ਅੰਮ੍ਰਿਤਸਰ, 05 ਸਤੰਬਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਲੇਪਾਣੀ ਵਿਖੇ ਸਜ਼ਾਵਾਂ ਭੁਗਤਣ ਵਾਲੇ ਪੰਜਾਬੀਆਂ ਅਤੇ ਸਿੱਖਾਂ ਦੇ ਇਤਿਹਾਸ ਨੂੰ ਉਭਾਰਨ ਲਈ ‘ਕਾਲਾਪਾਣੀ ਪੰਜਾਬੀ ਫਰੀਡਮ ਫਾਈਟਰ ਪ੍ਰੋਜੈਕਟ’ ਤਹਿਤ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਕੱਟਣ ਵਾਲੇ ਪੰਜਾਬੀ ਆਜ਼ਾਦੀ ਘੁਲਾਟੀਆਂ ਦੇ ਵੇਰਵੇ ਇਕੱਤਰ ਕਰੇਗੀ। ਇਸ ਸਬੰਧ ਵਿਚ ਪੰਜ ਲੱਖ ਰੁਪਏ ਦੀ ਰਾਸ਼ੀ ਪ੍ਰੋਜੈਕਟ ਤਹਿਤ ਮੁੱਢਲੇ ਤੌਰ ‘ਤੇ ਖਰਚੀ ਜਾਵੇਗੀ। ਇਹ ਪ੍ਰਗਟਾਵਾ ਦਫਤਰ ਸ਼੍ਰੋਮਣੀ ਕਮੇਟੀ ਤੋਂ ਜਾਰੀ ਇੱਕ ਬਿਆਨ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਕੀਤਾ। ਉਨ੍ਹਾਂ ਆਖਿਆ ਕਿ ਕਾਲੇਪਾਣੀ ਵਜੋਂ ਮਸ਼ਹੂਰ ਅੰਡੇਮਾਨ ਨਿਕੋਬਾਰ ਦੀ ਸੈਲੂਲਰ ਜੇਲ੍ਹ ਜੋ ਅੱਜਕਲ੍ਹ ਇਕ ਮਿਊਜ਼ੀਅਮ ਵਿਚ ਤਬਦੀਲ ਕਰ ਦਿੱਤੀ ਗਈ ਹੈ ਵਿਖੇ ਪੰਜਾਬੀਆਂ ਤੇ ਖਾਸਕਰ ਸਿੱਖਾਂ ਦੇ ਯੋਗਦਾਨ ਨੂੰ ਘੱਟ ਕਰ ਕੇ ਦਰਸਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਇਕ ਵਫਦ ਉਥੇ ਭੇਜਿਆ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਵਫਦ ਨੇ ਉਥੋਂ ਦੇ ਹਾਲਾਤਾਂ ਦਾ ਮੁਲਾਂਕਣ ਕਰਨ ਉਪਰੰਤ ਆਪਣੀ ਰਿਪੋਰਟ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਥੇ ਬਣੇ ਮਿਊਜ਼ੀਅਮ ਵਿਚ ਚਲਾਏ ਜਾਂਦੇ ਰੌਸ਼ਨੀ ਤੇ ਅਵਾਜ਼ ਪ੍ਰੋਗਰਾਮ ਦੇ ਨਾਲ ਨਾਲ ਫੋਟੋ ਗੈਲਰੀ ਵਿਚੋਂ ਵੀ ਪੰਜਾਬ ਦੇ ਆਜ਼ਾਦੀ ਪ੍ਰਵਾਨਿਆਂ ਦੇ ਇਤਿਹਾਸ ਨਾਲ ਅਨਿਆ ਕੀਤਾ ਜਾ ਰਿਹਾ ਹੈ। ਇਸ ਵਫਦ ਨੇ ਉਥੋਂ ਦੇ ਰਾਜਪਾਲ ਲੈਫਟੀਨੈਂਟ ਜਗਦੀਸ਼ ਮੁਖੀ ਨਾਲ ਵੀ ਮੁਲਾਕਾਤ ਕਰ ਕੇ ਇਸ ਮਾਮਲੇ ਨੂੰ ਉਠਾਇਆ ਸੀ ਜਿਨ੍ਹਾਂ ਨੇ ਪੰਜਾਬੀ ਅਜ਼ਾਦੀ ਘੁਲਾਟੀਆਂ ਦੇ ਵੇਰਵੇ ਦੇਣ ਬਾਰੇ ਕਿਹਾ ਸੀ। ਪ੍ਰੋ: ਬਡੂੰਗਰ ਨੇ ਦੱਸਿਆ ਕਿ ਕਾਲਾਪਾਣੀ ਭੇਜੀ ਗਈ ਕਮੇਟੀ ਦੀ ਰਿਪੋਰਟ ਦੇ ਅਧਾਰ ‘ਤੇ ਸ਼੍ਰੋਮਣੀ ਕਮੇਟੀ ਕਾਲਾਪਾਣੀ ਵਿਖੇ ਸਜ਼ਾਵਾਂ ਭੁਗਤਣ ਵਾਲੇ ਪੰਜਾਬ ਦੇ ਯੋਧਿਆਂ ਸਬੰਧੀ ਜਾਣਕਾਰੀ ਇਕੱਤਰ ਕਰਨ ਲਈ ‘ਕਾਲਾਪਾਣੀ ਪੰਜਾਬੀ ਫਰੀਡਮ ਫਾਈਟਰ ਪ੍ਰੋਜੈਕਟ’ ਰਾਹੀਂ ਅਗਲੇ ਕਾਰਜ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ, ਅੰਤ੍ਰਿੰਗ ਮੈਂਬਰ ਭਾਈ ਰਾਮ ਸਿੰਘ, ਪ੍ਰਸਿੱਧ ਪੱਤਰਕਾਰ ਸ. ਜਗਤਾਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸ. ਹਰਭਜਨ ਸਿੰਘ ਮਨਾਵਾਂ ਇਸ ਕਾਰਜ ਨੂੰ ਅੱਗੇ ਤੋਰਨਗੇ। ਉਨ੍ਹਾਂ ਆਖਿਆ ਕਿ ਕਾਲੇਪਾਣੀ ਦੀਆਂ ਸਜ਼ਾਵਾਂ ਕੱਟਣ ਵਾਲੇ ਯੋਧਿਆਂ ਦੀ ਸੂਚੀ ਬੇਹੱਦ ਲੰਮੀ ਹੈ ਜਿਸ ਸਬੰਧੀ ਕਾਫੀ ਘੋਖ ਪੜਤਾਲ ਦੀ ਜ਼ਰੂਰਤ ਹੈ। ਪ੍ਰੋ: ਬਡੂੰਗਰ ਨੇ ਪੰਜਾਬੀਆਂ ਅਤੇ ਸਿੱਖਾਂ ਨੂੰ ਅਪੀਲ ਕੀਤੀ ਕਿ ਇਸ ਸਬੰਧ ਵਿਚ ਜਿਨ੍ਹਾਂ ਪਾਸ ਵੀ ਕੋਈ ਵੇਰਵੇ ਜਾਂ ਜਾਣਕਾਰੀ ਹੈ ਉਹ ਸ਼੍ਰੋਮਣੀ ਕਮੇਟ ਤੱਕ ਪਹੁੰਚਾਉਣ ਤਾਂ ਜੋ ਪੰਜਾਬ ਦੇ ਇਨ੍ਹਾਂ ਯੋਧਿਆਂ ਦੇ ਇਤਿਹਾਸ ਨਾਲ ਨਿਆਂ ਕੀਤਾ ਜਾ ਸਕੇ।