ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਸੇਵਾ ਜਲਦ ਸ਼ੁਰੂ ਹੋਵੇਗੀ
ਅੰਮ੍ਰਿਤਸਰ ੨੨ ਜੁਲਾਈ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵਿੱਚ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਇਕੱਤਰਤਾ ਦੇ ਫੈਸਲਿਆਂ ਦਾ ਵੇਰਵਾ ਸ. ਦਿਲਜੀਤ ਸਿੰਘ ਬੇਦੀ ਨੇ ਦਿੰਦਿਆਂ ਕਿਹਾ ਕਿ ਗੁਰਦੁਆਰਾ ਵਿਦਿਆਰਥੀਆਂ ਲਈ ਸਕੂਲ, ਆਤਮ ਜਗਿਆਸਾ ਰੱਖਣ ਵਾਲਿਆਂ ਲਈ ਗਿਆਨ ਦਾ ਸੋਮਾ, ਰੋਗੀਆਂ ਲਈ ਦਵਾਖਾਨਾ, ਰਾਹਗੀਰਾਂ ਲਈ ਵਿਸ਼ਰਾਮ ਦਾ ਅਸਥਾਨ ਅਤੇ ਪੇਟ ਦੀ ਭੁੱਖ ਮਿਟਾਉਣ ਲਈ ਅੰਨਪੂਰਨਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸੇਵਾ, ਸਿਮਰਨ ਤੇ ਪਰਉਪਕਾਰ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਵੱਲੋਂ ਵਿਰਸੇ ਵਿੱਚ ਮਿਲਿਆ ਹੈ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿੱਥੇ ਗੁਰੂ ਸਾਹਿਬਾਨ, ਭਗਤਾਂ ਅਤੇ ਭੱਟਾਂ ਦੀ ਬਾਣੀ ਨੂੰ ਇਕੱਤਰ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਓਥੇ ਦੀਨ ਦੁਖੀਆਂ ਤੇ ਰੋਗੀਆਂ ਦੀ ਆਪਣੇ ਹੱਥੀਂ ਸੇਵਾ ਕੀਤੀ।ਇਸੇ ਤਰ੍ਹਾਂ ਬਾਕੀ ਸਿੱਖ ਗੁਰੂ ਸਾਹਿਬਾਨ ਨੇ ਜਿੱਥੇ ਆਤਮਿਕ ਸ਼ੁੱਧੀ ਲਈ ਸੰਗਤਾਂ ਨੂੰ ਬਾਣੀ ਨਾਲ ਜੋੜਿਆ ਓਥੇ ਸਰੀਰਕ ਤੰਦਰੁਸਤੀ ਲਈ ਦਵਾਖਾਨੇ ਖੋਹਲੇ ਤੇ ਵਾਤਾਵਰਨ ਦੀ ਸ਼ੁੱਧੀ ਲਈ ਬਾਗ ਬਗੀਚੇ ਲਗਵਾਏ। ਜਿਸ ਦੀ ਮਿਸਾਲ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਤੋਂ ਭਲੀ-ਭਾਂਤ ਮਿਲਦੀ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਜਿੱਥੇ ਕੀਰਤਪੁਰ ਸਾਹਿਬ ਵਿਖੇ ਨੌਂ ਲੱਖਾ ਬਾਗ ਲਗਵਾ ਕੇ ਕੁਦਰਤੀ ਸੁੰਦਰਤਾ ਅਤੇ ਵਾਤਾਵਰਨ ਦੀ ਸ਼ੁੱਧਤਾ ਲਈ ਉਪਰਾਲੇ ਕੀਤੇ ਓਥੇ ਸਰੀਰਕ ਤੰਦਰੁਸਤੀ ਲਈ ਇਸ ਬਾਗ ਵਿੱਚ ਔਸ਼ਧੀ ਬੂਟੇ ਵੀ ਲਗਵਾਏ ਅਤੇ ਇਨ੍ਹਾਂ ਜੜ੍ਹੀਆਂ ਬੂਟੀਆਂ ਰਾਹੀਂ ਗੁਰੂ ਪਾਤਸ਼ਾਹ ਰੋਗੀਆਂ ਦਾ ਇਲਾਜ ਕਰਿਆ ਕਰਦੇ ਸਨ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ ਸਮੇਂ ਗੁਰਦੁਆਰਾ ਗੁਰੂਸਰ ਸਤਲਾਣੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਵਿਸ਼ੇਸ਼ ਉਪਰਾਲਿਆਂ ਰਾਹੀਂ ਪਹਿਲਾਂ ੭ ਏਕੜ ਵਿੱਚ ਤੇ ਹੁਣ ੧੩ ਏਕੜ ਜ਼ਮੀਨ ਵਿੱਚ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਇਸ ਕੁਦਰਤੀ ਖੇਤੀ ਦੇ ਨਾਲ-ਨਾਲ ਜਿੱਥੇ ਇਸ ਜ਼ਮੀਨ ਵਿੱਚ ਪਾਲਕ, ਗਾਜਰ, ਮੂਲੀ, ਸ਼ਲਗਮ, ਧਨੀਆ, ਸਰਸੋਂ, ਮੇਥੀ ਤੇ ਚੁਕੰਦਰ ਲਗਾਈ ਗਈ ਓਥੇ ਨਾਖ, ਅਮਰੂਦ, ਕਿੰਨੂ, ਲੂਚਾ ਅਤੇ ਆੜੂ ਦੇ ਬੂਟੇ ਵੀ ਲਗਾਏ ਗਏ।ਉਨ੍ਹਾਂ ਕਿਹਾ ਕਿ ਇਹ ਸਭ ਕੁਝ ਮਾਹਰਾਂ ਦੀ ਸਲਾਹ ਨਾਲ ਕੀਤਾ ਗਿਆ।ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਦੀ ਹੋਈ ਇਸ ਇਕੱਤਰਤਾ ਵਿੱਚ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਕੀਰਤਪੁਰ ਸਾਹਿਬ ਵਿੱਚ ‘ਨੌ ਲੱਖਾ ਬਾਗ’ ਦੀ ਸਾਂਭ ਸੰਭਾਲ ਦਾ ਕੰਮ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ (ਰੋਪੜ) ਦੇ ਬਾਟਨੀ ਤੇ ਖੇਤੀਬਾੜੀ ਵਿਭਾਗ ਨੂੰ ਸੌਂਪਿਆਂ ਗਿਆ ਹੈ।ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ (ਬਠਿੰਡਾ) ਦੀ ਮਲਕੀਅਤੀ ਜ਼ਮੀਨ ਵਿੱਚ ਸਊਬੇਰੀਆਂ ਦਾ ਬਾਗ ਲਗਾਉਣ ਦਾ ਫੈਂਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਪਾਤਸ਼ਾਹੀ ਪੰਜਵੀਂ, ਓਠੀਆਂ ਨੇੜੇ ਬਟਾਲਾ (ਗੁਰਦਾਸਪੁਰ) ਵਿਖੇ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਹ ਇਤਿਹਾਸਕ ਖੂਹ ਦੇ ਸੁੰਦਰੀਕਰਨ ਦਾ ਕਾਰਜ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸੌਂਪਿਆ ਗਿਆ ਹੈ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ (ਕਪੂਰਥਲਾ) ਨਾਲ ਸਬੰਧਿਤ ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ (ਮੋਦੀ ਖਾਨਾ) ਜਿਥੇ ਗੁਰੂ ਨਾਨਕ ਸਾਹਿਬ ਨੇ ਤੇਰਾ-ਤੇਰਾ ਤੋਲਿਆਂ ਸੀ ਵਿਖੇ ਪੁਰਾਤਨ ਖੂਹ (ਬਾਉਲੀ) ਨੂੰ ਸੰਗਤਾਂ ਦੀ ਮੰਗ ਅਨੁਸਾਰ ਮੁੜ ਸੁਰਜੀਤ ਕਰਨ ਲਈ ਇਸ ਦੀ ਸੇਵਾ ਕਾਰ ਸੇਵਾ ਵਾਲੇ ਕਿਸੇ ਸੰਤ ਮਹਾਂਪੁਰਸ਼ ਨੂੰ ਸੌਂਪਣ ਦਾ ਫੈਂਸਲਾ ਲਿਆ ਗਿਆ ਹੈ।
ਸ. ਬੇਦੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਤੇ ਸੁਸ਼ੋਭਿਤ ਸੋਨੇ ਦੀ ਚਮਕ ਮੱਧਮ ਪੈਣ ਜਾਣ ਤੇ ਇਸ ਦੀ ਧੁਆਈ ਦੀ ਸੇਵਾ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਮੁਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ (ਇੰਗਲੈਂਡ) ਵਾਲਿਆਂ ਨੂੰ ਦੇਣ ਦਾ ਫੈਂਸਲਾ ਕੀਤਾ ਗਿਆ ਹੈ।
ਸ੍ਰ: ਬੇਦੀ ਅਨੁਸਾਰ ਇਕੱਤਰਤਾ ਵਿੱਚ ਜਥੇਦਾਰ ਅਵਤਾਰ ਸਿੰਘ ਅਤੇ ਸਮੁੱਚੀ ਅੰਤ੍ਰਿੰਗ ਕਮੇਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ, ਉੱਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ, ਪੰਜਾਬ ਸਰਕਾਰ ਅਤੇ ਮੈਡੀਕਲ ਕਾਲਜ ਦੇ ਉਨ੍ਹਾਂ ਅਧਿਕਾਰੀਆਂ ਦਾ ਉਚੇਚੇ ਤੌਰ ਤੇ ਧੰਨਵਾਦ ਕੀਤਾ ਜਿਨ੍ਹਾਂ ਦੀ ਅਣਥੱਕ ਮਿਹਨਤ ਸਦਕਾ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਹੋਂਦ ਵਿੱਚ ਆਈ।ਉਨ੍ਹਾਂ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦੇ ਕਾਰਜਕਾਲ ਵਿੱਚ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਦੋ ਯੂਨੀਵਰਸਟੀਆਂ ਮਿਲੀਆਂ, ਜਿਨ੍ਹਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ੍ਹ ਸਾਹਿਬ ਅਤੇ ਦੂਸਰੀ ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ, ਵੱਲਾ ਹਨ।
ਉਨ੍ਹਾਂ ਕਿਹਾ ਕਿ ੩ ਸਤੰਬਰ ੨੦੧੬ ਨੂੰ ਬਾਬਾ ਜੀਵਨ ਸਿੰਘ ਵਿਦਿਅਕ ਅਤੇ ਭਲਾਈ ਟਰੱਸਟ ਵੱਲੋਂ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਕੱਢੇ ਜਾ ਰਹੇ ਨਗਰ ਕੀਰਤਨ ਸਬੰਧੀ ੫੦,੦੦੦ ਹਜ਼ਾਰ ਰੁਪਏ, ਬੀਬੀ ਰਾਜ ਕੌਰ ਆਰਜੀ ਸੇਵਾਦਾਰਨੀ ਸ੍ਰੀ ਦਰਬਾਰ ਸਾਹਿਬ, ਸ੍ਰੀ ਤਰਨ-ਤਾਰਨ ਸਾਹਿਬ ਦੇ ਡਿਊਟੀ ਦੌਰਾਨ ਸਿਲੰਡਰ ਫਟ ਜਾਣ ਕਾਰਣ ਲੱਤਾਂ ਝੁਲਸ ਗਈਆਂ ਸਨ ਨੂੰ ੨੦,੦੦੦/- ਰੁਪਏ ਅਤੇ ਜ਼ਿਲ੍ਹਾ ਪੁਲਵਾਮਾ ਕਸ਼ਮੀਰ ਦੀ ਬੀਬਾ ਅਮਨਪ੍ਰੀਤ ਕੌਰ ਜੋ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪੜ੍ਹਾਈ ਕਰ ਰਹੀ ਹੈ ਦੀ ਫੀਸ ਅਦਾ ਕਰਨ ਲਈ ੨੦,੦੦੦ ਰੁਪਏ ਦੀ ਸਹਾਇਤਾ ਦੇਣ ਦਾ ਫੈਂਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਤ੍ਰਿਲੋਕਪੁਰ (ਕਾਂਗੜਾ) ਹਿਮਾਚਲ ਪ੍ਰਦੇਸ਼ ਵਿਖੇ ੫੧ ਫੁੱਟ ਉੱਚਾ ਨਵਾਂ ਨਿਸ਼ਾਨ ਸਾਹਿਬ ਲਗਾਉਣ ਲਈ ਫੈਂਸਲਾ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼ ਇੰਨ ਸਿੱਖਇਜ਼ਮ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਾ: ਬਲਕਾਰ ਸਿੰਘ ਮੁਖੀ ਨਾਲ ਸਬੰਧਿਤ ਜੋ ਸਬ-ਕਮੇਟੀ ਬਣਾਈ ਗਈ ਸੀ ਉਸ ਵੱਲੋਂ ਲਏ ਗਏ ਫੈਂਸਲਿਆਂ ਦੀ ਸਿਫਾਰਸ਼ ਅੰਤ੍ਰਿੰਗ ਕਮੇਟੀ ਵਿੱਚ ਸਵੀਕਾਰ ਕਰ ਲਈ ਗਈ ਹੈ।ਜਿਨ੍ਹਾਂ ਵਿੱਚ ਸੰਸਥਾ ਦੇ ਨਾਮ ਸਬੰਧੀ ਵਿਚਾਰ ਕਰਦਿਆਂ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਇੰਸਟੀਚਿਊਟ ਆਫ ਐਡਵਾਂਸ ਸਟੱਡੀਜ ਇੰਨ ਸਿੱਖਇਜ਼ਮ ਦੀ ਜਗ੍ਹਾ ਸੰਸਥਾ ਦਾ ਨਾਮ ‘ਜੀ ਐਸ ਟੌਹੜਾ ਇੰਸਟੀਚਿਊਟ ਆਫ ਸਿੱਖਇਜ਼ਮ’ ਰੱਖਣ ਦਾ ਫੈਂਸਲਾ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਸਿੱਖ ਅਕਾਦਮਿਕ ਕੌਂਸਲ ਬਨਾਉਣ ਦੀ ਪ੍ਰਵਾਨਗੀ ਮੈਂਬਰਾਂ ਦੀ ਗਿਣਤੀ ਨੀਯਤ ਕਰਦਿਆਂ ਨਾਵਾਂ ਦੀ ਪ੍ਰਵਾਨਗੀ ਦੇ ਅਧਿਕਾਰ ਮਾਨਯੋਗ ਪ੍ਰਧਾਨ ਸਾਹਿਬ ਨੂੰ ਦੇਣ ਦਾ ਫੈਂਸਲਾ ਪ੍ਰਵਾਨ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਸੰਸਥਾ ਨਾਲ ਜੁੜੀਆਂ ਹੋਰ ਸੰਸਥਾਵਾਂ ਦਾ ਸਿਲੇਬਸ ਬਨਾਉਣ ਅਤੇ ਸਰਟੀਫਿਕੇਟ ਸ਼੍ਰੋਮਣੀ ਕਮੇਟੀ ਵੱਲੋਂ ਦੇਣ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਨਵ ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਉਪਰੰਤ ੩ ਮਹੀਨੇ ਦੀ ਟ੍ਰੇਨਿੰਗ ਦੇਣ ਦੀ ਤਜਵੀਜ ਪ੍ਰਵਾਨ ਕਰਦਿਆਂ ਟ੍ਰੇਨਿੰਗ ਦਾ ਸਮਾਂ, ਨਿਯੁਕਤ ਮੁਲਾਜਮਾਂ ਦੀ ਪੋਸਟ ਅਨੁਸਾਰ ਨੀਯਤ ਕਰ ਲੈਣ ਦਾ ਫੈਂਸਲਾ ਵੀ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਅਤੇ ਇਸ ਨਾਲ ਸਬੰਧਤ ਸਮੂਹ ਅਦਾਰਿਆਂ ਦੇ ਮੁਲਾਜਮਾਂ/ਕਰਮਚਾਰੀਆਂ ਲਈ ਇਸ ਸੰਸਥਾ ਵਿੱਚ ਰਿਫਰੈਸ਼ਰ ਕੋਰਸ ਲਾਉਣ ਦੀ ਤਜਵੀਜ ਵੀ ਪ੍ਰਵਾਨ ਕਰ ਲਈ ਗਈ ਹੈ।ਉਨ੍ਹਾਂ ਕਿਹਾ ਕਿ ਇਸ ਸੰਸਥਾ ਵੱਲੋਂ ਸਿੱਖ ਧਰਮ ਨਾਲ ਜੁੜੇ ਸਵਾਲਾਂ ਦੇ ਜਵਾਬ ਤੇ ਸ਼ੰਕਿਆਂ ਨੁੰ ਸਿੱਖ ਸੁਰ ਵਿੱਚ ਦੂਰ ਕਰਨ ਵਾਸਤੇ ਅਤੇ ਸਿੱਖ ਸਿਧਾਂਤਾਂ ਨੂੰ ਨਿਖਾਰਨ ਲਈ ਸੈਮੀਨਾਰ ਕਰਵਾਉਣ ਦਾ ਫੈਂਸਲਾ ਵੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸਿੱਖ ਸੰਪਾਦਨਾ ਪ੍ਰੋਜੈਕਟ ਇਸ ਸੰਸਥਾ ਨਾਲ ਜੁੜਿਆ ਰਹੇਗਾ ਅਤੇ ਉਹ ਫਿਲਹਾਲ ਪਹਿਲਾਂ ਦੀ ਤਰ੍ਹਾਂ ਚੰਡੀਗੜ੍ਹ ਵਿਖੇ ਹੀ ਕੰਮ ਕਰਦਾ ਰਹੇਗਾ।
ਉਨ੍ਹਾਂ ਕਿਹਾ ਕਿ ਅੰਤ੍ਰਿੰਗ ਕਮੇਟੀ ਵਿੱਚ ਹੋਏ ਫੈਂਸਲੇ ਅਨੁਸਾਰ ਮਰਹੂਮ ਸੰਤ ਜਸਵੀਰ ਸਿੰਘ ਕਾਲਾ ਮਾਲਾ ਅਤੇ ਜਥੇਦਾਰ ਸ਼ਿਵ ਸਿੰਘ ਖੁਸ਼ੀਪੁਰ ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ ਦੀਆਂ ਪੰਥ ਪ੍ਰਤੀ ਕੀਤੀਆਂ ਵੱਡਮੁੱਲੀਆਂ ਸੇਵਾਵਾਂ ਸਦਕਾ ਅਤੇ ਸ਼ਹੀਦ ਭਾਈ ਜਸਜੀਤ ਸਿੰਘ (ਜੰਮੂ-ਕਸ਼ਮੀਰ) ਜਿਸ ਨੂੰ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਪੁਲੀਸ ਨੇ ਸ਼ਹੀਦ ਕਰ ਦਿੱਤਾ ਸੀ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਲਗਾਉਣ ਦਾ ਫੈਂਸਲਾ ਕੀਤਾ ਗਿਆ ਹੈ।