
ਇਸ ਤੋਂ ਇਲਾਵਾ ਮਾਲਵਾ ਜੋਨ ਦੇ ਵੱਖ-ਵੱਖ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਮਈ ਮਹੀਨੇ ਤੱਕ 90 ਥਾਵਾਂ ’ਤੇ ਅੰਮ੍ਰਿਤ ਸੰਚਾਰ ਸਮਾਗਮ ਕੀਤੇ ਗਏ, ਜਿਨ੍ਹਾਂ ਵਿਚ 4452 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ। ਇਸ ਤਰ੍ਹਾਂ ਮਾਲਵਾ ਜੋਨ ਵਿਚ ਕੁਲ 12990 ਪ੍ਰਾਣੀ ਗੁਰੂ ਵਾਲੇ ਬਣੇ। ਉਨ੍ਹਾਂ ਦੱਸਿਆ ਕਿ ਮਾਝਾ ਜੋਨ ਵਿਚ ਅੰਮ੍ਰਿਤ ਛਕਣ ਵਾਲਿਆਂ ਦੀ ਕੁਲ ਗਿਣਤੀ 20541 ਹੈ। ਇਸ ਖੇਤਰ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਵੱਖ-ਵੱਖ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ ਜੂਨ ਮਹੀਨੇ ਤੱਕ 12140 ਪ੍ਰਾਣੀ ਗੁਰੂ ਵਾਲੇ ਬਣੇ, ਜਦਕਿ ਇਸ ਇਲਾਕੇ ਵਿਚ 78 ਥਾਵਾਂ ’ਤੇ ਹੋਏ ਵੱਖ-ਵੱਖ ਅੰਮ੍ਰਿਤ ਸੰਚਾਰ ਸਮੇਂ 8401 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਇਨ੍ਹਾਂ ਦੀ ਕੁਲ ਗਿਣਤੀ 20541 ਹੈ। ਸ. ਬੇਦੀ ਨੇ ਦੁਆਬਾ ਜੋਨ ਦੇ ਵੇਰਵੇ ਦਿੰਦਿਆਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ 4 ਫਰਵਰੀ ਤੋਂ ਲੈ ਕੇ 30 ਮਈ ਤੱਕ 8993 ਪ੍ਰਾਣੀ ਅੰਮ੍ਰਿਤਧਾਰੀ ਹੋਏ ਅਤੇ ਇਸ ਖੇਤਰ ਵਿਚ 58 ਵੱਖ-ਵੱਖ ਅੰਮ੍ਰਿਤ ਸੰਚਾਰ ਸਮਾਗਮਾਂ ਦੌਰਾਨ 3797 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। ਉਨ੍ਹਾਂ ਦੱਸਿਆ ਕਿ ਦੁਆਬਾ ਖੇਤਰ ਵਿਚ ਅੰਮ੍ਰਿਤ ਛਕਣ ਵਾਲੇ ਕੁਲ ਪ੍ਰਾਣੀ 12790 ਹਨ। ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਦੀ ਅਗਵਾਈ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਲਗਾਤਾਰ ਜਾਰੀ ਹੈ ਅਤੇ ਇਸ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਈ ਲੌਂਗੋਵਾਲ ਵੱਲੋਂ ਇਸ ਸਾਲ ਇੱਕ ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਉਣ ਦਾ ਟੀਚਾ ਮਿਥਿਆ ਸੀ, ਜਿਨ੍ਹਾਂ ਵਿੱਚੋਂ ਪੰਜਾਬ ਅੰਦਰ 46 ਹਜ਼ਾਰ ਤੋਂ ਜ਼ਿਆਦਾ ਪ੍ਰਾਣੀ ਗੁਰੂ ਵਾਲੇ ਬਣੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਤੋਂ ਬਾਹਰਲੇ ਰਾਜਾਂ ਵਿਚ ਚੱਲਦੇ ਮਿਸ਼ਨਾਂ ਵੱਲੋਂ ਵੀ ਹਜ਼ਾਰਾਂ ਪ੍ਰਾਣੀਆਂ ਨੂੰ ਅੰਮ੍ਰਿਤਧਾਰੀ ਬਣਾਇਆ ਜਾ ਚੁੱਕਾ ਹੈ।