ਸ਼੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਖਿਲਾਫ ਕੀਤੀ ਜਾਵੇਗੀ ਕਾਨੂੰਨੀ ਕਾਰਵਾਈ- ਐਡਵੋਕੇਟ ਧਾਮੀ
ਅੰਮ੍ਰਿਤਸਰ, 15 ਜੂਨ- ਸਾਬਕਾ ਆਈਪੀਐਸ ਅਫ਼ਸਰ ਕਿਰਨ ਬੇਦੀ ਵੱਲੋਂ ਸਿੱਖਾਂ ਪ੍ਰਤੀ ਕੀਤੀ ਗਈ ਟਿੱਪਣੀ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਸਖ਼ਤ ਸਬਦਾਂ ਵਿਚ ਨਿੰਦਾ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਕਿਰਨ ਬੇਦੀ ਨੂੰ ਸਿੱਖ ਇਤਿਹਾਸ ਪੜਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਪਤਾ ਲਗ ਸਕੇ ਕਿ ਅਬਦਾਲੀ ਦੇ ਰਾਜ ਸਮੇਂ ਜਦੋਂ ਧਾੜਵੀ ਹਿੰਦੋਸਤਾਨ ’ਤੇ ਹਮਲਾ ਕਰਕੇ ਇਥੋਂ ਦਾ ਕੀਮਤੀ ਸਮਾਨ ਅਤੇ ਔਰਤਾਂ ਨੂੰ ਗਜਨੀ ਦੇ ਬਜ਼ਾਰਾਂ ਵਿਚ ਵੇਚਣ ਲਈ ਲੁੱਟ ਕੇ ਲੈ ਜਾਂਦੇ ਸਨ ਤਾਂ ਲੋਕਾਂ ਦੀ ਰਖਵਾਲੀ ਲਈ ਸਦਾ ਤੱਤਪਰ ਰਹਿਣ ਵਾਲੇ ਸਿੰਘ ਰਾਤ 12 ਵਜੇ ਧਾੜਵੀਆਂ ’ਤੇ ਹਮਲਾ ਕਰਕੇ ਲੁੱਟ ਦਾ ਸਮਾਨ ਅਤੇ ਔਰਤਾਂ ਨੂੰ ਛੁੱਡਵਾ ਕੇ ਉਨ੍ਹਾਂ ਦੇ ਘਰੋ-ਘਰੀ ਪਹੁੰਚਾਉਂਦੇ ਸਨ। ਉਨ੍ਹਾਂ ਕਿਹਾ ਕਿ ਕਿਰਨ ਬੇਦੀ ਦਾ ਮੂਲ ਪੰਜਾਬ ਨਾਲ ਜੁੜਦਾ ਹੈ ਇਸ ਲਈ ਇਸ ਨੂੰ ਸਿੱਖਾਂ ਦੇ ਇਤਿਹਾਸ ਬਾਰੇ ਸਮਝ ਹੋਣੀ ਚਾਹੀਦੀ ਹੈ। ਪਰ ਕਿਰਨ ਬੇਦੀ ਦੀ ਸਿੱਖਾਂ ਬਾਰੇ ਕੀਤੀ ਟਿੱਪਣੀ ਹੈਰਾਨੀਜਨਕ ਤੇ ਸ਼ਰਮਨਾਕ ਹੈ, ਜਿਸ ਨੇ ਪੂਰੀ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕਿਰਨ ਬੇਦੀ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ ਤਾਂ ਜੋ ਉਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।
