ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਉਪਰਾਲੇ ਦੀ ਸੰਗਤਾਂ ਨੇ ਕੀਤੀ ਪ੍ਰਸੰਸਾ

27-11-2016-1
ਅੰਮ੍ਰਿਤਸਰ ੨੭ ਨਵੰਬਰ (        ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬਾਨ ਦੇ ਨਾਲ-ਨਾਲ ਪ੍ਰਮੁੱਖ ਭਗਤਾਂ ਅਤੇ ਸਤਿਕਾਰਯੋਗ ਸ਼ਖਸੀਅਤਾਂ ਦੇ ਦਿਹਾੜਿਆਂ ਨੂੰ ਉੱਚ ਪੱਧਰ ‘ਤੇ ਮਨਾਉਣ ਦੀ ਆਰੰਭੀ ਗਈ ਪਰੰਪਰਾ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਅੰਤ੍ਰਿੰਗ ਕਮੇਟੀ ਦੇ ਸਮੂਹ ਮੈਂਬਰਾਂ ਵੱਲੋਂ ਲਏ ਦੂਰ ਅੰਦੇਸ਼ੀ ਫੈਸਲੇ ਅਨੁਸਾਰ ਸਮੂਹ ਸੰਗਤਾਂ ਦੇ ਨਿੱਘੇ ਸਹਿਯੋਗ ਨਾਲ ਅੱਜ ਗੁਰੂ-ਘਰ ਦੇ ਪਹਿਲੇ ਕੀਰਤਨੀਏ ਹੋਣ ਦਾ ਮਾਣ ਪ੍ਰਾਪਤ ਕਰਨ ਵਾਲੇ ਰਬਾਬੀ ਭਾਈ ਮਰਦਾਨਾ ਜੀ ਦਾ ਅਕਾਲ ਚਲਾਣਾ ਦਿਵਸ ਦੀ ਯਾਦ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਇਤਿਹਾਸ ਵਿੱਚ ਪਹਿਲੀ ਵਾਰ ਬਹੁਤ ਸ਼ਰਧਾ ਭਾਵਨਾ ਨਾਲ ਮਨਾਈ ਗਈ।ਜਿਸ ਵਿੱਚ ਦੇਸ਼ਾਂ-ਵਿਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਪੁੱਜੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਆਪਣੀ ਹਾਜ਼ਰੀ ਭਰ ਕੇ ਭਾਈ ਮਰਦਾਨਾ ਜੀ ਨੂੰ ਆਪਣਾ ਸਤਿਕਾਰ ਸਹਿਤ ਸਿਜਦਾ ਭੇਟ ਕੀਤਾ।ਇਸ ਦੌਰਾਨ ਭਾਈ ਮਰਦਾਨਾ ਜੀ ਦੀ ਯਾਦ ਨੂੰ ਆਯੋਜਿਤ ਕੀਤੇ ਗਏ ਗੁਰਮਤਿ ਸਮਾਗਮ ਤੋਂ ਪਹਿਲਾ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸਿਮਰਨਜੀਤ ਸਿੰਘ ਦੇ ਜਥੇ ਨੇ ਸੰਗਤਾਂ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੁਆਰਾ ਨਿਹਾਲ ਕੀਤਾ।ਅਰਦਾਸ ਭਾਈ ਸੁਲਤਾਨ ਸਿੰਘ ਅਰਦਾਸੀਏ ਨੇ ਕੀਤੀ ਤੇ ਹੁਕਮਨਾਮਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਲਿਆ।
ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਕਿਹਾ ਕਿ ਭਾਈ ਮਰਦਾਨਾ ਜੀ ਦਾ ਜਨਮ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਗਟ ਅਸਥਾਨ ਤਲਵੰਡੀ ਰਾਇ ਭੋਇ ਵਿੱਚ ਹੋਇਆ।ਉਨ੍ਹਾਂ ਕਿਹਾ ਕਿ ਰੱਬੀ-ਰਬਾਬੀ ਅਤੇ ਗੁਰੂ-ਘਰ ਦੇ ਮੂਲ ਕੀਰਤਨੀਏ ਨੂੰ ਜਿੰਨਾ ਵੀ ਸਤਿਕਾਰ ਦੇਈਏ ਉਨ੍ਹਾਂ ਹੀ ਥੋੜ੍ਹਾ ਹੈ।
ਇਸ ਮੌਕੇ ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਕਿਹਾ ਕਿ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਤਿ ਨਿਕਟਵਰਤੀ ਭਾਈ ਮਰਦਾਨਾ ਜੀ ਸਾਦਗੀ, ਪਵਿੱਤਰ, ਸੰਜੀਦਾ ਅਤੇ ਮਿਲਾਪੜੇ ਸੁਭਾਗ ਜਿਹੇ ਉੱਚ ਗੁਣਾਂ ਦੇ ਮੁਜਸਮ ਸਨ।ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਗੁਰੂ ਸਾਹਿਬਾਨ ਵੱਲੋਂ ਆਰੰਭੇ ਰੂਹਾਨੀਅਤ ਦੇ ਮਿਸ਼ਨ ਨੂੰ ਸਮਰਪਿਤ ਕਰਕੇ ਅਧਿਆਤਮਕ ਗੁਣਾਂ ਵਿੱਚ ਰੰਗੀ ‘ਧੁਰ ਕੀ ਬਾਣੀ’ ਨੂੰ ਆਪਣੀ ਰਬਾਬ ਦੀਆਂ ਅੰਗਮ ਧੁਨਾਂ ਰਾਹੀਂ ਮੁੱਢਲੀ ਕੀਰਤਨ ਕਰਨ ਦੀ ਸ਼ੈਲੀ ਨੂੰ ਪ੍ਰਫੁੱਲਤ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਭਾਈ ਮਰਦਾਨਾ ਜੀ ਦੀ ਯਾਦ ਨੂੰ ਮਨਾਉਣ ਦਾ ਕੀਤਾ ਗਿਆ ਉਪਰਾਲਾ ਸਮੁੱਚੀ ਕੌਮ ਦੇ ਲਈ ਪ੍ਰੇਰਨਾ ਦਾ ਸਰੋਤ ਬਣੇਗਾ।ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਕਮੇਟੀ ਭਾਈ ਮਰਦਾਨਾ ਜੀ ਦੇ ਅੰਸ਼-ਵੰਸ਼ ਵਿਚੋਂ ਕੀਰਤਨ ਕਰ ਰਹੇ ਭਾਈ ਲਾਲ ਜੀ (ਪਾਕਿਸਤਾਨ) ਤੇ ਉਨ੍ਹਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ ਤੇ ਇਥੇ ਸੱਦ ਕੇ ਸਨਮਾਨਿਤ ਕਰਨ ਦਾ ਯਤਨ ਵੀ ਕਰੇਗੀ।
   ਇਸ ਦੌਰਾਨ ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਿੱਖ ਇਤਿਹਾਸ ਦੇ ਪਹਿਲੇ ਕੀਰਤਨੀਏ ਦਾ ਮਾਣ ਪ੍ਰਾਪਤ ਕਰਨ ਵਾਲੇ ਭਾਈ ਮਰਦਾਨਾ ਜੀ ਨੂੰ ਇਸ ਗੱਲ ਦਾ ਵੀ ਸੁਭਾਗ ਪ੍ਰਾਪਤ ਹੋਇਆ ਹੈ ਕਿ ਬਿਹਾਗੜ ਦੀ ਵਾਰ ਵਿਚਲੇ ਦੋ ਸਲੋਕ ਉਨ੍ਹਾਂ ਨੂੰ ਸਮਰਪਿਤ ਹਨ।ਉਨ੍ਹਾਂ ਕਿਹਾ ਕਿ ਭਾਈ ਮਰਦਾਨਾ ਜੀ ਨੂੰ ਧੁਰ ਕੀ ਰੱਬੀ ਬਾਣੀ ਨੂੰ ਰਬਾਬ ਨਾਲ ਗਾਇਨ ਕਰਨ ਕਰਕੇ ਰਬਾਬੀ ਪਰੰਪਰਾ ਦੇ ਮੋਢੀ ਵਜੋਂ ਸਤਿਕਾਰ ਹਾਸਲ ਹੋਇਆ।ਉਨ੍ਹਾਂ ਕਿਹਾ ਕਿ ਗੁਰਮਤਿ ਸੰਗਤੀ ਪੱਧਤੀ ਤੇ ਪਰੰਪਰਾ ਦਾ ਵਿਕਾਸ ਤੇ ਵਿਗਾਸ ਭਾਈ ਮਰਦਾਨਾ ਜੀ ਦੀ ਰਬਾਬ ਨਾਲ ਹੀ ਆਰੰਭ ਹੁੰਦਾ ਹੈ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਜਾਤਾਂ-ਪਾਤਾਂ, ਵਹਿਮਾਂ-ਭਰਮਾਂ, ਛੂਤ-ਛਾਤ ਦਾ ਭਰਮ ਦੂਰ ਕਰਨ ਲਈ ਬਤੌਰ ਰਬਾਬੀ ਸਾਥੀ ਬਣਾਇਆ।ਚੰਹੁ ਰੂਟਾਂ ਦੀ ਯਾਤਰਾ ਉਪਰੰਤ ਅੰਤ ਭਾਈ ਮਰਦਾਨਾ ਜੀ ਨੇ ਅੰਤਮ ਸੁਆਸ ਅਫਗਾਨਿਸਤਾਨ ਦੇ ਕੁਰਮ ਨਗਰ ਵਿਚ ਲਏ।ਉਨ੍ਹਾਂ ਕਿਹਾ ਕਿ ਸਮੁੱਚੀ ਲੋਕਾਈ ਨੂੰ ਭਾਈ ਮਰਦਾਨਾ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਕਿ ਭਾਈ ਮਰਦਾਨਾ ਜੀ ਦੇ ਪਿਆਰ ਅਤੇ ਨਿਸ਼ਕਾਮ ਭਰੇ ਜੀਵਨ ਤੋਂ ਸਮੂਹ ਸੰਗਤਾਂ ਖਾਸ ਕਰਕੇ ਗੁਰੂ ਘਰ ਦੇ ਕੀਰਤਨੀਏ ਵੱਧ ਤੋਂ ਵੱਧ ਸੇਧ ਲੈਣ ਅਤੇ ਅੰਗਮੀ ਧੁਨਾਂ ਦਾ ਦੁਨਿਆਵੀ ਧੁਨਾਂ ਵਿੱਚ ਰੁਪਾਂਤਰਣ ਤੰਤੀ ਸਾਜਾਂ ਦੀ ਪੁਰਾਤਨ ਸ਼ੈਲੀ ਰਾਹੀਂ ਕਰਕੇ ਰੂਹਾਨੀਅਤ ਨਾਲ ਭਰਪੂਰ ਗੁਰਮਤਿ ਸੰਗੀਤ ਕਲਾ ਨੂੰ ਹੋਰ ਪ੍ਰਫੁੱਲਿਤ ਕਰਨ।
 ਇਸ ਮੌਕੇ ਵਿਸ਼ਵ ਰਬਾਬੀ ਭਾਈ ਮਰਦਾਨਾ ਸੁਸਾਇਟੀ (ਰਜਿ.) ਪੰਜਾਬ ਦੇ ਅਹੁਦੇਦਾਰਾਂ ਜੀਤਾ, ਮੁਸਤਾਕ ਅਲੀ ਕਿੰਗ, ਸ. ਸਰਦਾਰ ਸਿੰਘ, ਸ. ਅਮਰੀਕ ਸਿੰਘ, ਸ. ਭੋਲਾ ਸਿੰਘ ਤੇ ਸਾਧੂ ਖਾਨ ਸਮੇਤ ਸਮਾਗਮ ਵਿੱਚ ਸ਼ਾਮਲ ਸੰਗਤਾਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਭਾਈ ਮਰਦਾਨਾ ਜੀ ਦੀ ਯਾਦ ਨੂੰ ਮਨਾਉਣ ਸਬੰਧੀ ਕੀਤੇ ਗਏ ਵੱਡੇ ਉਪਰਾਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਪ੍ਰਸੰਸਾ ਕੀਤੀ।
ਇਸ ਮੌਕੇ ਸ. ਸੁਰਜੀਤ ਸਿੰਘ ਭਿਟੇਵਡ ਮੈਂਬਰ ਅੰਤ੍ਰਿੰਗ ਕਮੇਟੀ, ਸ. ਹਰਚਰਨ ਸਿੰਘ ਮੁੱਖ ਸਕੱਤਰ, ਸ. ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ. ਗੁਰਿੰਦਰ ਸਿੰਘ ਮੈਨੇਜਰ, ਸ. ਸਕੱਤਰ ਸਿੰਘ ਮੀਤ ਸਕੱਤਰ, ਸ. ਹਰਜਿੰਦਰ ਸਿੰਘ, ਸ.ਲਖਵਿੰਦਰ ਸਿੰਘ ਬਦੋਵਾਲ ਤੇ ਸ. ਲਖਬੀਰ ਸਿੰਘ ਵਧੀਕ ਮੈਨੇਜਰ, ਸ. ਮਨਿੰਦਰ ਮੋਹਣ ਸਿੰਘ, ਸ. ਜਸਵਿੰਦਰ ਸਿੰਘ ਦੀਪ ਤੇ ਸ. ਕਰਮਜੀਤ ਸਿੰਘ ਇੰਚਾਰਜ, ਸ਼੍ਰੋਮਣੀ ਕਮੇਟੀ, ਧਰਮ ਪ੍ਰਚਾਰ ਕਮੇਟੀ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੁੱਚੇ ਸਟਾਫ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।