ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135
ਬੇਸ਼ੱਕ ਬਜਟ ’ਤੇ ਕੋਰੋਨਾ ਦਾ ਪ੍ਰਭਾਵ ਪਿਆ ਪਰੰਤੂ ਫਿਰ ਵੀ ਬਜਟ ਸੰਗਤ ਦੀਆਂ ਭਾਵਨਾਵਾਂ ਅਨੁਸਾਰ-ਭਾਈ ਲੌਂਗੋਵਾਲ
ਸ੍ਰੀ ਦਮਦਮਾ ਸਾਹਿਬ ਵਿਖੇ 200 ਸਿੱਖ ਲੜਕੀਆਂ ਨੂੰ ਮੁਫ਼ਤ ਵਿਦਿਆ ਦੇਣ ਲਈ ਖੋਲ੍ਹਿਆ ਜਾਵੇਗਾ ਕੇਂਦਰ-ਭਾਈ ਲੌਂਗੋਵਾਲ
ਸ਼ਤਾਬਦੀਆਂ, ਧਰਮ ਪ੍ਰਚਾਰ, ਵਿਦਿਅਕ ਪਾਸਾਰ, ਸਿਹਤ ਸਹੂਲਤਾਂ ਤੇ ਸਮਾਜ ਭਲਾਈ ਕਾਰਜਾਂ ਲਈ ਬਜਟ ਵਿਚ ਕੀਤਾ ਗਿਆ ਪ੍ਰਬੰਧ
ਗੁਰਸਿੱਖ ਖਿਡਾਰੀਆਂ, ਸਿੱਖ ਇਤਿਹਾਸ ਦੀ ਖੋਜ, ਸਿਕਲੀਗਰ ਤੇ ਵਣਜਾਰੇ ਸਿੱਖਾਂ ਆਦਿ ਲਈ ਵੀ ਰੱਖੀ ਗਈ ਵਿਸ਼ੇਸ਼ ਰਾਸ਼ੀ
 
ਅੰਮ੍ਰਿਤਸਰ, 28 ਸਤੰਬਰ-
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਪ੍ਰਧਾਨਗੀ ਹੇਠ ਹੋਏ ਜਨਰਲ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦਾ ਸਾਲ 2020-21 ਦਾ 9 ਅਰਬ 81 ਕਰੋੜ 94 ਲੱਖ 80 ਹਜ਼ਾਰ 500 ਰੁਪਏ ਦਾ ਸਾਲਾਨਾ ਬਜਟ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ ਵੱਲੋਂ ਪੇਸ਼ ਕੀਤੇ ਗਏ ਬਜਟ ਨੂੰ ਹਾਜ਼ਰ ਮੈਬਰਾਂ ਨੇ ਜੈਕਾਰੇ ਗਜਾ ਕੇ ਪ੍ਰਵਾਨਗੀ ਦਿੱਤੀ। ਬਜਟ ਵਿੱਚ ਜਨਰਲ ਬੋਰਡ ਫੰਡ ਲਈ 57 ਕਰੋੜ ਰੁਪਏ, ਟਰੱਸਟ ਫੰਡ ਲਈ 37 ਕਰੋੜ 61 ਲੱਖ ਰੁਪਏ, ਵਿਦਿਆ ਫੰਡ 28 ਕਰੋੜ 44 ਲੱਖ ਰੁਪਏ, ਧਰਮ ਪ੍ਰਚਾਰ ਕਮੇਟੀ ਲਈ 58 ਕਰੋੜ ਰੁਪਏ, ਪ੍ਰਿੰਟਿੰਗ ਪ੍ਰੈਸਾਂ ਲਈ 8 ਕਰੋੜ 2 ਲੱਖ ਰੁਪਏ, ਵਿਦਿਅਕ ਅਦਾਰਿਆਂ ਲਈ 2 ਅਰਬ 15 ਕਰੋੜ ਰੁਪਏ, ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਲਈ 87 ਲੱਖ 80 ਹਜ਼ਾਰ 500 ਰੁਪਏ, ਗੁਰਦੁਆਰਾ ਸਾਹਿਬਾਨ ਸੈਕਸ਼ਨ-85 ਲਈ 5 ਅਰਬ 77 ਕਰੋੜ ਰੁਪਏ ਰੱਖੇ ਗਏ ਹਨ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਕਾਰਨ ਸ਼੍ਰੋਮਣੀ ਕਮੇਟੀ ਦਾ ਇਸ ਵਾਰ ਦਾ ਬਜਟ ਪਿਛਲੇ ਸਾਲ ਨਾਲੋਂ 18.51 ਫੀਸਦੀ ਘੱਟ ਰਿਹਾ। ਸ਼੍ਰੋਮਣੀ ਕਮੇਟੀ ਵੱਲੋਂ ਬਜਟ ਇਜਲਾਸ ਹਰ ਸਾਲ ਮਾਰਚ ਮਹੀਨੇ ਵਿਚ ਕੀਤਾ ਜਾਂਦਾ ਹੈ, ਪਰੰਤੂ ਇਸ ਵਾਰ ਕੋਰੋਨਾ ਕਾਰਨ ਸੰਭਵ ਨਹੀਂ ਸੀ ਹੋ ਸਕਿਆ। ਇਸ ਦੇ ਚੱਲਦਿਆਂ ਅੰਤ੍ਰਿੰਗ ਕਮੇਟੀ ਵੱਲੋਂ ਹੀ ਦੋ ਵਾਰ ਤਿੰਨ-ਤਿੰਨ ਮਹੀਨਿਆਂ ਦੇ ਖਰਚਿਆਂ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਰਹੀ ਸੀ।
ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦੁਪਹਿਰ 1:00 ਵਜੇ ਸ਼ੁਰੂ ਹੋਏ ਬਜਟ ਇਜਲਾਸ ਮੌਕੇ ਆਰੰਭਤਾ ਦੀ ਅਰਦਾਸ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ, ਜਦਕਿ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਲਿਆ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਪ੍ਰੰਪਰਾ ਅਨੁਸਾਰ ਬਜਟ ਇਜਲਾਸ ਦੀ ਕਾਰਵਾਈ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ ਨੇ ਸ਼ੁਰੂ ਕੀਤੀ।
ਬਜਟ ਇਜਲਾਸ ਮਗਰੋਂ ਪ੍ਰੈੱਸ ਨਾਲ ਗੱਲਬਾਤ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਬਜਟ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਬੇਸ਼ੱਕ ਬਜਟ ਕੋਰੋਨਾ ਕਾਰਨ ਪ੍ਰਭਾਵਿਤ ਹੋਇਆ ਹੈ, ਪਰੰਤੂ ਫਿਰ ਵੀ ਬਜਟ ਸੰਗਤਾਂ ਦੀ ਭਾਵਨਾਵਾਂ ਦੀ ਤਰਜ਼ਮਾਨੀ ਕਰਦਾ ਹੈ। ਇਸ ਵਿਚ ਹਰ ਪੱਖ ਨੂੰ ਤਵੱਜੋਂ ਦਿੱਤੀ ਗਈ ਹੈ। ਆ ਰਹੀਆਂ ਸ਼ਤਾਬਦੀਆਂ, ਅੰਮ੍ਰਿਤਧਾਰੀ ਬੱਚਿਆਂ, ਸਿਕਲੀਗਰ ਅਤੇ ਵਣਜਾਰੇ ਸਿੱਖਾਂ, ਗੁਰਸਿੱਖ ਖਿਡਾਰੀਆਂ ਅਤੇ ਮੁਕਾਬਲਾ ਪ੍ਰੀਖਿਆਵਾਂ ਵਿਚ ਬੇਹਤਰ ਕਾਰਗੁਜ਼ਾਰੀ ਦਿਖਾਉਣ ਵਾਲੇ ਸਿੱਖ ਨੌਜੁਆਨਾਂ ਲਈ ਬਜਟ ਵਿਚ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਵਾਤਾਵਰਣ ਦੀ ਸ਼ੁੱਧਤਾ, ਕੁਦਰਤੀ ਆਫਤਾਂ, ਵਿਦਿਅਕ ਅਦਾਰਿਆਂ ਨਵੀਆਂ ਸੋਧਾਂ ਦੇ ਨਾਲ-ਨਾਲ ਕੁਦਰਤੀ ਖੇਤੀ ਨੂੰ ਪ੍ਰਫੁੱਲਤ ਕਰਨਾ ਬਜਟ ਦਾ ਮੁੱਖ ਏਜੰਡਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਕ ਨਵੀਂ ਪਹਿਲ ਕਰਦਿਆਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਥਿਤ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਅੰਦਰ 200 ਸਿੱਖ ਲੜਕੀਆਂ ਨੂੰ ਮੁਫ਼ਤ ਵਿਦਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ। ਬਜਟ ਵਿਚ ਇਸ ਕਾਰਜ ਲਈ ਵਿਸ਼ੇਸ਼ ਰਾਸ਼ੀ ਰੱਖੀ ਗਈ ਹੈ। ਇਸ ਤਹਿਤ ਦਾਖਲ ਕੀਤੀਆਂ ਜਾਣ ਵਾਲੀਆਂ ਲੜਕੀਆਂ ਵਿੱਚੋਂ 10 ਫੀਸਦੀ ਕੋਟਾ ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਗ੍ਰੰਥੀਆਂ ਅਤ ਅਖੰਡਪਾਠੀਆਂ ਦੀਆਂ ਬੱਚੀਆਂ ਲਈ ਰੱਖਿਆ ਗਿਆ ਹੈ। ਇਸ ਤੋਂ ਇਲਾਵਾ 5 ਫੀਸਦੀ ਕੋਟਾ ਆਰਥਿਕ ਤੌਰ ’ਤੇ ਕੰਮਜ਼ੋਰ ਗੁਰਸਿੱਖ ਪਰਿਵਾਰਾਂ ਦੀਆਂ ਲੜਕੀਆਂ ਲਈ ਹੋਵੇਗਾ।
ਉਨ੍ਹਾਂ ਦੱਸਿਆ ਕਿ ਆ ਰਹੀਆਂ ਸ਼ਤਾਬਦੀਆਂ ਲਈ ਬਜਟ ਵਿਚ 3 ਕਰੋੜ 45 ਲੱਖ 70 ਹਜ਼ਾਰ ਰੁਪਏ ਰੱਖੇ ਗਏ ਹਨ। ਸ਼੍ਰੋਮਣੀ ਕਮੇਟੀ ਦਾ ਸਥਾਪਨਾ ਦਿਵਸ, ਭਾਈ ਤਾਰੂ ਸਿੰਘ ਜੀ 300 ਸਾਲਾ ਜਨਮ ਦਿਹਾੜਾ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਮਨਾਉਣ ਲਈ ਯੋਜਨਾ ਤਿਆਰ ਕੀਤੀ ਗਈ ਹੈ। ਇਸੇ ਤਰ੍ਹਾਂ ਗੁਰਸਿੱਖ ਖਿਡਾਰੀਆਂ ਅਤੇ ਖੇਡਾਂ ਲਈ 90 ਲੱਖ ਰੁਪਏ ਅਤੇ ਕੁਦਰਤੀ ਆਫਤਾਂ ਲਈ 96 ਲੱਖ ਰੁਪਏ ਰੱਖੇ ਗਏ ਹਨ। ਸਿਕਲੀਗਰ ਵਣਜਾਰੇ ਸਿੱਖਾਂ ਅਤੇ ਪੰਜਾਬ ਤੋਂ ਬਾਹਰ ਗੁਰਦੁਆਰਿਆਂ, ਸਕੂਲਾਂ ਆਦਿ ਲਈ 5 ਕਰੋੜ 30 ਲੱਖ ਰੁਪਏ, ਆਰਿਥਕ ਪੱਖੋਂ ਕੰਮਜ਼ੋਰ ਲੋਕਾਂ ਅਤੇ ਗਰੀਬ ਬੱਚਿਆਂ ਦੀ ਪੜ੍ਹਾਈ ਲਈ 1 ਕਰੋੜ 50 ਲੱਖ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਿੱਖ ਇਤਿਹਾਸ ਦੀ ਖੋਜ, ਲਿਖਾਈ ਤੇ ਛਪਾਈ ਆਦਿ ਲਈ 5 ਲੱਖ 70 ਹਜ਼ਾਰ ਰੁਪਏ ਰੱਖੇ ਹਨ। ਅੰਮ੍ਰਿਤਧਾਰੀ ਵਿਦਿਆਰਥੀਆਂ ਦੀਆਂ ਫੀਸਾਂ ਲਈ ਵੀ ਵਿਸ਼ੇਸ਼ ਰਾਸ਼ੀ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਮਾਰਕੰਡਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਿਸ਼ਨ ਅੰਬਾਲਾ ਲਈ 14 ਕਰੋੜ 20 ਲੱਖ ਰੁਪਏ ਬਜਟ ਵਿਚ ਰੱਖੇ ਗਏ ਹਨ। ਅੰਮ੍ਰਿਤਧਾਰੀ ਬੱਚਿਆਂ ਦੀ ਪੜ੍ਹਾਈ ਲਈ ਵੀ ਪ੍ਰਬੰਧ ਕੀਤਾ ਗਿਆ ਹੈ।
ਬਜਟ ਇਜਲਾਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ, ਬੀਬੀ ਕਿਰਨਜੋਤ ਕੌਰ, ਸ. ਸੇਵਾ ਸਿੰਘ ਸੇਖਵਾਂ, ਸ. ਗੁਰਪ੍ਰੀਤ ਸਿੰਘ ਰੰਧਾਵਾ ਅਤੇ ਸ. ਬਲਵਿੰਦਰ ਸਿੰਘ ਬੈਂਸ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।
 
ਭਾਈ ਲੌਂਗੋਵਾਲ ਨੇ ਵਿਰੋਧ ਕਰਨ ਵਾਲੇ ਮੈਂਬਰਾਂ ਨੂੰ ਕੀਤੇ ਤਿੱਖੇ ਸਵਾਲ
ਬਜਟ ਇਜਲਾਸ ਦੌਰਾਨ ਕੁਝ ਮੈਂਬਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕੀਤੇ ਗਏ ਸ਼ੋਰ-ਸ਼ਰਾਬੇ ਨੂੰ ਭਾਈ ਲੌਂਗੋਵਾਲ ਨੇ ਮੰਦਭਾਗਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਜਨਰਲ ਇਜਲਾਸ ਦੀ ਮਰਯਾਦਾ ਨੂੰ ਵੀ ਨਹੀਂ ਜਾਣਦੇ, ਉਹ ਸਿੱਖਾਂ ਦੀ ਕੀ ਅਗਵਾਈ ਕਰ ਸਕਦੇ ਹਨ। ਭਾਈ ਲੌਂਗੋਵਾਲ ਨੇ ਕਿਹਾ ਕਿ ਕੁਝ ਮੈਂਬਰਾਂ ਵੱਲੋਂ ਆਰੰਭਤਾ ਸਮੇਂ ਹੀ ਸ਼ੋਰ-ਸ਼ਰਾਬਾ ਸ਼ੁਰੂ ਕਰਨਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਜਨਰਲ ਹਾਊਸ ਦੀ ਮਰਯਾਦਾ ਹੈ ਕਿ ਜਿਹੜਾ ਵੀ ਬੋਲਣਾ ਚਾਹੁੰਦਾ ਹੈ ਉਹ ਪ੍ਰਵਾਨਗੀ ਨਾਲ ਅਖੀਰ ਸਮੇਂ ਬੋਲ ਸਕਦਾ ਹੈ। ਪ੍ਰੰਤੂ ਜਾਣਬੁਝ ਕੇ ਜਨਰਲ ਹਾਊਸ ਦੀ ਮਰਯਾਦਾ ਭੰਗ ਕਰਨੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਸ਼ੋਰ-ਸ਼ਰਾਬਾ ਕਰਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਜਿਹੜੇ ਮਤਿਆਂ ਦੀ ਕੁਝ ਮੈਂਬਰ ਮੰਗ ਕਰ ਰਹੇ ਸਨ, ਉਹ ਪਹਿਲਾਂ ਹੀ ਸ਼ਾਮਲ ਕੀਤੇ ਗਏ ਸਨ। ਭਾਈ ਲੌਂਗੋਵਾਲ ਨੇ ਇਸ ਗੱਲ ’ਤੇ ਵੀ ਸਵਾਲ ਖੜ੍ਹਾ ਕੀਤਾ ਕਿ ਜਦੋਂ ਵਿਰੋਧ ਕਰਨ ਵਾਲੇ ਸਾਰੇ ਮੈਂਬਰਾਂ ਨੂੰ ਬੋਲਣ ਦਾ ਸਮਾਂ ਦੇ ਦਿੱਤਾ ਗਿਆ, ਤਾਂ ਇਸ ਮਗਰੋਂ ਵੀ ਉਹ ਅਰਦਾਸ ਵਿਚ ਸਮਾਪਤੀ ਤੱਕ ਕਿਉਂ ਨਹੀਂ ਖੜ੍ਹੇ। ਉਨ੍ਹਾਂ ਕਿਹਾ ਕਿ ਹਾਊਸ ਦੀ ਮਰਯਾਦਾ ਉਲੰਘ ਕੇ ਵਿਰੋਧ ਕਰਨ ਵਾਲੇ ਮੈਂਬਰਾਂ ਨੂੰ ਆਪਣੇ ਅੰਦਰ ਝਾਤੀ ਜ਼ਰੂਰ ਮਾਰਨੀ ਚਾਹੀਦੀ ਹੈ।

 

ਬਜਟ ਇਜਲਾਸ ਦੌਰਾਨ ਭਾਈ ਲੌਂਗੋਵਾਲ ਵੱਲੋਂ ਪੇਸ਼ ਕੀਤੇ ਮਤਿਆਂ ਨੂੰ ਪ੍ਰਵਾਨਗੀ
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਦੌਰਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਿੱਖ ਕੌਮ ਨਾਲ ਸਬੰਧਤ ਵੱਖ-ਵੱਖ ਮਤੇ ਪੇਸ਼ ਕੀਤੇ, ਜਿਨ੍ਹਾਂ ਨੂੰ ਸਮੁੱਚੇ ਹਾਊਸ ਨੇ ਜੈਕਾਰਿਆਂ ਦੀ ਗੂੰਜ ’ਚ ਪ੍ਰਵਾਨਗੀ ਦਿੱਤੀ। ਪਾਸ ਕੀਤੇ ਗਏ ਮਤਿਆਂ ਦਾ ਸੰਖੇਪ ਭਾਵ ਇਸ ਤਰ੍ਹਾਂ ਹੈ:
1. ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਦੀ ਸੂਚੀ ਵਿੱਚੋਂ ਪੰਜਾਬੀ ਨੂੰ ਬਾਹਰ ਕਰਨ ਦਾ ਨਿੰਦਾ ਮਤਾ ਪਾਸ ਕੀਤਾ ਗਿਆ। ਮਤੇ ਵਿਚ ਕਿਹਾ ਗਿਆ ਕਿ ਜੰਮੂ ਕਸ਼ਮੀਰ ਖਿੱਤੇ ਅੰਦਰ ਵੱਡੀ ਗਿਣਤੀ ਲੋਕ ਪੰਜਾਬੀ ਭਾਸ਼ਾ ਬੋਲਦੇ ਹਨ। ਇਥੇ ਪੰਜਾਬੀ ਨੂੰ ਸੰਵਿਧਾਨਕ ਤੌਰ ’ਤੇ ਵੀ ਮਾਨਤਾ ਰਹੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜੰਮੂ ਕਸ਼ਮੀਰ ਖੇਤਰ ਸਿੱਖ ਰਾਜ ਦਾ ਹਿੱਸਾ ਰਿਹਾ ਹੈ। ਖਿੱਤੇ ਦੇ ਇਤਿਹਾਸ, ਰਵਾਇਤਾਂ ਦੇ ਨਾਲ-ਨਾਲ ਵੱਡੀ ਗਿਣਤੀ ਲੋਕਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ ਬਿਨਾ ਭਾਰਤ ਸਰਕਾਰ ਜੰਮੂ ਕਸ਼ਮੀਰ ਭਾਸ਼ਾ ਬਿੱਲ ਪਾਸ ਕੀਤਾ ਗਿਆ ਹੈ। ਇਹ ਘੱਟਗਿਣਤੀਆਂ ਨਾਲ ਧੱਕਾ ਹੈ। ਮਤੇ ਰਾਹੀਂ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ ਕਿ ਜੰਮੂ ਕਸ਼ਮੀਰ ਭਾਸ਼ਾ ਬਿੱਲ ਵਿਚ ਪੰਜਾਬੀ ਨੂੰ ਮੁੜ ਸ਼ਾਮਲ ਕੀਤਾ ਜਾਵੇ। ਇਸ ਮਾਮਲੇ ਸਬੰਧੀ ਸਮੂਹ ਸੰਸਦ ਮੈਂਬਰਾਂ ਨੂੰ ਵੀ ਅਵਾਜ਼ ਬੁਲੰਦ ਕਰਨ ਦੀ ਵੀ ਅਪੀਲ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਤੇ ਚੰਡੀਗੜ੍ਹ ਸਮੇਤ ਵੱਖ-ਵੱਖ ਸੂਬਿਆਂ ਅੰਦਰ ਪੰਜਾਬੀ ਮਾਂ-ਬੋਲੀ ਨਾਲ ਕੀਤੇ ਜਾ ਰਹੇ ਵਿਤਕਰੇ, ਵਖਰੇਵੇਂ ’ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਅਤੇ ਸੂਬਾ ਸਰਕਾਰਾਂ ਪਾਸੋਂ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ-ਸਤਿਕਾਰ ਦਵਾਉਣ ਲਈ ਉਪਰਾਲੇ ਕਰਨ ਦੀ ਵੀ ਮੰਗ ਕੀਤੀ ਗਈ।
2. ਭਾਰਤ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਅਪ੍ਰਵਾਨ ਕਰਦਿਆਂ ਇਕ ਮਤੇ ਰਾਹੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਕਿਸਾਨਾਂ ਦਾ ਦੁਸ਼ਮਣ ਕਰਾਰ ਦਿੱਤਾ ਗਿਆ। ਮਤੇ ਵਿਚ ਕਿਹਾ ਗਿਆ ਕਿ ਭਾਰਤ ਸਰਕਾਰ ਦੇ ਕਿਸਾਨੀ ਨਾਲ ਸਬੰਧਤ ਤਿੰਨ ਬਿੱਲ ਦੇਸ਼ ਦੇ ਕਿਸਾਨਾਂ ਨੂੰ ਦਬਾਉਣ ਅਤੇ ਬਰਬਾਦ ਕਰਨ ਵਾਲੇ ਹਨ। ਕਿਸਾਨ ਜੋ ਦੇਸ਼ ਦੇ ਅੰਨਦਾਤੇ ਵਜੋਂ ਜਾਣਿਆ ਜਾਂਦਾ ਹੈ, ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠਾਂ ਹਨ ਅਤੇ ਕਿਸਾਨ ਵਿਰੋਧੀ ਬਿੱਲਾਂ ਨਾਲ ਇਨ੍ਹਾਂ ਦੀ ਹਾਲਤ ਹੋਰ ਨਿੱਘਰ ਜਾਵੇਗੀ। ਜਨਰਲ ਇਜਲਾਸ ਨੇ ਮੰਗ ਕੀਤੀ ਕਿ ਇਹ ਕਿਸਾਨ ਵਿਰੋਧੀ ਬਿੱਲ ਲਾਗੂ ਨਾ ਕੀਤੇ ਜਾਣ ਅਤੇ ਭਾਰਤ ਭਰ ਦੇ ਸਮੂਹ ਸੰਸਦ ਮੈਂਬਰ ਵੀ ਆਪਣੀ ਨੈਤਿਕ ਜ਼ੁੰਮੇਵਾਰੀ ਸਮਝਦਿਆਂ ਬਿੱਲਾਂ ਵਿਰੁੱਧ ਅਵਾਜ਼ ਉਠਾ ਕੇ ਕਿਸਾਨ ਹਿੱਤਾਂ ਦੀ ਰਾਖੀ ਕਰਨ।
3. ਪਾਸ ਕੀਤੇ ਗਏ ਇਕ ਮਤੇ ਰਾਹੀਂ ਪਾਕਿਸਤਾਨ ਸਥਿਤ ਸਿੱਖਾਂ ਦੇ ਗੁਰਦੁਆਰਾ ਸਾਹਿਬਾਨ ਦੀ ਹੋਂਦ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਦੀ ਸਖ਼ਤ ਨਿੰਦਾ ਕੀਤੀ ਗਈ। ਮਤੇ ਰਾਹੀਂ ਮੰਗ ਕੀਤੀ ਗਈ ਕਿ 1947 ਦੀ ਦੇਸ਼ ਵੰਡ ਨਾਲ ਪਾਕਿਸਤਾਨ ਅੰਦਰ ਰਹਿ ਗਏ ਸਿੱਖਾਂ ਦੇ ਸੈਂਕੜੇ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਪਾਕਿਸਤਾਨ ਸਰਕਾਰ ਧਾਰਮਿਕ ਨਜ਼ਰੱਈਏ ਤੋਂ ਕਰੇ। ਉਥੇ ਕਈ ਗੁਰਦੁਆਰਿਆਂ ਅੰਦਰ ਪਸ਼ੂ ਬੰਨ੍ਹੇ ਜਾ ਰਹੇ ਹਨ ਅਤੇ ਕਈਆਂ ’ਤੇ ਨਜਾਇਜ਼ ਕਬਜ਼ੇ ਹਨ। ਗੁਰੂ ਘਰਾਂ ਦੀਆਂ ਜਿੰਨਾ ਇਮਾਰਤਾਂ ’ਤੇ ਕਬਜ਼ੇ ਹਨ ਉਹ ਛੁਡਵਾਏ ਜਾਣ। ਭਾਰਤ ਸਰਕਾਰ ਪਾਸੋਂ ਵੀ ਮੰਗ ਕੀਤੀ ਗਈ ਕਿ ਪਾਕਿਸਤਾਨ ਅੰਦਰ ਗੁਰਦੁਆਰਿਆਂ ਦੀ ਇਮਾਰਤਾਂ ਦੀ ਹੋਂਦ ਖ਼ਤਮ ਕੀਤੇ ਜਾਣ ਦਾ ਮਾਮਲਾ ਪਾਕਿਸਤਾਨ ਸਰਕਾਰ ਪਾਸ ਉਠਾਏ।
4. ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਪਾਕਿਸਤਾਨ ਦਾ ਲਾਂਘਾ ਮੁੜ ਖੋਲ੍ਹਣ ਲਈ ਇਕ ਮਤੇ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ। ਕਿਹਾ ਗਿਆ ਕਿ ਇਸ ਪਾਵਨ ਅਸਥਾਨ ਨਾਲ ਸਿੱਖ ਜਗਤ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਲਾਂਘਾ ਖੁਲ੍ਹਣ ਨਾਲ ਸੰਗਤਾਂ ਵਿਚ ਭਾਰੀ ਖੁਸ਼ੀ ਪਾਈ ਗਈ ਸੀ। ਪਰੰਤੂ ਕੋਰੋਨਾ ਕਾਰਨ ਇਹ ਲਾਂਘਾ ਵਕਤੀ ਤੌਰ ‘’ਤੇ ਬੰਦ ਕਰ ਦਿੱਤਾ ਗਿਆ। ਹੁਣ ਜਦੋਂ ਸਾਰੇ ਧਾਰਮਿਕ ਅਸਥਾਨ ਅਤੇ ਵਪਾਰਿਕ ਅਦਾਰੇ ਖੋਲ੍ਹਣ ਦੀ ਸਰਕਾਰਾਂ ਵੱਲੋਂ ਇਜਾਜ਼ਤ ਦਿੱਤੀ ਗਈ ਤਾਂ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਮੁੜ ਖੋਲ੍ਹਣ ਲਈ ਭਾਰਤ ਸਰਕਾਰ ਤੁਰੰਤ ਫੈਸਲਾ ਲਵੇ। ਇਸ ਦੇ ਨਾਲ ਇਹ ਮੰਗ ਵੀ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਪਾਸਪੋਰਟ ਦੀ ਸ਼ਰਤ ਖ਼ਤਮ ਕਰਕੇ ਯਾਤਰਾ ਪ੍ਰਕਿਰਿਆ ਵੀ ਸਰਲ ਬਣਾਈ ਜਾਵੇ।
5. ਜਨਰਲ ਇਜਲਾਸ ਵੱਲੋਂ ਇਕ ਮਤੇ ਰਾਹੀਂ ਉਤਰਾਖੰਡ, ਸਿੱਕਮ ਅਤੇ ਉੜੀਸਾ ਆਦਿ ਵਿਖੇ ਸਥਿਤ ਸਿੱਖਾਂ ਦੇ ਇਤਿਹਾਸਕ ਅਸਥਾਨਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਗਈ। ਮਤੇ ਰਾਹੀਂ ਕਿਹਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿ ਕੀ ਪਾਉੜੀ ਹਰਿਦੁਆਰ (ਉਤਰਾਖੰਡ), ਗੁਰਦੁਆਰਾ ਡਾਂਗ ਮਾਰ ਚੁੰਗਥਾਂਗ (ਸਿੱਕਮ), ਗੁਰਦੁਆਰਾ ਬਾਵਲੀ ਮੱਠ, ਮੰਗੂ ਮੱਠ ਤੇ ਪੰਜਾਬੀ ਮੱਠ ਜਗਨਨਾਥਪੁਰੀ (ਉੜੀਸਾ) ਵੱਡੇ ਮਹੱਤਵ ਵਾਲੇ ਅਸਥਾਨ ਹਨ। ਇਨ੍ਹਾਂ ਦੀ ਪਵਿੱਤਰਤਾ, ਇਤਿਹਾਸਕਤਾ ਅਤੇ ਸਾਂਭ-ਸੰਭਾਲ ਦੇ ਮੱਦੇਨਜ਼ਰ ਇਨ੍ਹਾਂ ਦੀ ਜ਼ੁੰਮੇਵਾਰੀ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਜਾਵੇ, ਤਾਂ ਜੋ ਲੋੜੀਂਦੀਆਂ ਇਮਾਰਤਾਂ ਦੀ ਉਸਾਰੀ ਕਰਕੇ ਪ੍ਰੰਪਰਾਵਾਂ ਅਨੁਸਾਰ ਸੇਵਾ-ਸੰਭਾਲ ਹੋ ਸਕੇ।
6. ਇਕ ਮਤੇ ਰਾਹੀਂ ਦੇਸ਼ ਦੀਆਂ ਵੱਖ-ਵੱਖ ਜ਼ੇਲ੍ਹਾਂ ਵਿਚ ਪਿਛਲੇ ਲੰਮੇ ਸਮੇਂ ਤੋਂ ‘ਟਾਡਾ’ ਤੇ ਹੋਰ ਕਾਲੇ ਕਾਨੂੰਨਾਂ ਅਧੀਨ ਨਜ਼ਰਬੰਦ ਨਿਰਦੋਸ਼ ਸਿੱਖਾਂ ਦੀ ਰਿਹਾਈ ਲਈ ਭਾਰਤ ਅਤੇ ਵੱਖ-ਵੱਖ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਗਈ। ਇਸ ਤੋਂ ਇਲਾਵਾ ਯੂਏਪੀਏ ਐਕਟ ਦੀ ਦੁਰਵਰਤੋਂ ਰੋਕਣ ਲਈ ਭਾਰਤ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ।
7. ਸੋਸ਼ਲ ਮੀਡੀਆ ’ਤੇ ਗੁਰੂ ਸਾਹਿਬਾਨ, ਸਿੱਖ ਯੋਧਿਆਂ, ਗੁਰਬਾਣੀ, ਸਿੱਖ ਇਤਿਹਾਸ ਆਦਿ ਸਬੰਧੀ ਵਿਵਾਦਤ ਪੋਸਟਾਂ ’ਤੇ ਸਖ਼ਤੀ ਨਾਲ ਰੋਕ ਲਗਾਉਣ ਲਈ ਇਕ ਮਤੇ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ। ਕਿਹਾ ਗਿਆ ਕਿ ਸੋਸ਼ਲ ਮੀਡੀਆ ਦੀ ਅਜ਼ਾਦੀ ਦਾ ਮਤਲਬ ਹਰਗਿਜ਼ ਇਹ ਨਹੀਂ ਹੋਣਾ ਚਾਹੀਦਾ ਕਿ ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਵੇ।
8. ਜਨਰਲ ਇਜਲਾਸ ਦੌਰਾਨ ਕੋਰੋਨਾ ਮਹਾਮਾਰੀ ਸਮੇਂ ਲੋੜਵੰਦਾਂ ਦੀ ਮੱਦਦ ਕਰਨ ਵਾਲੀਆਂ ਸਿੱਖ ਸੰਸਥਾਵਾਂ ਦੇ ਕਾਰਜਾਂ ਦੀ ਵੀ ਸ਼ਲਾਘਾ ਕੀਤੀ ਗਈ। ਇਸ ਮਤੇ ਰਾਹੀਂ ਲੋੜਵੰਦਾਂ ਤੱਕ ਲੰਗਰ ਪਹੁੰਚਾਉਣ ਸਮੇਤ ਹੋਰ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਸੰਸਥਾਵਾਂ ਦੀ ਪਹਿਲਕਦਮੀ ਨੂੰ ਸਲਾਹਿਆ ਗਿਆ।
9. ਇਕ ਮਤੇ ਰਾਹੀਂ ਕਾਨੂੰਨ ਦੀ ਧਾਰਾ 295-ਏ ਤਹਿਤ ਦਿੱਤੀ ਜਾਣ ਵਾਲੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰਨ ਦੀ ਭਾਰਤ ਸਰਕਾਰ ਪਾਸੋਂ ਮੰਗ ਕੀਤੀ ਗਈ। ਮਤੇ ਵਿਚ ਕਿਹਾ ਗਿਆ ਕਿ ਇਸ ਧਾਰਾ ਤਹਿਤ ਦਿੱਤੀ ਜਾਣ ਵਾਲੀ ਸਜ਼ਾ ਨਾ-ਮਾਤਰ ਹੋਣ ਕਾਰਨ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਲੋਕ ਬਚ ਨਿਕਲਦੇ ਹਨ। ਜੇਕਰ ਇਸ ਧਾਰਾ ਤਹਿਤ ਦਿੱਤੀ ਜਾਣ ਵਾਲੀ ਸਜ਼ਾ ਮਿਸਾਲੀ ਹੋਵੇਗੀ, ਤਾਂ ਕੋਈ ਵੀ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਹਿੰਮਤ ਨਹੀਂ ਕਰੇਗਾ। ਇਸ ਮਤੇ ਵਿਚ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਕਿ ਉਹ 295-ਏ ਧਾਰਾ ਤਹਿਤ ਦਿੱਤੀ ਜਾਣ ਵਾਲੀ ਸਜ਼ਾ ਵਿਚ ਵਾਧਾ ਕਰਨ ਸਬੰਧੀ ਆਪਣੀ ਕਾਰਵਾਈ ਕਰਕੇ ਭਾਰਤ ਸਰਕਾਰ ਨੂੰ ਭੇਜੇ।
10. ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਕੁਝ ਕਰਮਚਾਰੀਆਂ ਵੱਲੋਂ ਗੈਰ ਜ਼ੁੰਮੇਵਰਾਨਾ ਢੰਗ ਨਾਲ ਡਿਊਟੀ ਕਰਦਿਆਂ ਕੀਤੀ ਬੇਨਿਯਮੀਆਂ ਅਤੇ ਸੰਗਤ ਨੂੰ ਦਿੱਤੇ ਗਏ ਪਾਵਨ ਸਰੂਪਾਂ ਦੀ ਭੇਟਾ ਨਿੱਜੀ ਲਾਲਚ ਵੱਸ ਖੁਦ ਵਰਤਣ ਦੇ ਮਾਮਲੇ ਨੂੰ ਲੈ ਕੇ ਵੀ ਇਕ ਮਤਾ ਪਾਸ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮਤਾ ਪੇਸ਼ ਕਰਦਿਆਂ ਆਖਿਆ ਕਿ ਪਬਲੀਕੇਸ਼ਨ ਵਿਭਾਗ ਦੇ ਕੁਝ ਕਰਮਚਾਰੀਆਂ ਦੀ ਘਨੌਣੀ ਹਰਕਤ ਨਾਲ ਸ਼੍ਰੋਮਣੀ ਕਮੇਟੀ ਨੂੰ ਚਿੰਤਾਜਨਕ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਸ ਸਾਰੇ ਮਾਮਲੇ ਨੂੰ ਲੈ ਕੇ ਜਾਚ-ਕਮਿਸ਼ਨ ਦੀ ਰਿਪੋਰਟ ਅਨੁਸਾਰ ਦੋਸ਼ੀ ਮੁਲਾਜ਼ਮਾਂ ’ਤੇ ਸਖ਼ਤ ਕਾਰਵਾਈ ਕੀਤੀ ਗਈ ਹੈ, ਪਰੰਤੂ ਪ੍ਰਬੰਧਕੀ ਸੰਸਥਾ ਹੋਣ ਕਰਕੇ ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ ਖਾਲਸਾ ਪੰਥ ਪਾਸੋਂ ਖਿਮਾ-ਜਾਚਨਾ ਕਰਦਾ ਹੈ। ਇਸੇ ਮਤੇ ਰਾਹੀਂ ਹੀ 19 ਮਈ 2016 ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਗਨ ਭੇਟ ਹੋਣ ਦੀ ਵਾਪਰੀ ਮੰਦਭਾਗੀ ਘਟਨਾ ’ਤੇ ਵੀ ਅਫ਼ਸੋਸ ਪ੍ਰਗਟ ਕੀਤਾ ਗਿਆ।
11. ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਮਿਲਦੇ ਸਾਲਾਨਾ ਤਿੰਨ ਲੱਖ ਰੁਪਏ ਦੇ ਸਾਲਾਨਾ ਕੋਟਾ ਜੋ ਕੋਰੋਨਾ ਕਾਰਨ ਵਕਤੀ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ, ਜਨਰਲ ਇਜਲਾਸ ਦੌਰਾਨ ਉਸ ਵਿੱਚੋਂ 2 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ।
12. ਇਸ ਤੋਂ ਇਲਾਵਾ ਜਨਰਲ ਇਜਲਾਸ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਜਸਵੰਤ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਕੰਵਲਇੰਦਰ ਸਿੰਘ ਠੇਕੇਦਾਰ, ਸ. ਸੱਜਣ ਸਿੰਘ ਬੱਜੂਮਾਨ, ਚੀਫ਼ ਖ਼ਾਲਸਾ ਦੀਵਾਨ ਦੇ ਆਨਨੇਰੀ ਸਕੱਤਰ ਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਸਾਬਕਾ ਪ੍ਰਧਾਨ ਸ. ਤਾਰਾ ਸਿੰਘ ਅਤੇ ਸਿੱਖ ਗੁਰਦੁਆਰਾ ਜ਼ੁਡੀਸ਼ੀਅਲ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ. ਕਸ਼ਮੀਰ ਸਿੰਘ ਪੱਟੀ ਦੇ ਅਕਾਲ ਚਲਾਣੇ ’ਤੇ ਸ਼ੋਕ ਮਤੇ ਪੜ੍ਹੇ ਗਏ। ਇਨ੍ਹਾਂ ਤਿੰਨਾਂ ਸ਼ਖ਼ਸੀਅਤਾਂ ਦੀਆਂ ਪੰਥਕ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ ਅਤੇ ਵਿਛੜੀ ਰੂਹਾਂ ਨਮਿਤ ਮੂਲ-ਮੰਤਰ ਦੇ ਪਾਠ ਕੀਤੇ ਗਏ।
 
ਇਜਲਾਸ ਦੌਰਾਨ ਹਾਜ਼ਰ ਰਹੇ ਮੈਂਬਰ ਸਾਹਿਬਾਨ:
ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ਮੌਕੇ ਸਿੰਘ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖਾਲਸਾ, ਜਨਰਲ ਸਕੱਤਰ ਸ. ਹਰਜਿੰਦਰ ਸਿੰਘ ਧਾਮੀ, ਸਾਬਕਾ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਅੰਤ੍ਰਿੰਗ ਮੈਂਬਰ ਸ. ਮੰਗਵਿੰਦਰ ਸਿੰਘ ਖਾਪੜਖੇੜੀ, ਸ. ਸ਼ੇਰ ਸਿੰਘ ਮੰਡਵਾਲਾ, ਸ. ਜਸਮੇਲ ਸਿੰਘ ਲਾਛੜੂ, ਬੀਬੀ ਕੁਲਦੀਪ ਕੌਰ ਟੌਹੜਾ, ਸ. ਸੁਰਜੀਤ ਸਿੰਘ ਕੰਗ, ਸ. ਭੁਪਿੰਦਰ ਸਿੰਘ ਅਸੰਧ, ਸ. ਜਗਸੀਰ ਸਿੰਘ ਮਾਂਗੇਆਣਾ, ਭਾਈ ਮਨਜੀਤ ਸਿੰਘ, ਭਾਈ ਅਮਰਜੀਤ ਸਿੰਘ ਚਾਵਲਾ, ਭਾਈ ਗੁਰਚਰਨ ਸਿੰਘ ਗਰੇਵਾਲ, ਸ. ਗੁਰਪ੍ਰੀਤ ਸਿੰਘ ਝੱਬਰ, ਬੀਬੀ ਪਰਮਜੀਤ ਕੌਰ, ਬੀਬੀ ਜਸਪਾਲ ਕੌਰ, ਸ. ਮਲਕੀਤ ਸਿੰਘ, ਸ. ਪਰਮਜੀਤ ਸਿੰਘ ਖਾਲਸਾ, ਸ. ਬਲਦੇਵ ਸਿੰਘ ਚੂੰਗਾ, ਸ. ਦਲਵਾਰ ਸਿੰਘ, ਸੰਤ ਬਲਬੀਰ ਸਿੰਘ ਘੁੰਨਸ, ਸ. ਬਿੱਕਰ ਸਿੰਘ ਚੰਨੂ, ਭਾਈ ਰਾਮ ਸਿੰਘ, ਸ. ਗੁਰਪਾਲ ਸਿੰਘ ਗੋਰਾ, ਬੀਬੀ ਕਿਰਨਵੀਰ ਕੌਰ, ਸ. ਨਵਤੇਜ ਸਿੰਘ ਕਾਉਣੀ, ਸ. ਅਮਰਜੀਤ ਸਿੰਘ ਬੰਡਾਲਾ, ਸ. ਭਗਵੰਤ ਸਿੰਘ ਸਿਆਲਕਾ, ਸ. ਸੁਖਦਰਸ਼ਨ ਸਿੰਘ ਮਰਾੜ, ਸ. ਕੌਰ ਸਿੰਘ, ਬੀਬੀ ਪ੍ਰਮਿੰਦਰ ਕੌਰ, ਸ. ਦਰਸ਼ਨ ਸਿੰਘ ਬਰਾੜ, ਸ. ਪ੍ਰੀਤਮ ਸਿੰਘ ਮਲਸੀਹਾਂ, ਸ. ਸਰਵਣ ਸਿੰਘ ਕੁਲਾਰ, ਬੀਬੀ ਗੁਰਪ੍ਰੀਤ ਕੌਰ, ਸ. ਅਮਰਜੀਤ ਸਿੰਘ ਭਲਾਈਪੁਰ, ਸ. ਦਰਸ਼ਨ ਸਿੰਘ ਸ਼ੇਰਖਾਂ, ਸ. ਬਲਵਿੰਦਰ ਸਿੰਘ, ਸ. ਸਤਪਾਲ ਸਿੰਘ ਤਲਵੰਡੀ ਭਾਈ, ਬੀਬੀ ਜਸਵਿੰਦਰ ਕੌਰ, ਸ. ਗੁਰਮੀਤ ਸਿੰਘ ਬੂਹ, ਸ. ਗੁਰਮੇਲ ਸਿੰਘ ਸੰਗਤਪੁਰਾ, ਸ. ਸੁਖਹਰਪ੍ਰੀਤ ਸਿੰਘ ਰੋਡੇ, ਬੀਬੀ ਗੁਰਿੰਦਰ ਕੌਰ, ਬੀਬੀ ਜਸਪਾਲ ਕੌਰ, ਬੀਬੀ ਜੋਗਿੰਦਰ ਕੌਰ, ਸ. ਗੁਰਤੇਜ ਸਿੰਘ ਢੱਡੇ, ਸ. ਸੁਰਜੀਤ ਸਿੰਘ ਰਾਏਪੁਰ, ਸ. ਮਿੱਠੂ ਸਿੰਘ, ਬੀਬੀ ਸ਼ਰਨਜੀਤ ਕੌਰ, ਸ. ਭੁਪਿੰਦਰ ਸਿੰਘ ਭਲਵਾਨ, ਸ. ਹਰਦੇਵ ਸਿੰਘ ਰੋਗਲਾ, ਬੀਬੀ ਮਲਕੀਤ ਕੌਰ, ਸ. ਨਿਰਮਲ ਸਿੰਘ ਹਰਿਆਓ, ਸ. ਕੁਲਦੀਪ ਸਿੰਘ ਨੱਸੂਪੁਰ, ਸ. ਸਤਵਿੰਦਰ ਸਿੰਘ ਟੌਹੜਾ, ਸ. ਸਵਿੰਦਰ ਸਿੰਘ ਸਭਰਵਾਲ, ਸ. ਸੁਰਜੀਤ ਸਿੰਘ ਗੜ੍ਹੀ, ਭਾਈ ਗੁਰਪ੍ਰੀਤ ਸਿੰਘ, ਸ. ਰਣਧੀਰ ਸਿੰਘ ਚੀਮਾ, ਸ. ਅਵਤਾਰ ਸਿੰਘ ਰਿਆ, ਸ. ਰਵਿੰਦਰ ਸਿੰਘ ਖ਼ਾਲਸਾ, ਸ. ਦਵਿੰਦਰ ਸਿੰਘ ਖੱਟੜਾ, ਸ. ਰਘਬੀਰ ਸਿੰਘ ਸਹਾਰਨਮਾਜਰਾ, ਸ. ਚਰਨ ਸਿੰਘ ਆਲਮਗੀਰ, ਸ. ਹਰਪਾਲ ਸਿੰਘ ਜੱਲ੍ਹਾ, ਸ. ਹਰਪ੍ਰੀਤ ਸਿੰਘ ਗਰਚਾ, ਸ. ਜਸਵੰਤ ਸਿੰਘ ਪੁੜੈਣ, ਸ. ਬਲਵਿੰਦਰ ਸਿੰਘ ਬੈਂਸ, ਬੀਬੀ ਰਜਿੰਦਰ ਕੌਰ, ਸ. ਰਣਜੀਤ ਸਿੰਘ, ਸ. ਸਰਬੰਸ ਸਿੰਘ ਮਾਨਕੀ, ਸ. ਮਹਿੰਦਰ ਸਿੰਘ ਹੁਸੈਨਪੁਰਾ, ਸ. ਬਲਦੇਵ ਸਿੰਘ ਕਲਿਆਣ, ਸ. ਪਰਮਜੀਤ ਸਿੰਘ ਰਾਏਪੁਰ, ਸ. ਕੁਲਵੰਤ ਸਿੰਘ ਮੰਨਣ, ਸ. ਰਣਜੀਤ ਸਿੰਘ ਕਾਹਲੋਂ, ਬੀਬੀ ਗੁਰਮੀਤ ਕੌਰ, ਸ. ਬਲਵਿੰਦਰ ਸਿੰਘ ਵੇਈਂਪੂਈਂ, ਸ. ਗੁਰਬਚਨ ਸਿੰਘ ਕਰਮੂੰਵਾਲਾ, ਬੀਬੀ ਹਰਜਿੰਦਰ ਕੌਰ, ਬਾਬਾ ਨਿਰਮਲ ਸਿੰਘ, ਸ. ਗੁਰਿੰਦਰਪਾਲ ਸਿੰਘ ਰਣੀਕੇ, ਸ. ਹਰਜਾਪ ਸਿੰਘ ਸੁਲਤਾਨਵਿੰਡ, ਸ. ਬਾਵਾ ਸਿੰਘ ਗੁਮਾਨਪੁਰਾ, ਬੀਬੀ ਕਿਰਨਜੋਤ ਕੌਰ, ਸ. ਸੁਰਜੀਤ ਸਿੰਘ ਭਿੱਟੇਵੱਡ, ਬੀਬੀ ਬਲਵਿੰਦਰ ਕੌਰ ਲੋਪੋਕੇ, ਸ. ਅਮਰੀਕ ਸਿੰਘ ਵਿਛੋਆ, ਸ. ਜੋਧ ਸਿੰਘ ਸਮਰਾ, ਬੀਬੀ ਸਰਵਨ ਕੌਰ ਤੇੜਾ, ਸ. ਸੁਰਜੀਤ ਸਿੰਘ, ਸ. ਗੁਰਨਾਮ ਸਿੰਘ ਜੱਸਲ, ਸ. ਅਮਰੀਕ ਸਿੰਘ ਸ਼ਾਹਪੁਰ, ਬੀਬੀ ਜੋਗਿੰਦਰ ਕੌਰ, ਬੀਬੀ ਜਸਵੀਰ ਕੌਰ, ਸ. ਸੇਵਾ ਸਿੰਘ ਸੇਖਵਾਂ, ਸ. ਰਵਿੰਦਰ ਸਿੰਘ ਚੱਕ, ਸ. ਤਾਰਾ ਸਿੰਘ, ਸ. ਸੁਰਿੰਦਰ ਸਿੰਘ ਠੇਕੇਦਾਰ, ਬੀਬੀ ਰਣਜੀਤ ਕੌਰ ਮਾਹਿਲਪੁਰ, ਸ. ਅਜਮੇਰ ਸਿੰਘ ਖੇੜਾ, ਸ. ਚਰਨਜੀਤ ਸਿੰਘ ਕਾਲੇਵਾਲ, ਸ. ਕਰਨੈਲ ਸਿੰਘ ਪੰਜੋਲੀ, ਸ. ਚਰਨਜੀਤ ਸਿੰਘ ਜੱਸੋਵਾਲ, ਸ. ਦਲਜੀਤ ਸਿੰਘ ਭਿੰਡਰ, ਸ. ਬਲਦੇਵ ਸਿੰਘ ਕਾਇਮਪੁਰ, ਸ. ਬਲਦੇਵ ਸਿੰਘ ਖਾਲਸਾ, ਬੀਬੀ ਅਮਰਜੀਤ ਕੌਰ, ਸ. ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ. ਸੁਖਦੇਵ ਸਿੰਘ ਭੂਰਾਕੋਹਨਾ, ਸ. ਸੁਖਮਿੰਦਰ ਸਿੰਘ, ਸ. ਪ੍ਰਤਾਪ ਸਿੰਘ, ਸ. ਕੁਲਵਿੰਦਰ ਸਿੰਘ ਰਮਦਾਸ ਆਦਿ ਮੌਜੂਦ ਸਨ।