ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਜਾ ਰਹੇ ਧਰਨਿਆਂ ਦਾ ਹਿੱਸਾ ਬਣੇਗੀ ਸ਼੍ਰੋਮਣੀ ਕਮੇਟੀ
ਅੰਮ੍ਰਿਤਸਰ, ੧੧ ਜੂਨ ( )- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਸਿੱਖ ਮਸਲਿਆਂ ‘ਤੇ ਜਾਣਬੁੱਝ ਕੇ ਅਪਣਾਏ ਜਾ ਰਹੇ ਨਾਂਹਪੱਖੀ ਰਵੱਈਏ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਸਰਕਾਰ ਦੀ ਕਿਸੇ ਵੀ ਅਜਿਹੀ ਚਾਲ ਨੂੰ ਸਫਲ ਨਹੀਂ ਹੋਣ ਦੇਵੇਗੀ ਜੋ ਸਿੱਖ ਸਰੋਕਾਰਾਂ ਦੇ ਵਿਰੁੱਧ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਨਜ਼ਰੀਏ ਖਿਲਾਫ ਸ਼੍ਰੋਮਣੀ ਕਮੇਟੀ ਚੁੱਪ ਨਹੀਂ ਬੈਠੇਗੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਂਗਰਸ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ੧੨ ਜੂਨ ਨੂੰ ਲਗਾਏ ਜਾ ਰਹੇ ਧਰਨਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਸਿੱਖ ਪੰਥ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਕਾਰਨ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਧਰਨਿਆਂ ਵਿਚ ਸ਼ਾਮਲ ਹੋ ਕੇ ਆਵਾਜ਼ ਉਠਾਉਣਗੇ। ਉਨ੍ਹਾਂ ਮੈਂਬਰ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸੰਗਤਾਂ ਨੂੰ ਲੈ ਕੇ ਧਰਨਿਆਂ ਵਿਚ ਪੁੱਜਣ।
ਪ੍ਰੋ. ਬਡੂੰਗਰ ਨੇ ਆਖਿਆ ਕਿ ਸਰਕਾਰ ਦੀ ਸ਼ਹਿ ਤੇ ਕਾਂਗਰਸੀ ਲੋਕਾਂ ਵੱਲੋਂ ਗੁਰਦੁਆਰਿਆਂ ਦੀਆਂ ਜ਼ਮੀਨਾਂ ਤੇ ਕਬਜੇ ਕੀਤੇ ਜਾ ਰਹੇ ਹਨ, ਸਰਕਾਰ ਦੇ ਮੰਤਰੀ ਸਿੱਖ ਵਿਰਾਸਤਾਂ ਪ੍ਰਤੀ ਗਲਤ ਸ਼ਬਦਾਵਲੀ ਵਰਤ ਰਹੇ ਹਨ ਅਤੇ ਸਰਕਾਰੀ ਅਦਾਰਿਆਂ ਵਿਚ ਸਿੱਖ ਸਾਹਿਤ ਦੀ ਅਣਮੋਲ ਵਿਰਾਸਤ ‘ਗੁਰਸ਼ਬਦ ਰਤਨਾਕਰ ਮਹਾਨ ਕੋਸ਼’ ਨੂੰ ਵਿਗਾੜਿਆ ਜਾ ਰਿਹਾ ਹੈ। ਇਥੇ ਹੀ ਬਸ ਨਹੀਂ ਅਧਿਆਤਮਿਕਤਾ ਦੇ ਸੋਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੇ ਮਾਰਗ ‘ਤੇ ਚੱਲਦੀਆਂ ਸਕਰੀਨਾਂ ‘ਤੇ ਨਸ਼ਿਆਂ ਸਮੇਤ ਹੋਰ ਇਤਰਾਜ਼ਯੋਗ ਮਸ਼ਹੂਰੀਆਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਸ਼ਰਧਾ ਸਹਿਤ ਸ੍ਰੀ ਦਰਬਾਰ ਸਾਹਿਬ ਵਿਖੇ ਪੁੱਜਦੀਆਂ ਸੰਗਤਾਂ ਦੇ ਮਨਾਂ ਨੂੰ ਠੇਸ ਪੁੱਜ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਿੱਖ ਪੰਥ ਵਿਰੋਧੀ ਇਸ ਵਰਤਾਰੇ ਨੂੰ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁੱਪ ਨਹੀਂ ਬੈਠੇਗੀ ਅਤੇ ਹਰ ਮੁਹਾਜ਼ ‘ਤੇ ਆਵਾਜ਼ ਬੁਲੰਦ ਕਰਦੀ ਰਹੇਗੀ।