ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਅੰਮ੍ਰਿਤਸਰ, 17 ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਮਨਜੀਤ ਸਿੰਘ ਬਾਠ ਨੇ ਗੁਰਦੁਆਰਾ ਸਾਹਿਬਾਨ ਦੇ ਲੰਗਰਾਂ ਲਈ ਖ਼ਰੀਦ ਕੀਤੇ ਜਾਂਦੇ ਬਾਲਣ ਸਬੰਧੀ ਪੰਜਾਬੀ ਦੇ ਇਕ ਅਖ਼ਬਾਰ ਵਿਚ ਛਪੀ ਖ਼ਬਰ ਬਾਰੇ ਸਪੱਸ਼ਟ ਕਰਦਿਆਂ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਲੱਕੜ ਬਾਲਣ ਦੇ ਟੈਂਡਰ ਹਰ ਸਾਲ ਸ਼ਰਤਾਂ ਸਹਿਤ ਕੀਤੇ ਜਾਂਦੇ ਹਨ ਅਤੇ ਇਨ੍ਹਾਂ ਸ਼ਰਤਾਂ ਤਹਿਤ ਹੀ ਬਾਲਣ ਦੀ ਸਪਲਾਈ ਲਈ ਜਾਂਦੀ ਹੈ। ਦਫ਼ਤਰ ਤੋਂ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਲਈ ਇਸ ਸਾਲ ਕੀਤੇ ਗਏ ਟੈਂਡਰ ਮਗਰੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਅਤੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਝਬਾਲ ਸਮੇਤ ਹੋਰ ਗੁਰਦੁਆਰਾ ਸਾਹਿਬਾਨ ਲਈ ਬਾਲਣ ਮੰਗਵਾਇਆ ਗਿਆ ਹੈ, ਜਿਸ ਵਿਚ ਤਹਿ ਸ਼ਰਤਾਂ ਅਨੁਸਾਰ ਬਾਲਣ ਦੀ ਕੁਆਲਟੀ ਮੁਤਾਬਿਕ ਬਿੱਲ ਦੀ ਕਟੌਤੀ ਕੀਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬਾਲਣ ਮਾੜਾ ਹੋਣ ਸਬੰਧੀ ਪੁੱਜੀ ਸ਼ਿਕਾਇਤ ਦੀ ਵੀ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਜੇਕਰ ਪੜਤਾਲ ‘ਚ ਫਰਮ ਜਾਂ ਕਿਸੇ ਵੀ ਮੁਲਾਜ਼ਮ ਦੀ ਮਿਲੀ ਭੁਗਤ ਪਾਈ ਗਈ ਤਾਂ ਸਬੰਧਤਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਸ਼ਰਤਾਂ ਅਨੁਸਾਰ ਬਾਲਣ ਦੇ ਟੈਂਡਰ ਹੋਏ ਹਨ ਉਨ੍ਹਾਂ ਦਾ ਪਾਲਣ ਕਰਵਾਉਣਾ ਸ਼੍ਰੋਮਣੀ ਕਮੇਟੀ ਦੀ ਜ਼ੁੰਮੇਵਾਰੀ ਹੈ ਅਤੇ ਸ਼ਰਤਾਂ ਨੂੰ ਕਿਸੇ ਤਰ੍ਹਾਂ ਵੀ ਅਣਗੌਲਿਆਂ ਨਹੀਂ ਹੋਣ ਦਿੱਤਾ ਜਾਵੇਗਾ।