ਅੰਮ੍ਰਿਤਸਰ 7 ਨਵੰਬਰ ( ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਪੰਥ ਦਾ ਸੇਵਾਦਾਰ ਹੈ ਨਾ ਕਿ ਤਾਨਾਸ਼ਾਹੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰੋ. ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ ਇਥੋਂ ਜਾਰੀ ਪ੍ਰੈਸ ਬਿਆਨ ਵਿੱਚ ਕੀਤਾ।
ਉਨ੍ਹਾਂ ਕਿਹਾ ਕਿ ਸੇਵਾ ਦਾ ਸਿਧਾਂਤ ਸਾਨੂੰ ਸਾਡੇ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਅਪਾਰ ਕ੍ਰਿਪਾ ਸਦਕਾ ਤੀਜੀ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵਜੋਂ ਇਹ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।ਉਨ੍ਹਾਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਸਿੱਖ ਪੰਥ ਦੇ ਹਿੱਤਾਂ ਦਾ ਖਿਆਲ ਰੱਖਦਿਆਂ ਸੇਵਾ ਕੀਤੀ ਜਾਵੇਗੀ, ਜਿਸ ਨੂੰ ਤਾਨਾਸ਼ਾਹੀ ਨਾਲ ਹਰਗਿਜ਼ ਜੋੜਣਾ ਨਹੀਂ ਚਾਹੀਦਾ। ਉਨ੍ਹਾਂ ਸਮੁੱਚੀ ਸੰਗਤ ਨੂੰ ਅਪੀਲ ਕੀਤੀ ਕਿ ਉਹ ਇਸ ਨਿਮਾਣੇ ਸੇਵਕ ਨੂੰ ਅਗਵਾਈ ਪ੍ਰਦਾਨ ਕਰਨ।ਉਨ੍ਹਾਂ ਕਿਹਾ ਕਿ ਗੁਰੂ ਮਿਹਰ ਕਰਨ ਮੈਂ ਇਸ ਸੇਵਾ ਨੂੰ ਸੰਗਤ ਦੇ ਸਹਿਯੋਗ ਨਾਲ ਧਰਮ, ਕਰਮ ਤੇ ਕੌਮੀ ਹਿੱਤਾਂ ਦੀ ਭਾਵਨਾ ਅਨੁਸਾਰ ਕਰ ਸਕਾਂ।
ਉਨ੍ਹਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹੋਣ ਦੇ ਨਾਤੇ ਸਭ ਨੂੰ ਅਪੀਲ ਕੀਤੀ ਕਿ ਮੇਰੇ ਸਬੰਧ ਵਿੱਚ ਕੋਈ ਵੀ ਹੋਰਡਿੰਗ ਨਾ ਲਗਾਇਆ ਜਾਵੇ।ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ, ਵਿਦਿਅਕ ਅਦਾਰਿਆ ਤੇ ਦਫਤਰ ਸ਼੍ਰੋਮਣੀ ਕਮੇਟੀ ਵਿਖੇ ਮੇਰੀ ਕੋਈ ਵੀ ਤਸਵੀਰ ਨਾ ਲਗਾਈ ਜਾਵੇ। ਉਨ੍ਹਾਂ ਹੋਰ ਕਿਹਾ ਕਿ ਇਸ ਤੋਂ ਪਹਿਲਾ ਜਦੋਂ ਉਨ੍ਹਾਂ ਨੂੰ ਪ੍ਰਧਾਨਗੀ ਮਿਲੀ ਸੀ ਤਦ ਵੀ ਅਜਿਹੀ ਅਪੀਲ ਕੀਤੀ ਗਈ ਸੀ ਤੇ ਹੁਣ ਮੁੜ ਬੇਨਤੀ ਕਰਦਾ ਹਾਂ ਕਿ ਕੋਈ ਵੀ ਜਥੇਬੰਦੀ ਜਾਂ ਅਦਾਰਾ ਅਜਿਹਾ ਨਾ ਕਰੇ।