ਅੰਮ੍ਰਿਤਸਰ, 26 ਅਗਸਤ- ਅਮਰੀਕਾ ‘ਚ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ‘ਤੇ ਅੱਜ ਦੂਜੀ ਵਾਰ ਹੋਏ ਹਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਇਥੋਂ ਜਾਰੀ ਇੱਕ ਬਿਆਨ ਰਾਹੀਂ ਭਾਈ ਲੌਂਗੋਵਾਲ ਨੇ ਕਿਹਾ ਕਿ ਪੰਥ ਵਿਰੋਧੀ ਸ਼ਕਤੀਆਂ ਭਰਾ ਮਾਰੂ ਜੰਗ ਲਈ ਵਿਦੇਸ਼ਾਂ ਵਿਚ ਸਿੱਖਾਂ ਨੂੰ ਭੜਕਾ ਰਹੀਆਂ ਹਨ। ਉਨ੍ਹਾਂ ਇਸ ਗੱਲ ‘ਤੇ ਡੂੰਘਾ ਦੁੱਖ ਪ੍ਰਗਟਾਇਆ ਕਿ ਵਿਰੋਧੀ ਦਿਮਾਗ ਦੇ ਪਿੱਛੇ ਲਗ ਕੇ ਅੱਜ ਸਿੱਖ ਹੀ ਸਿੱਖ ਦੀ ਦਸਤਾਰ ਉਛਾਲ ਰਹੇ ਹਨ ਜਿਸ ਨਾਲ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਈ ਲੌਂਗੋਵਾਲ ਨੇ ਮੰਗ ਕੀਤੀ ਕਿ ਸਰਦਾਰ ਜੀ.ਕੇ. ਉਤੇ ਹਮਲਾ ਕਰਨ ਵਾਲ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਈ ਚਾਹੀਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਮਸਲੇ ਦੇ ਹੱਲ ਲਈ ਗੱਲ-ਬਾਤ ਹੀ ਸਾਰਥਿਕ ਤਰੀਕਾ ਹੈ। ਭਾਈ ਲੌਂਗੋਵਾਲ ਨੇ ਸ. ਮਨਜੀਤ ਸਿੰਘ ਜੀ.ਕੇ. ਨੂੰ ਸਿੱਖਾਂ ਦੇ ਹੱਕ ਵਿਚ ਖੜਨ ਵਾਲਾ ਆਗੂ ਦੱਸਦਿਆਂ ਕਿਹਾ ਕਿ ੧੯੮੪ ਦੀ ਸਿੱਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਸ. ਮਨਜੀਤ ਸਿੰਘ ਜੀ.ਕੇ. ਸਦਾ ਹੀ ਆਵਾਜ ਉਠਾਉਂਦੇ ਰਹੇ ਹਨ। ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਜਿਹੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਸ. ਜੀ.ਕੇ. ਨੇ ਹਮੇਸ਼ਾਂ ਹੀ ਮੋਹਰੀ ਰੋਲ ਅਦਾ ਕੀਤਾ ਹੈ। ਲੇਕਿਨ ਦੁੱਖ ਦੀ ਗੱਲ ਹੈ ਕਿ ਉਸ ‘ਤੇ ਹਮਲਾ ਕਰਨ ਵਾਲੇ ਲੋਕ ਇਹ ਸਭ ਕੁਝ ਭੁੱਲ ਕੇ ਪੰਥ ਵਿਰੋਧੀ ਤਾਕਤਾਂ ਦਾ ਹੱਥ ਠੋਕਾ ਬਣੇ ਹੋਏ ਹਨ। ਉਨ੍ਹਾਂ ਕਿਹਾ ਇਸ ਪਿਛੇ ਕੰਮ ਕਰਦੀਆਂ ਸ਼ਕਤੀਆਂ ਦੀ ਮਨਸ਼ਾ ਹੈ ਕਿ ਕਿਸੇ ਵੀ ਤਰ੍ਹਾਂ ਉਨ੍ਹਾਂ ਲੋਕਾਂ ਦੀ ਆਵਾਜ ਦਬਾ ਦਿੱਤੀ ਜਾਵੇ ਜੋ ਸਿੱਖ ਵਿਰੋਧੀਆਂ ਦਾ ਪਰਦਾ ਫਾਸ ਕਰਦੀ ਹੈ। ਉਨ੍ਹਾਂ ਸਾਫ ਕੀਤਾ ਕਿ ਕੌਮ ਦੀ ਆਵਾਜ ਬੁਲੰਦ ਕਰਨ ਅਤੇ ਸਿਖੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲ਼ਿਆਂ ਦੀ ਆਵਾਜ਼ ਨੂੰ ਹਮਲੇ ਕਰਕੇ ਦਬਾਇਆ ਨਹੀਂ ਜਾ ਸਕਦਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਕਿਹਾ ਕਿ ਅਜਿਹੇ ਖਾਨਾਜੰਗੀ ਵਾਲੇ ਮਾਹੌਲ ਨੂੰ ਪੈਦਾ ਹੋਣ ਤੋਂ ਰੋਕਣ ਲਈ ਅੱਗੇ ਆਉਣ ਤਾਂ ਜੋ ਭਰਾ ਮਾਰੂ ਜੰਗ ਤੋਂ ਬਚਿਆ ਜਾ ਸਕੇ।