ਅੰਮ੍ਰਿਤਸਰ ੦੭ ਅਪ੍ਰੈਲ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਵਿਦਿਅਕ ਅਦਾਰਿਆਂ ਅੰਦਰ ਭਰਤੀ ਪ੍ਰਕਿਰਿਆ ਆਰੰਭ ਕਰਦਿਆਂ ਵੱਖ-ਵੱਖ ਸਕੂਲਾਂ ਲਈ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀਆਂ ੩੩੫ ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਵਿਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਅਧਿਆਪਕ, ਲਾਇਬ੍ਰੇਰੀਅਨ, ਕਲਰਕ, ਡਰਾਈਵਰ, ਕੰਪਿਊਟਰ ਓਪਰੇਟਰ, ਲੈਬ ਅਟੈਂਡੈਂਟ, ਅਕਾਊਂਟਸ ਕਲਰਕ, ਦਫ਼ਤਰੀ ਸਹਾਇਕ, ਹੈਲਪਰ ਆਦਿ ਪ੍ਰਮੁੱਖ ਹਨ। ਇਹ ਅਸਾਮੀਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਚਲਦੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਪਬਲਿਕ ਸਕੂਲ ਗੁਰੂ ਕਾ ਬਾਗ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਲੂਕਾ, ਮਾਤਾ ਗੁਜਰੀ ਪਬਲਿਕ ਸਕੂਲ ਥੇਹੜੀ ਸਾਹਿਬ, ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਗੰਗਸਰ ਜੈਤੋ, ਭਾਈ ਬਹਿਲੋ ਜੀ ਪਬਲਿਕ ਸਕੂਲ ਫਫੜੇ ਭਾਈਕੇ, ਗੁਰੂ ਤੇਗ ਬਹਾਦਰ ਖਾਲਸਾ ਪਬਲਿਕ ਸਕੂਲ ਕੈਂਥਲ, ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਅਨੰਦਪੁਰ ਸਾਹਿਬ, ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਤਰਨ ਤਾਰਨ, ਗੁਰੂ ਰਾਮਦਾਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ, ਮਾਤਾ ਗੰਗਾ ਕੰਨਿਆ ਸੀਨੀ: ਸੈਕੰ: ਸਕੂਲ ਬਾਬਾ ਬਕਾਲਾ, ਭੂਪਿੰਦਰਾ ਖਾਲਸਾ ਸੀਨੀਅਰ ਸੈਕੰਡਰੀ ਮੋਗਾ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੀੜ ਬਾਬਾ ਬੁੱਢਾ ਸਾਹਿਬ ਸਮੇਤ ੪੯ ਸਕੂਲਾਂ ਲਈ ਕੱਢੀਆਂ ਗਈਆਂ ਹਨ।
ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇਕ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਅਕ ਅਦਾਰਿਆਂ ਵਿਚ ਵੱਖ-ਵੱਖ ਅਸਾਮੀਆਂ ਲਈ ਦਰਖ਼ਾਸਤਾਂ ਮੰਗੀਆਂ ਗਈਆਂ ਹਨ, ਜਿਨ੍ਹਾਂ ‘ਤੇ ਯੋਗ ਉਮੀਦਵਾਰ ੧੬ ਅਪ੍ਰੈਲ ਤੀਕ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਅਸਾਮੀਆਂ ਕੇਵਲ ਸਕੂਲਾਂ ਲਈ ਹਨ ਅਤੇ ਲੋੜ ਅਨੁਸਾਰ ਕਾਲਜਾਂ ਲਈ ਵੀ ਵੱਖ-ਵੱਖ ਅਸਾਮੀਆਂ ਕੱਢੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਫਾਰਗ ਕੀਤੇ ਗਏ ਮੁਲਾਜ਼ਮ ਵੀ ਇਨ੍ਹਾਂ ਅਸਾਮੀਆਂ ਲਈ ਯੋਗਤਾ ਅਨੁਸਾਰ ਦਰਖ਼ਾਸਤਾਂ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਅਸਾਮੀਆਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਦੀ ਵੈਬ-ਸਾਈਟ www.desgpc.org ਤੋਂ ਮੁਕੰਮਲ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ