ਅੰਮ੍ਰਿਤਸਰ, 14 ਜੂਨ ( ) – ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਰਹਿਨੁਮਾਈ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਹਾਕੀ ਅਕੈਡਮੀਆਂ ਵਿਚ ਗੁਰਸਿੱਖ ਬੱਚਿਆਂ ਦੀ ਚੋਣ ਲਈ ਅੱਜ ਪੀ.ਏ.ਪੀ. ਹਾਕੀ ਸਟੇਡੀਅਮ ਜਲੰਧਰ ਵਿਖੇ ਟਰਾਇਲ ਲਏ ਗਏ। ਟਰਾਇਲ ਦੇਣ ਲਈ ਪੰਜਾਬ ਭਰ ’ਚੋਂ 267 ਬੱਚਿਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚ 224 ਲੜਕੇ ਅਤੇ 43 ਲੜਕੀਆਂ ਸਨ। ਇਨ੍ਹਾਂ ਵਿੱਚੋਂ 44 ਲੜਕੇ ਅਤੇ 6 ਲੜਕੀਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਦੇ ਫਾਈਨਲ ਟਰਾਇਲ ਲਏ ਜਾਣਗੇ। ਖਿਡਾਰੀਆਂ ਦੀ ਚੋਣ ਲਈ ਸ. ਹਰਦੀਪ ਸਿੰਘ ਗਰੇਵਾਲ ਉਲੰਪੀਅਨ, ਸ੍ਰੀ ਗੁਣਦੀਪ ਕੁਮਾਰ ਉਲੰਪੀਅਨ ਇੰਚਾਰਜ ਪੰਜਾਬ ਐਂਡ ਸਿੰਧ ਬੈਂਕ ਹਾਕੀ ਅਕੈਡਮੀ, ਸ. ਬਲਦੇਵ ਸਿੰਘ ਉਲੰਪੀਅਨ ਦਰੋਣਾਚਰੀਆ ਐਵਾਰਡੀ, ਸ. ਸੁਖਬੀਰ ਸਿੰਘ ਗਰੇਵਾਲ ਡਾਇਰੈਕਟਰ ਸਪੋਰਟਸ ਟਰੇਨਿੰਗ ਪੰਜਾਬ ਸਟੇਟ ਇੰਸਟੀਚਿਊਟ ਆਫ ਸਪੋਰਟਸ, ਸ. ਹਰਬੰਸ ਸਿੰਘ ਇੰਟਰਨੈਸ਼ਨਲ ਗਰੇਡ-1 ਅੰਪਾਇਰ ਸਾਬਕਾ ਜ਼ਿਲ੍ਹਾ ਖੇਡ ਅਫਸਰ ਨੇ ਮੁੱਖ ਭੂਮਿਕਾ ਨਿਭਾਈ।
ਦੱਸਣਾ ਬਣਦਾ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਹਾਕੀ ਅਕੈਡਮੀਆਂ ਫ਼ਰੀਦਕੋਟ ਵਿਖੇ ਅੰਡਰ 14, ਸ੍ਰੀ ਫ਼ਤਹਿਗੜ੍ਹ ਸਾਹਿਬ ਅੰਡਰ 17 ਅਤੇ ਬਾਬਾ ਬਕਾਲਾ ਸਾਹਿਬ ਲਈ ਅੰਡਰ 19 ਵਿਚ ਸਾਬਤ ਸੂਰਤ ਲੜਕੇ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਲਈ ਅੰਡਰ 14, 17 ਅਤੇ 19 ਕੇਵਲ ਲੜਕੀਆਂ ਦੀ ਚੋਣ ਕੀਤੀ ਜਾਣੀ ਹੈ। ਇਹ ਵੀ ਜ਼ਿਕਰਯੋਗ ਹੈ ਕਿ ਚੁਣੇ ਜਾਣ ਵਾਲੇ ਖਿਡਾਰਿਆਂ ਨੂੰ ਰਿਹਾਇਸ਼, ਖਾਣਾ, ਪੜ੍ਹਾਈ, ਟਰੇਨਿੰਗ, ਸਪੋਰਟਸ ਕਿੱਟਾਂ ਆਦਿ ਸਮਾਨ ਮੁਫ਼ਤ ਦਿੱਤਾ ਜਾਵੇਗਾ।
ਟਰਾਇਲ ਲਏ ਜਾਣ ਸਮੇਂ ਸ਼੍ਰੋਮਣੀ ਕਮੇਟੀ ਦੇ ਐਡੀਸ਼ਨਲ ਸਕੱਤਰ ਸ. ਸੁਖਦੇਵ ਸਿੰਘ ਭੂਰਾ ਕੋਹਨਾ, ਮੀਤ ਸਕੱਤਰ ਸ. ਚਾਨਣ ਸਿੰਘ, ਡਾਇਰੈਕਟਰ ਸਪੋਰਟਸ ਬੀਬੀ ਪਰਮਿੰਦਰ ਕੌਰ ਰੰਧਾਵਾ, ਸ. ਸਤਿੰਦਰ ਸਿੰਘ ਮੈਨੇਜਰ ਗੁਰਦੁਅਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ, ਸ. ਸਰਬਜੀਤ ਸਿੰਘ ਐਡੀਸ਼ਨਲ ਮੈਨੇਜਰ, ਸ. ਬਲਦੇਵ ਸਿੰਘ ਕੋਚ, ਸ. ਪ੍ਰੇਮ ਸਿੰਘ ਕੋਚ, ਸ. ਭੁਪਿੰਦਰ ਸਿੰਘ ਕੋਚ ਅਤੇ ਸ. ਪ੍ਰਕਾਸ਼ ਸਿੰਘ ਕੋਚ ਆਦਿ ਹਾਜ਼ਰ ਸਨ।