ਅੰਮ੍ਰਿਤਸਰ ੦੬ ਅਪ੍ਰੈਲ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਰੱਖੇ ਜਾਣ ਵਾਲੇ ਪ੍ਰਚਾਰਕਾਂ ਦੀ ਇੰਟਰਵਿਊ ੧੧ ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਵਿਖੇ ਹੋਵੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਬੀਤੇ ਦਿਨੀਂ ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਕਾਂ ਦੀ ਭਰਤੀ ਲਈ ਦਰਖ਼ਾਸਤਾਂ ਮੰਗੀਆਂ ਸਨ। ਉਨ੍ਹਾਂ ਦੱਸਿਆ ਕਿ ਰੱਖੇ ਜਾਣ ਵਾਲੇ ਪ੍ਰਚਾਰਕਾਂ ਦੀ ਇੰਟਰਵਿਊ ਪਹਿਲਾਂ ੧੦ ਅਪ੍ਰੈਲ ਨੂੰ ਧਰਮ ਪ੍ਰਚਾਰ ਕਮੇਟੀ ਦੇ ਉਪ ਦਫ਼ਤਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਰੱਖੀ ਗਈ ਸੀ, ਜੋ ਹੁਣ ਕੁਝ ਕਾਰਨਾਂ ਕਰਕੇ ੧੧ ਅਪ੍ਰੈਲ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਦਫ਼ਤਰ ਵੱਲੋਂ ੧੦ ਅਪ੍ਰੈਲ ਲਈ ਪੱਤ੍ਰਿਕਾਵਾਂ ਜਾਰੀ ਕੀਤੀਆਂ ਗਈਆਂ ਸਨ ਉਹ ਹੁਣ ੧੦ ਅਪ੍ਰੈਲ ਦੀ ਬਜਾਏ ੧੧ ਅਪ੍ਰੈਲ ਨੂੰ ਸਵੇਰੇ ੯:੦੦ ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਇੰਟਰਵਿਊ ਲਈ ਪਹੁੰਚਣ।
ਇਸੇ ਦੌਰਾਨ ਸ. ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ-ਵੱਖ ਸਕੂਲਾਂ ਵਿਚ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ਼ ਦੀਆਂ ਅਸਾਮੀਆਂ ਵੀ ਕੱਢੀਆਂ ਗਈਆਂ ਹਨ, ਜਿਨ੍ਹਾਂ ਲਈ ੧੬ ਅਪ੍ਰੈਲ ਤੀਕ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸਾਮੀਆਂ ਸਬੰਧੀ ਸ਼੍ਰੋਮਣੀ ਕਮੇਟੀ ਦੇ ਡਾਇਰੈਕਟੋਰੇਟ ਸਿੱਖਿਆ ਦੀ ਵੈਬਸਾਈਟ ਤੋਂ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।