ਅੰਮ੍ਰਿਤਸਰ, 10 ਸਤੰਬਰ – ਭਾਈ ਘਨ੍ਹੱਈਆ ਜੀ ਦੀ 300 ਸਾਲਾ ਬਰਸੀ ਨੂੰ ਸਮਰਪਿਤ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਨੂੰ ਫਸਟ ਏਡ ਸਬੰਧੀ ਜਾਗਰੂਕ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਭਾਈ ਘਨ੍ਹੱਈਆ ਜੀ ਚੈਰਿਟੀ ਐਂਡ ਪੀਸ ਇੰਟਰਨੈਸ਼ਨਲ ਫਾਊਂਡੇਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ ਦੋ ਦਿਨਾ ਟ੍ਰੇਨਿੰਗ ਕੈਂਪ ਅੱਜ ਇਥੇ ਭਾਈ ਗੁਰਦਾਸ ਹਾਲ ਵਿਖੇ ਆਰੰਭ ਹੋਇਆ। ਇਸ ਕੈਂਪ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 29 ਸਕੂਲਾਂ ਨਾਲ ਸਬੰਧਤ 5-5 ਵਿਦਿਆਰਥੀਆਂ ਨੇ ਹਿੱਸਾ ਲਿਆ। ਕੈਂਪ ਦੀ ਆਰੰਭਤਾ ਸਮੇਂ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਭਗਵੰਤ ਸਿੰਘ ਸਿਆਲਕਾ, ਇੰਡੀਅਨ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਸ੍ਰੀ ਕੇ.ਕੇ. ਸੈਣੀ, ਧਰਮ ਪ੍ਰਚਾਰ ਕਮੇਟੀ ਦੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ ਸਮੇਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਆਦਿ ਮੌਜੂਦ ਸਨ। ਇਸ ਮੌਕੇ ਆਪਣੇ ਸੰਬੋਧਨ ਵਿਚ ਅੰਤ੍ਰਿੰਗ ਕਮੇਟੀ ਮੈਂਬਰ ਸ. ਭਗਵੰਤ ਸਿੰਘ ਸਿਆਲਕਾ ਨੇ ਆਖਿਆ ਕਿ ਭਾਈ ਘਨ੍ਹੱਈਆ ਜੀ ਨੇ ਮਨੁੱਖਤਾ ਦੀ ਸੇਵਾ ਕਰਦਿਆਂ ਇਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਈ ਘਨ੍ਹੱਈਆ ਜੀ ਦਾ ਮਿਸ਼ਨ ਸਮੁੱਚੀ ਮਨੁੱਖਤਾ ਨੂੰ ਪਿਆਰ ਕਰਨਾ ਸੀ ਅਤੇ ਅੱਜ ਇਸ ਗੱਲ ਦੀ ਵੱਡੀ ਲੋੜ ਹੈ ਕਿ ਉਨ੍ਹਾਂ ਵੱਲੋਂ ਦਰਸਾਏ ਮਾਰਗ ਨੂੰ ਪ੍ਰਚਾਰਿਆ ਜਾਵੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਹਾਦਸਿਆਂ ਮੌਕੇ ਮੁੱਢਲੀ ਸਹਾਇਤਾ ਸਬੰਧੀ ਜਾਗਰੂਕ ਕਰਨ ਲਈ ਕੈਂਪਾਂ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਦੀ ਸ਼ੁਰੂਆਤ ਬੀਤੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਤੋਂ ਕੀਤੀ ਗਈ ਸੀ ਅਤੇ ਇਸੇ ਲੜੀ ਤਹਿਤ ਅੱਜ ਦੂਸਰਾ ਕੈਂਪ ਆਯੋਜਿਤ ਕੀਤਾ ਗਿਆ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਕੈਂਪ ਤੋਂ ਵਿਦਿਆਰਥੀ ਲਾਹਾ ਲੈ ਕੇ ਮਨੁੱਖਤਾ ਦੀ ਸਹਾਇਤਾ ਲਈ ਕਾਰਜ ਕਰਨਗੇ। ਇਸ ਮੌਕੇ ਰੈੱਡ ਕਰਾਸ ਸੁਸਾਇਟੀ ਦੇ ਮੈਂਬਰ ਸ੍ਰੀ ਕੇ.ਕੇ. ਸੈਣੀ ਨੇ ਦੱਸਿਆ ਕਿ ਸੜਕ ਹਾਦਸਿਆਂ ਦੌਰਾਨ ਮੁੱਢਲੀ ਸਹਾਇਤਾ ਦਾ ਵੱਡਾ ਮਹੱਤਵ ਹੈ ਅਤੇ ਇਸ ਸਬੰਧ ਵਿਚ ਜਾਗਰੂਕਤਾ ਫੈਲਾਉਣ ਲਈ ਅਜਿਹੇ ਕੈਂਪ ਲਗਾਏ ਜਾਂਦੇ ਹਨ। ਉਨ੍ਹਾਂ ਨੇ ਕੈਂਪ ਵਿਚ ਹਾਜ਼ਰ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਥੋਂ ਮੁੱਢਲੀ ਸਹਾਇਤਾ ਸਬੰਧੀ ਪ੍ਰਾਪਤ ਕੀਤੀ ਜਾਣਕਾਰੀ ਨੂੰ ਅੱਗੇ ਵੀ ਫੈਲਾਉਣ। ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਅਤੇ ਅਧਿਕਾਰੀਆਂ ਦਾ ਮੁੱਢਲੀ ਸਹਾਇਤਾ ਸਬੰਧੀ ਕੈਂਪ ਲਗਾਉਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਮੀਤ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਪ੍ਰਿੰਸੀਪਲ ਡਾ. ਬਲਜਿੰਦਰ ਸਿੰਘ, ਚੇਅਰਮੈਨ ਸ. ਮਨਜੀਤ ਸਿੰਘ, ਪ੍ਰਿੰਸੀਪਲ ਤਰਨਜੀਤ ਸਿੰਘ, ਸ. ਬਹਾਦਰ ਸਿੰਘ ਸੁਨੇਤ, ਸ. ਸਤਪਾਲ ਸਿੰਘ ਸਿਦਕੀ ਸਮੇਤ ਹੋਰ ਮੌਜੂਦ ਸਨ।