ਕਾਂਗਰਸੀ ਆਗੂਆਂ ਨੂੰ ਧਰਮ ਅਤੇ ਸਿਆਸਤ ਦਾ ਭੋਰਾ ਵੀ ਪਤਾ ਨਹੀਂ –ਭਾਈ ਚਾਵਲਾ
ਅੰਮ੍ਰਿਤਸਰ, ੨੭ ਜੂਨ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਕੁਝ ਕਾਂਗਰਸੀ ਆਗੂਆਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ‘ਤੇ ਸਿਆਸਤ ਕਰਨ ਦੇ ਲਗਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਕਾਂਗਰਸੀ ਆਗੂਆਂ ਨੂੰ ਧਰਮ ਅਤੇ ਸਿਆਸਤ ਦਾ ਭੋਰਾ ਵੀ ਪਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਥਕ ਸਰੋਕਾਰਾਂ ਤੋਂ ਕੋਰੇ ਇਹ ਲੋਕ ਕੇਵਲ ਆਪਣੀ ਪ੍ਰਸਿੱਧੀ ਲਈ ਅਜਿਹੇ ਬਿਆਨ ਦੇ ਰਹੇ ਹਨ, ਜਦਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸੁਚੇਤ ਰੂਪ ਵਿਚ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਭਾਈ ਚਾਵਲਾ ਨੇ ਆਖਿਆ ਕਿ ਪੰਜਾਬ ਵਿਧਾਨ ਸਭਾ ਅੰਦਰ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਨਾਲ ਬੇਅਦਬੀ ਭਰਿਆ ਵਰਤਾਰਾ ਇਨ੍ਹਾਂ ਕਾਂਗਰਸੀਆਂ ਦੀ ਦੇਣ ਹੈ ਅਤੇ ਇਹ ਇਸਦੀ ਮੁਆਫੀ ਮੰਗਣ ਦੀ ਥਾਂ ਉਲਟਾ ਪ੍ਰੋ: ਬਡੂੰਗਰ ਉਪਰ ਝੂਠੇ ਇਲਜ਼ਾਮ ਲਗਾ ਕੇ ਇਸ ਘਟਨਾ ਦੀ ਜ਼ਿੰਮੇਵਾਰੀ ਤੋਂ ਬਚਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਮਸਲਿਆਂ ਦੀ ਪੈਰਵਾਈ ਕਰਨਾ ਸਿਆਸਤ ਨਹੀਂ ਸਗੋਂ ਨੈਤਿਕ ਤੇ ਪੰਥਕ ਜ਼ਿੰਮੇਵਾਰੀ ਦਾ ਹਿੱਸਾ ਹੈ, ਜਿਸਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਹਮੇਸ਼ਾ ਨਿਭਾਉਂਦੇ ਰਹਿਣਗੇ। ਭਾਈ ਚਾਵਲਾ ਨੇ ਕਿਹਾ ਕਿ ਗੁਰੂ-ਘਰਾਂ ਦੀਆਂ ਜ਼ਮੀਨਾਂ ਉਪਰ ਜ਼ਬਰੀ ਕਬਜ਼ੇ ਕਰਾਉਣ ਵਾਲੇ ਇਹ ਲੋਕ ਜਦੋਂ ਵੀ ਸੱਤਾ ਵਿਚ ਆਉਂਦੇ ਹਨ ਇਹ ਸਿੱਖਾਂ ਨੂੰ ਕਮਜ਼ੋਰ ਕਰਨ ਲਈ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਦੇ ਹਨ। ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਝੂਠੀ ਬਿਆਨਬਾਜ਼ੀ ਦਾ ਸਹਾਰਾ ਲੈਣਾ ਕਾਂਗਰਸੀਆਂ ਦੀ ਸ਼ੁਰੂ ਤੋਂ ਹੀ ਫਿਤਰਤ ਹੈ ਜਿਸਨੂੰ ਸਮੁੱਚਾ ਸਿੱਖ ਜਗਤ ਬਾਖੂਬੀ ਸਮਝਦਾ ਹੈ। ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਗੰਭੀਰ ਸਿੱਖ ਚਿੰਤਕ ਪ੍ਰੋ: ਕਿਰਪਾਲ ਸਿੰਘ ਬਡੂੰਗਰ ਸਿੱਖ ਮਸਲਿਆਂ ਬਾਰੇ ਡੂੰਘੀ ਸਮਝ ਰੱਖਦੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਹੁੰਦਿਆਂ ਉਨ੍ਹਾਂ ਦੀਆਂ ਕੀ ਜ਼ਿੰਮੇਵਾਰੀਆਂ ਹਨ।