ਜੇਲ੍ਹ ਦੀ ਲਾਇਬ੍ਰੇਰੀ ਲਈ ਧਾਰਮਿਕ ਪੁਸਤਕਾਂ ਦੇ ਸੈੱਟ ਦਿੱਤੇ
ਅੰਮ੍ਰਿਤਸਰ ੩੧ ਮਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭ ਕੀਤੀ ਧਰਮ ਪ੍ਰਚਾਰ ਲਹਿਰ ਤਹਿਤ ਸਥਾਨਕ ਕੇਂਦਰੀ ਜ਼ੇਲ੍ਹ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ। ਗੁਰਮਤਿ ਸਮਾਗਮ ਵਿਚ ਭਾਈ ਜਗਦੇਵ ਸਿੰਘ ਹੈੱਡ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਨੇ ਕਥਾ ਵੀਚਾਰ ਦੁਆਰਾ ਸੰਗਤਾਂ ਨੂੰ ਗੁਰੂ ਸਾਹਿਬਾਨ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਪ੍ਰੇਰਨਾ ਕੀਤੀ। ਸਮਾਗਮ ਦੌਰਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਨੇ ਆਪਣੇ ਸੰਬੋਧਨ ਵਿਚ ਜੇਲ੍ਹ ਅਧਿਕਾਰੀਆਂ ਦੀ ਮੱਦਦ ਨਾਲ ਜੇਲ੍ਹ ਵਿਚ ਸਥਾਪਤ ਗੁਰਦੁਆਰਾ ਸਾਹਿਬ ਨੂੰ ਹੋਰ ਸੁੰਦਰ ਬਣਾਉਣ ਲਈ ਹਰ ਪ੍ਰਕਾਰ ਦੀ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ।
ਇਸ ਸਮੇਂ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ ਅਤੇ ਵਧੀਕ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪਾਸ ਕੀਤੀਆਂ ਲਾਇਬ੍ਰੇਰੀ ਦੀਆਂ ਕਿਤਾਬਾਂ ਦੇ ਦੋ ਸੈੱਟ ਜੇਲ੍ਹ ਵਿਖੇ ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਲਈ ਦਿੱਤਾ। ਉਨ੍ਹਾਂ ਜੇਲ੍ਹ੍ਹ ਸੁਪ੍ਰਿੰਟੈਂਡੈਂਟ ਸ. ਅਰਸ਼ਦੀਪ ਸਿੰਘ, ਡੀ.ਸੀ. ਪੀ. ਸ. ਬਲਵਿੰਦਰ ਸਿੰਘ ਅਤੇ ਕੈਦੀਆਂ ਨੂੰ ਵਿਸ਼ਵਾਸ ਦੁਆਇਆ ਕਿ ਆਉਣ ਵਾਲੇ ਸਮੇਂ ਵਿਚ ਕੈਦੀਆਂ ਦੇ ਗੁਰਬਾਣੀ ਅਧਿਐਨ ਲਈ ਸੰਥਿਆ ਸੈਂਚੀਆਂ, ਗੁਟਕਾ ਸਾਹਿਬ ਸਮੇਤ ਧਾਰਮਿਕ ਪੁਸਤਕਾਂ ਭੇਜੀਆਂ ਜਾਇਆ ਕਰਨਗੀਆਂ।
ਜ਼ੇਲ੍ਹ ਸੁਪ੍ਰਿੰਟੈਂਡੈਂਟ ਸ. ਅਰਸ਼ਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ਤੋਂ ਆਏ ਹੋਏ ਪਤਵੰਤਿਆਂ ਦਾ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨ ਕੀਤਾ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦਾ ਜੇਲ੍ਹ ਦੀ ਲਾਇਬ੍ਰੇਰੀ ਲਈ ਧਾਰਮਿਕ ਪੁਸਤਕਾਂ ਭੇਜਣ ‘ਤੇ ਧੰਨਵਾਦ ਕੀਤਾ। ਇਸ ਸਮੇਂ ਡੀ.ਐਸ.ਪੀ. ਸ. ਬਲਵਿੰਦਰ ਸਿੰਘ, ਸੁਖਰਾਜ ਸਿੰਘ ਸੋਹਲ, ਡੀ.ਐਸ.ਪੀ. ਹੇਮੰਤ ਸ਼ਰਮਾ, ਸ. ਲਖਵਿੰਦਰ ਸਿੰਘ ਅਰਸੀ ਆਦਿ ਹਾਜ਼ਰ ਸਨ