ਅੰਮ੍ਰਿਤਸਰ ੧੮ ਅਕਤੂਬਰ – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਚੇਰੀ ਵਿਦਿਆ ਦੀਆਂ ਸੰਸਥਾਵਾਂ ਦੇ ਵਿਦਿਆਰਥੀਆਂ ਦਾ ਤੇਰ੍ਹਵਾਂ ਖ਼ਾਲਸਾਈ ਖੇਡ ਉਤਸਵ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ੨੦, ੨੧ ਤੇ ੨੨ ਅਕਤੂਬਰ ਨੂੰ ਕਰਵਾਇਆ ਜਾਵੇਗਾ।
ਇਥੋਂ ਜਾਰੀ ਪ੍ਰੈਸ ਬਿਆਨ ‘ਚ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਤੀ ੨੦ ਅਕਤੂਬਰ ਨੂੰ ਉਦਘਾਟਨੀ ਸੈਸ਼ਨ ਸਵੇਰੇ ੧੦ ਵਜੇ ਹੋਵੇਗਾ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਸ਼ਾਮਲ ਹੋਣਗੇ ਅਤੇ ਇਸ ਸਮਾਗਮ ਦੀ ਪ੍ਰਧਾਨਗੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਮੈਂਬਰ ਪਾਰਲੀਮੈਂਟ ਸ੍ਰੀ ਅਨੰਦਪੁਰ ਸਾਹਿਬ ਕਰਨਗੇ।ਉਨ੍ਹਾਂ ਕਿਹਾ ਕਿ ਮਿਤੀ ੨੦, ੨੧ ਤੇ ੨੨ ਅਕਤੂਬਰ ਤੀਕ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਰੱਸਾ-ਕਸ਼ੀ, ਵੇਟ ਲਿਫਟਿੰਗ, ਕਬੱਡੀ, ਨੈਸ਼ਨਲ ਸਟਾਈਲ, ਅਥਲੈਟਿਕਸ, ਬਾਸਕਟਬਾਲ, ਕਬੱਡੀ, ਸਰਕਲ ਸਟਾਈਲ, ਚੈਸ, ਗਤਕਾ, ਬੈਡਮਿੰਟਨ, ਹਾਕੀ, ਫੁੱਟਬਾਲ, ਬੈਡਮਿੰਟਨ ਅਤੇ ਸਰਕਾਰੀ ਹਾਈ ਸਕੂਲ, ਮਟੌਰ ਵਿਖੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣਗੇ।ਸ. ਬੇਦੀ ਨੇ ਕਿਹਾ ਕਿ ਇਹ ਮੁਕਾਬਲੇ ਸ. ਮਨਜੀਤ ਸਿੰਘ ਸਕੱਤਰ, ਡਾ. ਧਰਮਿੰਦਰ ਸਿੰਘ ਉੱਭਾ ਡਾਇਰੈਕਟਰ ਐਜੂਕੇਸ਼ਨ ਤੇ ਡਾ. ਕਸ਼ਮੀਰ ਸਿੰਘ ਪ੍ਰਿੰਸੀਪਲ ਦੀ ਨਿਗਰਾਨੀ ਹੇਠ ਕਰਵਾਏ ਜਾਣਗੇ।
ਉਨ੍ਹਾਂ ਕਿਹਾ ਕਿ ਖ਼ਾਲਸਾਈ ਖੇਡ ਉਤਸਵ ਦੇ ਆਖਰੀ ਦਿਨ ਇਨਾਮ ਵੰਡ ਸੈਸ਼ਨ ਦੁਪਹਿਰ ੨ ਵਜੇ ਹੋਵੇਗਾ ਜਿਸ ਵਿੱਚ ਮਾਨਯੋਗ ਪ੍ਰਧਾਨ ਸ਼੍ਰੋਮਣੀ ਕਮੇਟੀ ਮੁੱਖ ਮਹਿਮਾਨ ਹੋਣਗੇ ਅਤੇ ਸਮਾਗਮ ਦੀ ਪ੍ਰਧਾਨਗੀ ਡਾ. ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਪੰਜਾਬ ਵੱਲੋਂ ਕੀਤੀ ਜਾਵੇਗੀ।