ਅੰਮ੍ਰਿਤਸਰ, 29 ਜੁਲਾਈ 2017 :- ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ੍ਰੀ ਅੰਮ੍ਰਿਤਸਰ ਵੱਲੋਂ ਨਵੰਬਰ ੨੦੧੭ ਵਿਚ ਦਰਜਾ ਪਹਿਲਾ, ਦੂਜਾ ਅਤੇ ਜਨਵਰੀ ੨੦੧੮ ਵਿਚ ਦਰਜਾ ਤੀਜਾ, ਚੌਥਾ ਦੀ ਪੂਰੇ ਭਾਰਤ ਵਿੱਚ ਹੋਣ ਵਾਲੀ ਧਾਰਮਿਕ ਪ੍ਰੀਖਿਆ ਬਾਰੇ ਸ. ਸੁਖਦੇਵ ਸਿੰਘ ਭੂਰਾ ਕੋਹਨਾ ਐਡੀ: ਸਕੱਤਰ ਧਰਮ ਪ੍ਰਚਾਰ ਕਮੇਟੀ ਸ੍ਰੀ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਸਮੂਹ ਸਕੂਲਾਂ/ਕਾਲਜਾਂ ਦੇ ਮੁਖੀ ਸਹਿਬਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ। ਧਾਰਮਿਕ ਪ੍ਰੀਖਿਆ ਦੇ ਦਾਖ਼ਲਾ ਫਾਰਮ ਧਾਰਮਿਕ ਪ੍ਰੀਖਿਆ ਵਿਭਾਗ ਤੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ। ਧਾਰਮਿਕ ਪ੍ਰੀਖਿਆ ਦਾ ਸਿਲੇਬਸ ਤੇ ਦਾਖਲਾ ਫਾਰਮ (ਦਰਜਾ ਪਹਿਲਾ, ਦੂਜਾ, ਤੀਜਾ ਤੇ ਚੌਥਾ) ਸ਼੍ਰੋਮਣੀ ਗੁ: ਪ੍ਰ: ਕਮੇਟੀ ਦੇ ਵੈਬ-ਸਾਈਟ ਾ.ਸਗਪਚ.ਨeਟ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਪ੍ਰੀਖਿਆ ਵਿਚ ਛੇਵੀਂ ਕਲਾਸ ਤੋਂ ਲੈ ਕੇ ਪੋਸਟ ਗ੍ਰੈਜੂਏਸ਼ਨ ਕਲਾਸ ਦੇ ਰੈਗੂਲਰ ਵਿਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਪਹਿਲੇ, ਦੂਜੇ ਦਰਜੇ ਦੀ ਦਾਖਲਾ ਫਾਰਮ ਭਰਨ ਦੀ ਅੰਤਿਮ ਮਿਤੀ ੩੧ ਅਗਸਤ ੨੦੧੭ ਅਤੇ ਤੀਜੇ, ਚੌਥੇ ਦਰਜੇ ਦੀ ੩੦ ਨਵੰਬਰ ੨੦੧੭ ਹੈ। ਦਾਖਲਾ ਫੀਸ ਦਰਜੇ ਵਾਰ ੫/-, ੧੦/-, ੧੫/- ਤੇ ੨੦/- ਰੁਪਏ ਹੈ। ਮੈਰਿਟ ਵਿਚ ਆਉਣ ਵਾਲੇ ਵਿਦਿਆਰਥੀਆਂ ਨੂੰ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਦਰਜੇ ਵਿਚ ਕ੍ਰਮਵਾਰ ੧੧੦੦/-, ੨੧੦੦/-, ੩੧੦੦/- ਅਤੇ ੪੧੦੦/- ਰੁਪਏ ਵਜ਼ੀਫੇ ਦੇ ਤੌਰ ‘ਤੇ ਦਿੱਤੇ ਜਾਂਦੇ ਹਨ। ਸਾਰੇ ਦਰਜਿਆਂ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ ਪੁਰ ਆਉਣ ਵਾਲੇ ਵਿਦਿਆਰਥੀਆਂ ਨੂੰ ਉਕਤ ਵਜ਼ੀਫੇ ਤੋਂ ਇਲਾਵਾ ਕ੍ਰਮਵਾਰ ੫੧੦੦/-, ੪੧੦੦/- ਅਤੇ ੩੧੦੦/- ਰੁਪਏ ਵਿਸ਼ੇਸ ਸਨਮਾਨ ਦਿੱਤੇ ਜਾਂਦੇ ਹਨ। ਇਸ ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ੦੧੮੩-੨੫੫੩੯੫੬-੬੦ (ਐਕਸ. ੩੦੫) ਅਤੇ ੯੮੧੪੮-੯੮੭੯੭ ‘ਪੁਰ ਸੰਪਰਕ ਕੀਤਾ ਜਾ ਸਕਦਾ ਹੈ।