ਗੁਰਮਤਿ ਕੈਂਪ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਲਈ ਵੱਡੀ ਭੂਮਿਕਾ ਨਿਭਾਉਂਦੇ ਹਨ –ਪ੍ਰੋ: ਕਿਰਪਾਲ ਸਿੰਘ ਬਡੂੰਗਰ
ਹਲਕੇ ਅੰਦਰ ਬੱਚਿਆਂ ਨੂੰ ਧਰਮ ਨਾਲ ਜੋੜਨ ਲਈ ਹਰ ਸਾਲ ਗੁਰਮਤਿ ਕੈਂਪ ਜਾਰੀ ਰਹਿਣਗੇ –ਗੁਰਪ੍ਰੀਤ ਸਿੰਘ ਝੱਬਰ
ਮਾਨਸਾ, ੦੪ ਜੁਲਾਈ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਲਕਾ ਜੋਗਾ ਤੋਂ ਨੌਜੁਆਨ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਦੇ ਉਪਰਾਲੇ ਨਾਲ ਹਲਕੇ ਦੇ ੬੦ ਪਿੰਡਾਂ ਅੰਦਰ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਹਿਤ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਪਿਛਲੇ ਇਕ ਮਹੀਨੇ ਤੋਂ ਲਗਾਇਆ ਗਿਆ ‘ਗੁਰਮਤਿ ਕੈਂਪ’ ਅੱਜ ਗੁਰਦੁਆਰਾ ਭਾਈ ਬਹਿਲੋ ਜੀ, ਫਫੜੇ ਭਾਈ ਕੇ ਵਿਖੇ ਕਰਵਾਏ ਗਏ ਵਿਸ਼ਾਲ ਸਨਮਾਨ ਸਮਾਗਮ ਨਾਲ ਸਮਾਪਤ ਹੋਇਆ। ਇਸ ਸਮਾਗਮ ਵਿਚ ਹਲਕੇ ਦੇ ਪਿੰਡਾਂ ਵਿਚੋਂ ਉਨ੍ਹਾਂ ੩੨੦੦ ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ ਜਿਨ੍ਹਾਂ ਨੂੰ ਪਿਛਲੇ ਇੱਕ ਮਹੀਨੇ ਤੋਂ ਗੁਰਬਾਣੀ, ਗੁਰ-ਇਤਿਹਾਸ, ਰਹਿਤ ਮਰਯਾਦਾ ਅਤੇ ਗੁਰਮਤਿ ਫਿਲਾਸਫੀ ਦੀ ਜਾਣਕਾਰੀ ਦਿੱਤੀ ਗਈ ਸੀ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਜਿਥੇ ਕੈਂਪ ਦੌਰਾਨ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਉਥੇ ਹੀ ਉਨ੍ਹਾਂ ਨੇ ਆਪਣੇ ਸੰਬੋਧਨ ਵਿਚ ਸ. ਗੁਰਪ੍ਰੀਤ ਸਿੰਘ ਝੱਬਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰੋ: ਬਡੂੰਗਰ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਨੂੰ ਗੁਰਮਤਿ ਸੱਭਿਆਚਾਰ ਨਾਲ ਜੋੜਨ ਲਈ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਸ਼ੇਸ਼ ਤੌਰ ‘ਤੇ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਚਿਆਂ ਅਤੇ ਨੌਜੁਆਨਾਂ ਨੂੰ ਆਪਣੇ ਮਹਾਨ ਵਿਰਸੇ ਨਾਲ ਜੋੜਨ ਲਈ ਲਗਾਤਾਰ ਕਾਰਜਸ਼ੀਲ ਹੈ ਅਤੇ ਇਸੇ ਤਹਿਤ ਹੀ ਗੁਰਮਤਿ ਪ੍ਰਚਾਰ ਲਈ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਵਾਲੇ ਗ੍ਰੰਥੀ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਦੇਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਅਨੁਸਾਰ ੨੫ ਬੱਚਿਆਂ ਤਕ ਦੇ ਗਰੁੱਪ ਗੁਰਬਾਣੀ ਕੰਠ ਕਰਾਉਣ ਵਾਲੇ ਗ੍ਰੰਥੀ ਸਿੰਘ ਨੂੰ ੫੦੦/- ਰੁਪਏ ਅਤੇ ੫੦ ਬੱਚਿਆਂ ਤਕ ਦੇ ਗਰੁੱਪ ਲਈ ੧੦੦੦/- ਰੁਪਏ ਸੇਵਾ ਫਲ ਵਜੋਂ ਦਿੱਤੇ ਜਾਣਗੇ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਨੈਤਿਕ ਅਤੇ ਸਦਾਚਾਰਕ ਸਿੱਖਿਆ ਵੱਲ ਰੁਚਿਤ ਕਰਨ ਲਈ ਅੱਗੇ ਆਉਣ ਤਾਂ ਜੋ ਬੱਚਿਆਂ ਰੂਪੀ ਸਿੱਖੀ ਦੀ ਫੁਲਵਾੜੀ ਸਦਾ ਮਹਿਕਦੀ ਰਹੇ।
ਇਸ ਮੌਕੇ ਕੈਂਪ ਦੇ ਪ੍ਰਬੰਧਕ ਤੇ ਹਲਕਾ ਮੈਂਬਰ ਸ਼੍ਰੋਮਣੀ ਕਮੇਟੀ ਸ. ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਪਿਛਲੇ ਸਾਲ ਤੋਂ ਸ਼ੁਰੂ ਕੀਤੇ ਗਏ ਕੈਂਪ ਦੇ ਦੂਸਰੇ ਸਾਲ ਵੀ ਹਲਕੇ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਭਰਪੂਰ ਉਤਸ਼ਾਹ ਦਿਖਾਇਆ ਹੈ ਜਿਸ ਲਈ ਉਹ ਹਲਕਾ ਨਿਵਾਸੀਆਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਹਲਕੇ ਅੰਦਰ ਆਉਂਦੇ ਹਰ ਪਿੰਡ ਤੇ ਹਰ ਘਰ ਤਕ ਪਹੁੰਚ ਕਰ ਕੇ ਸਿੱਖੀ ਪ੍ਰਚਾਰ ਪ੍ਰਤੀ ਲੱਗੀ ਸੇਵਾ ਨੂੰ ਇਸੇ ਤਰ੍ਹਾਂ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ ਅਤੇ ਬੱਚਿਆਂ ਦੇ ਇਹ ਕੈਂਪ ਅੱਗੋ ਵੀ ਲਗਾਤਾਰ ਹਰ ਸਾਲ ਆਯੋਜਿਤ ਕਰਦੇ ਰਹਿਣਗੇ ਤਾਂ ਜੋ ਬੱਚਿਆਂ ਨੂੰ ਆਪਣੇ ਵਿਰਸੇ ਪ੍ਰਤੀ ਜਾਣਕਾਰੀ ਨਾਲ ਜੋੜਿਆ ਜਾ ਸਕੇ। ਉਨ੍ਹਾਂ ਹਲਕੇ ਦੇ ਸਮੂਹ ਗ੍ਰੰਥੀ ਸਿੰਘਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿਨ੍ਹਾਂ ਨੇ ਬੱਚਿਆਂ ਨੂੰ ਲਗਾਤਾਰ ਇਕ ਮਹੀਨਾ ਗੁਰਬਾਣੀ ਤੇ ਇਤਿਹਾਸ ਦੀ ਜਾਣਕਾਰੀ ਦਿੱਤੀ। ਸ. ਝੱਬਰ ਨੇ ਕੈਂਪ ਦੇ ਸਨਮਾਨ ਸਮਾਗਮ ਮੌਕੇ ਉਚੇਚੇ ਤੌਰ ‘ਤੇ ਪੁੱਜਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਦਾ ਵੀ ਧੰਨਵਾਦ ਕੀਤਾ। ਸ. ਝੱਬਰ ਨੇ ਦੱਸਿਆ ਕਿ ਅੱਜ ਵੱਖ-ਵੱਖ ਪਿੰਡਾਂ ਦੇ ਕੈਂਪਾਂ ਦੌਰਾਨ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ੫੪੦ ਬੱਚਿਆਂ ਦਾ ਲਿਖਤੀ ਟੈਸਟ ਲਿਆ ਗਿਆ, ਜਿਸ ਦੇ ਤਿੰਨ ਦਰਜਿਆਂ ਵਿਚੋਂ ਅੱਵਲ ਆਏ ੯ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਢਾਡੀ ਭਾਈ ਤਰਸੇਮ ਸਿੰਘ ਤੇ ਭਾਈ ਹਰਭਜਨ ਸਿੰਘ ਜੋਸ਼ ਵੱਲੋਂ ਗੁਰਮਤਿ ਵਿਚਾਰਾਂ ਤੇ ਗੁਰ ਇਤਿਹਾਸ ਸਾਂਝਾ ਕੀਤਾ ਗਿਆ। ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ. ਗੁਰਪ੍ਰੀਤ ਸਿੰਘ ਝੱਬਰ ਅਤੇ ਹੋਰ ਮੈਂਬਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕੈਂਪ ਦੌਰਾਨ ਸੇਵਾਵਾਂ ਨਿਭਾਉਣ ਵਾਲੇ ਗ੍ਰੰਥੀ ਸਿੰਘਾਂ ਅਤੇ ਕੈਂਪ ਵਿਚ ਸ਼ਾਮਲ ਸਮੂਹ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਜਗਸੀਰ ਸਿੰਘ ਮਾਂਗੇਆਣਾ, ਸ. ਮੋਹਣ ਸਿੰਘ ਬੰਗੀ, ਸ. ਮੇਜਰ ਸਿੰਘ ਢਿੱਲੋਂ, ਸ. ਹਰਬੰਸ ਸਿੰਘ ਦਾਤੇਵਾਸ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਸੁਖਵਿੰਦਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਿੱਜੀ ਸਹਾਇਕ ਸ. ਭਗਵੰਤ ਸਿੰਘ ਧੰਗੇੜਾ, ਮੈਨੇਜਰ ਸ. ਸੁਮੇਰ ਸਿੰਘ, ਸ. ਚਰਨ ਸਿੰਘ, ਸ. ਜਗਜੀਤ ਸਿੰਘ ਤੇ ਸ. ਸਿੰਘ, ਸ. ਮਹਿੰਦਰ ਸਿੰਘ ਚਹਾਣਕੇ, ਸ. ਗੁਰਜੀਤ ਸਿੰਘ, ਸ. ਗੁਰਮੇਲ ਸਿੰਘ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ. ਗੁਰਸੇਵਕ ਸਿੰਘ ਜਵਾਹਰਕੇ, ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਬਲਬੀਰ ਕੌਰ, ਬੀਬੀ ਸਿਮਰਜੀਤ ਕੌਰ ਸਿੰਮੀ, ਸ. ਸਵਰਨ ਸਿੰਘ ਹੀਰੇਵਾਲਾ ਜ਼ਿਲ੍ਹਾ ਪ੍ਰਧਾਨ, ਸ. ਗੁਰਜੰਟ ਸਿੰਘ ਮੀਤ ਪ੍ਰਧਾਨ ਲੋਕਲ ਕਮੇਟੀ, ਸ. ਮਲਕੀਤ ਸਿੰਘ, ਸ. ਸੁਖਮਿੰਦਰ ਸਿੰਘ, ਸ. ਦਿਲਬਾਗ ਸਿੰਘ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।