ਪ੍ਰਬੰਧ ਨੂੰ ਮੁੱਖ ਰੱਖਦੇ ਹੋਏ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਇੰਚਾਰਜ ਅਖੰਡਪਾਠਾਂ ਅਤੇ ਇੰਚਾਰਜ ਰਾਗੀ ਸਿੰਘਾਂ ਨੂੰ ਨੰਬਰ ਜਾਰੀ ਕੀਤੇ ਗਏ ਹਨ ਕਿਰਪਾ ਕਰਕੇ ਅੱਗੇ ਤੋਂ ਆਪ ਜੀ ਇਹਨਾਂ ਨੰਬਰਾਂ ਤੇ ਸੰਪਰਕ ਕਰਨ ਦੀ ਕ੍ਰਿਪਾਲਤਾ ਕਰਨੀ ਜੀ। ਇੰਚਾਰਜ ਰਾਗੀ ਸਿੰਘਾਂ : 75280-13134 ਇੰਚਾਰਜ ਅਖੰਡਪਾਠਾਂ : 75280-13135

ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਨੂੰ ਹਲਕਾ ਅਟਾਰੀ ਦੇ ਹਰ ਘਰ ਤਕ ਪਹੁੰਚਾਇਆ ਜਾਵੇਗਾ–ਜਥੇ. ਗੁਲਜ਼ਾਰ ਸਿੰਘ ਰਣੀਕੇ

 

ਅੰਮ੍ਰਿਤਸਰ, 2 ਜੁਲਾਈ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵਲੋਂ ਪੰਜਾਬ ਦੇ ਸਰਹੱਦੀ ਪਿੰਡਾਂ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਅਤੇ ਬੱਚਿਆਂ ਨੂੰ ਆਪਣੇ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੋਂ ਜਾਣੂੰ ਕਰਵਾਉਣ ਲਈ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ੁਰੂ ਕੀਤੀ ਧਰਮ ਪ੍ਰਚਾਰ ਲਹਿਰ ਤਹਿਤ ਹਲਕਾ ਅਟਾਰੀ ਦੇ ਛੇ ਪਿੰਡਾਂ ‘ਚ ੧੫ ਦਿਨਾਂ ਗੁਰਮਤਿ ਸਿਖਲਾਈ ਕੈਂਪ ਸਫ਼ਲਤਾਪੂਰਵਕ ਸਰਹੱਦੀ ਪਿੰਡ ਅਚਿੰਤਕੋਟ ਨਜ਼ਦੀਕ ਅਟਾਰੀ ਵਿਖੇ ਸੰਪੂਰਣ ਹੋਇਆ। ਗੁਰਮਤਿ ਸਿਖਲਾਈ ਕੈਂਪ ਦੇ ਅੱਜ ਆਖ਼ਰੀ ਦਿਨ ਇਲਾਕੇ ਭਰ ਦੇ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਅਤੇ ਬੱਚਿਆਂ ਦਾ ਧਾਰਮਿਕ ਪ੍ਰੋਗਰਾਮ ਸਰਹੱਦੀ ਪਿੰਡ ਅਚਿੰਤਕੋਟ ਦੇ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ।

ਇਸ ਕੈਂਪ ਵਿਚ ਸਰਹੱਦੀ ਹਲਕਾ ਅਟਾਰੀ ਦੇ ਪਿੰਡ ਅਚਿੰਤਕੋਟ, ਘਰਿੰਡਾ, ਘਰਿੰਡੀ, ਕਾਉਂਕੇ, ਭਡਿਆਰ, ਰਣਗੜ ਅਤੇ ਰਣੀਕੇ ਵਿਖੇ ਲਗਾਏ ਗਏ ਕੈਪਾਂ ਵਿੱਚ ੫੦੦ ਦੇ ਕਰੀਬ ਬੱਚਿਆਂ ਨੂੰ ਗੁਰਬਾਣੀ, ਗੁਰ-ਇਤਿਹਾਸ, ਸਿੱਖ-ਇਤਿਹਾਸ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਜਾਣਕਾਰੀ ਵੱਖ-ਵੱਖ ਪਿੰਡਾਂ ਵਿਚ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ ਭਾਈ ਸੁਖਵੰਤ ਸਿੰਘ ਸਭਰਾ, ਭਾਈ ਲਵਲਪ੍ਰੀਤ ਸਿੰਘ, ਭਾਈ ਬਲਵਿੰਦਰ ਸਿੰਘ ਝਬਾਲ ਵੱਲੋਂ ਪਹੁੰਚ ਕੇ ਦਿੱਤੀ ਗਈ। ੧੫ ਦਿਨਾਂ ਗੁਰਮਤਿ ਸਿਖਲਾਈ ਕੈਂਪ ਦੌਰਾਨ ਵੱਖ-ਵੱਖ ਪਿੰਡਾਂ ਵਿਚ ਬੱਚਿਆਂ ਨੂੰ ਦਿੱਤੇ ਧਾਰਮਿਕ ਵਿਸ਼ਿਆ ‘ਤੇ ਮੁਕਾਬਲੇ ਅੱਜ ਕੈਂਪ ਦੀ ਸਮਾਪਤੀ ਦੌਰਾਨ ਕਰਵਾਏ ਗਏ, ਜਿਸ ਵਿੱਚ ਬੱਚਿਆ ਨੇ ਕਵਿਤਾਵਾਂ, ਕਵੀਸ਼ਰੀ ਅਤੇ ਧਾਰਮਿਕ ਲੈਕਚਰ ਦਿੱਤੇ ਤੇ ਦਸਤਾਰ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਅੱਵਲ ਆਏ ਬੱਚਿਆ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਰਟੀਫ਼ਿਕੇਟ, ਮੈਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਬਾਬਾ ਨਿਰਮਲ ਸਿੰਘ ਨੌਸ਼ਿਹਰਾਢਾਲਾ, ਜਥੇ: ਮਗਵਿੰਦਰ ਸਿੰਘ ਖਾਪੜਖੇੜੀ, ਬਾਬਾ ਗੁਰਪਿੰਦਰ ਸਿੰਘ ਵਡਾਲਾ, ਮੀਤ ਸਕੱਤਰ ਗੁਰਮੀਤ ਸਿੰਘ ਬੁੱਟਰ, ਜਥੇ: ਹਰਦਰਬੀਰ ਸਿੰਘ ਸ਼ਾਹ,  ਨੇ ਸਾਂਝੇ ਤੌਰ ‘ਤੇ ਬੱਚਿਆਂ ਨੂੰ ਸਨਮਾਨਿਤ ਕੀਤਾ।

ਸੰਗਤਾਂ ਨੂੰ ਸੰਬੋਧਨ ਕਰਦਿਆਂ ਸ. ਰਣੀਕੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਹਲਕਾ ਅਟਾਰੀ ਦੇ ਸਰਹੱਦੀ ਪਿੰਡਾਂ ਵਿਚ ਗੁਰਮਤਿ ਕੈਂਪ ਲਗਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਵੱਲੋਂ ਸਰਹੱਦੀ ਪਿੰਡਾਂ ਵਿੱਚ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸਕ ਵਿਰਸੇ ਨਾਲ ਜੋੜਨ ਲਈ ਅਤੇ ਨੌਜਵਾਨਾਂ ਨੂੰ ਸਿੱਖ ਵਿਰਸੇ ਬਾਰੇ ਜਾਣਕਾਰੀ ਦੇਣ ਲਈ ਲਗਾਏ ਗੁਰਮਤਿ ਸਿਖਲਾਈ ਕੈਂਪ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਲਹਿਰ ਨੂੰ ਹਲਕਾ ਅਟਾਰੀ ਦੇ ੫-੫ ਪਿੰਡਾਂ ਦੀ ਵੰਡ ਕਰਕੇ ਬੱਚਿਆਂ ਨੂੰ ਮੁੱਢ ਤੋਂ ਧਾਰਮਿਕ ਸਿੱਖਿਆਵਾਂ ਬਾਰੇ ਜਾਣੂੰ ਕਰਵਾਉਣ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਅੰਮ੍ਰਿਤ-ਸੰਚਾਰ ਲਹਿਰ ਵੀ ਆਰੰਭੀ ਜਾਵੇਗੀ। ਇਸ ਗੁਰਮਤਿ ਸਿਖਲਾਈ ਕੈਂਪ ਵਿਚ ਪੁੱਜੀਆਂ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਅਤੇ ਠੰਡੇ ਮਿੱਠੇ ਜਲ ਦੀ ਸੇਵਾ ਪਿੰਡ ਅਚਿੰਤਕੋਟ, ਘਰਿੰਡਾ, ਘਰਿੰਡੀ ਦੀਆਂ ਸੰਗਤਾਂ ਨੇ ਕੀਤੀ ਤੇ ਤਿੰਨੇ ਪਿੰਡਾਂ ਵੱਲੋਂ ਧਾਰਮਿਕ ਕੈਂਪ ਦੌਰਾਨ ਅਵੱਲ ਆਏ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਵਿਸ਼ੇਸ਼ ਤੌਰ ‘ਤੇ ਬੱਚਿਆਂ ਨੂੰ ਦੇ ਕੇ ਉਨ੍ਹਾਂ ਦਾ ਮਾਣ ਵਧਾਇਆ।

ਇਸ ਮੌਕੇ ਐਡਵੋਕੇਟ ਅਮਨਬੀਰ ਸਿੰਘ ਸਿਆਲੀ, ਸ. ਅਜਮੇਰ ਸਿੰਘ ਘਰਿੰਡੀ, ਸ. ਬਲਦੇਵ ਸਿੰਘ ਮੈਨੇਜਰ, ਪ੍ਰਧਾਨ ਅਜੀਤ ਸਿੰਘ ਹੁਸ਼ਿਆਰ ਨਗਰ, ਸ. ਜ਼ੋਰਾਵਰ ਸਿੰਘ ਅਚਿੰਤਕੋਟ, ਸ. ਬਲਜਿੰਦਰ ਸਿੰਘ ਅਚਿੰਤਕੋਟ, ਸ. ਸਰੂਪ ਸਿੰਘ ਅਚਿੰਤਕੋਟ, ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਸੁਖਵੰਤ ਸਿੰਘ ਸਭਰਾ, ਭਾਈ ਬਲਵਿੰਦਰ ਸਿੰਘ ਝਬਾਲ, ਸ. ਜਸਪਾਲ ਸਿੰਘ ਨੇਸ਼ਟਾ ਸਮੇਤ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।