ਅੰਤ੍ਰਿਗ ਕਮੇਟੀ ਦੀ ਇਕੱਤਰਤਾ ‘ਚ ਫੈਸਲਾ ਕੀਤਾ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਆਪਣੇ ਪ੍ਰਬੰਧ ਵਾਲੇ ਸਕੂਲਾਂ ‘ਚ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏਗੀ ਅਤੇ ਬਾਅਦ ਵਿੱਚ ਦੂਸਰੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਮੁਕਾਬਲੇ ਕਰਵਾਏ ਜਾਣਗੇ।
ਇਥੋਂ ਜਾਰੀ ਪ੍ਰੈੱਸ ਬਿਆਨ ਵਿੱਚ ਸ. ਮਨਜੀਤ ਸਿੰਘ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਧਾਨ ਸਾਹਿਬ ਦੀ ਇੱਛਾ ਅਨੁਸਾਰ ਸਕੂਲੀ ਬੱਚਿਆਂ ਨੂੰ ਪੜਾਈ ਦੇ ਨਾਲ-ਨਾਲ ਸਿੱਖੀ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪ੍ਰਬੰਧ ਵਾਲੇ ਸਮੂਹ ਸਕੂਲਾਂ ਵਿੱਚ ਸ਼ੁੱਧ ਗੁਰਬਾਣੀ ਕੰਠ ਉਚਾਰਣ, ਸਿੱਖ ਰਹਿਤ ਮਰਿਯਾਦਾ ਅਤੇ ਸਿੱਖ ਇਤਿਹਾਸ ਦੀ ਜਾਣਕਾਰੀ ਸਬੰਧੀ ਮੁਕਾਬਲੇ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਜਿਹੜੇ ਬੱਚੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨਗੇ ਉਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਇਨਾਮ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਨਾਲ ਜਿਥੇ ਬੱਚਿਆਂ ਨੂੰ ਗੁਰਮਤਿ ਗੂੜ੍ਹਤਾ ਦਾ ਗਿਆਨ ਪ੍ਰਾਪਤ ਹੁੰਦਾ ਹੈ, ਉਥੇ ਉਹ ਇਕ ਚੰਗੀ ਸ਼ਖਸੀਅਤ ਤੇ ਰਹਿਣੀ-ਬਹਿਣੀ ਹਾਸਲ ਕਰਦਿਆਂ ਏਧਰ-ਉਧਰ ਭਟਕਣ ਦੀ ਬਜਾਏ ਗੁਰੂ ਸਾਹਿਬ ਦੇ ਚਰਨੀ ਲੱਗਦੇ ਹਨ।ਉਨ੍ਹਾਂ ਕਿਹਾ ਕਿ ਇਸ ਤੋਂ ਅਗਲੇ ਪੜਾਅ ਵਿੱਚ ਪੰਜਾਬ ਦੇ ਬਾਕੀ ਸਕੂਲਾਂ ਵਿੱਚ ਧਰਮ ਪ੍ਰਚਾਰ ਕਮੇਟੀ ਵੱਲੋਂ ਆਪਣੇ ਪ੍ਰਚਾਰਕਾਂ ਰਾਹੀਂ ਸਕੂਲ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਹ ਮੁਕਾਬਲੇ ਕਰਵਾਏ ਜਾਣਗੇ।ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਕੂਲਾਂ ਵਿੱਚ ਮੁਕਾਬਲੇ ਕਰਵਾਏ ਗਏ ਸਨ ਜਿਨ੍ਹਾਂ ਦੇ ਚੰਗੇ ਨਤੀਜੇ ਸਾਹਮਣੇ ਆਏ ਸਨ।